ਚੰਡੀਗੜ੍ਹ, 31 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਅਜ ਕਿਹਾ ਕਿ ਪਾਰਟੀ ਕਾਂਗਰਸ ਵਲੋਂ ਗਰਮਖ਼ਿਆਲੀ ਗੁਟਾਂ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ ਦੁਆਰਾ ਸਿਖ ਪੰਥ ਅਤੇ ਪੰਜਾਬ ਲਈ ਪਾਏ ਯੋਗਦਾਨ ਨੂੰ ਛੁਟਿਆਉਣ ਲਈ ਰਚੀ ਸਾਜ਼ਿਸ਼ ਵਿਰੁਧ ਇਕਜੁਟਤਾ ਨਾਲ ਲੜੇਗੀ।ਸਭ ਤੋਂ ਲੰਬਾ ਸਮਾਂ ਵਿਧਾਇਕ ਅਤੇ ਪੰਜ ਵਾਰ ਮੁਖ ਮੰਤਰੀ ਰਹਿ ਚੁਕੇ ਸਰਦਾਰ ਬਾਦਲ ਦੇ ਅਕਸ ਨੂੰ ਖਰਾਬ ਕਰਨ ਦੀਆਂ ਤਾਜ਼ੀਆਂ ਕੋਸ਼ਿਸ਼ਾਂ ਬਾਰੇ ਟਿਪਣੀ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂਆਂ ਸਰਦਾਰ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ ਅਤੇ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸਿਖ ਪੰਥ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਸਾਬਕਾ ਮੁਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਖ਼ਿਲਾਫ ਵੈਰ-ਭਾਵਨਾ ਅਤੇ ਕੂੜ-ਪ੍ਰਚਾਰ ਵਾਲੀ ਮੁਹਿੰਮ ਚਲਾ ਕੇ ਆਪਣੀ ਪਾੜੋ ਤੇ ਰਾਜ ਕਰੋ ਦੀ ਪੁਰਾਣੀ ਨੀਤੀ ਤਹਿਤ ਸਿਖਾਂ ਵਿਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਸੇਵਾ ਵਾਸਤੇ 16 ਵਾਰ ਜੇਲ੍ਹ ਜਾ ਚੁਕੀ ਇਕ ਅਜਿਹੀ ਉਚੀ ਸਖ਼ਸ਼ੀਅਤ ਉਤੇ ਉਂਗਲੀ ਉਠਾਉਣ ਦੀ ਬਜਾਇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਦਸਣਾ ਚਾਹੀਦਾ ਹੈ ਕਿ ਆਪਰੇਸ਼ਨ ਬਲਿਊ ਸਟਾਰ ਮੌਕੇ ਉਹ ਕੇਂਦਰ ਨਾਲ ਕਿਉਂ ਗਲਬਾਤ ਕਰ ਰਿਹਾ ਸੀ। ਮੁਖ ਮੰਤਰੀ ਨੇ ਇਹ ਵੀ ਸਪਸ਼ਟ ਕਰ ਦਿਤਾ ਹੈ ਕਿ ਸਰਦਾਰ ਬਾਦਲ ਉਸ ਦੇ ਜਾਲ ਵਿਚ ਨਹੀਂ ਸੀ ਆਏ ਅਤੇ ਉਹ ਉਸ ਨਾਲ ਦਿਲੀ ਨਹੀਂ ਸੀ ਗਏ।ਸੀਨੀਅਰ ਆਗੂਆਂ ਨੇ ਕਿਹਾ ਕਿ ਇਹ ਗਲ ਰਿਕਾਰਡ ਉਤੇ ਪਈ ਹੈ ਕਿ ਇਥੋਂ ਤਕ ਕਿ ਪਖਪਾਤੀ ਅਤੇ ਸਿਆਸੀ ਤੌਰ ਤੇ ਪ੍ਰੇਰਿਤ ਰਣਜੀਤ ਸਿੰਘ ਕਮਿਸ਼ਨ, ਜਿਸ ਨੂੰ ਅਕਾਲੀ ਦਲ ਵਲੋਂ ਰਦ ਕੀਤਾ ਜਾ ਚੁਕਿਆ ਹੈ, ਆਪਣੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਰਦਾਰ ਬਾਦਲ ਨੂੰ ਦੋਸ਼ੀ ਨਹੀਂ ਠਹਿਰਾ ਸਕਿਆ।