ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਕੀਤੀ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ

ਮਾਮਲਾ ਜੇਲ੍ਹਾਂ ਵਿੱਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਦਾ
image ਅੰਮ੍ਰਿਤਸਰ, 14 ਮਾਰਚ (ਮਨਿੰਦਰ ਸਿੰਘ ਗੋਰੀ)-ਅਦਾਲਤੀ ਸਜਾਵਾਂ ਭੁਗਤਣ ਦੇ ਬਾਵਜੂਦ ਵੀ ਜੇਲ੍ਹਾਂ ਵਿਚ ਨਜਰਬੰਦ ਸਿੰਘਾਂ ਦੀ ਰਿਹਾਈ ਲਈ 44 ਦਿਨ ਭੁੱਖ ਹੜਤਾਲ ਤੇ ਬੈਠਣ ਵਾਲੇ ਭਾਈ ਗੁਰਬਖਸ਼ ਸਿੰਘ ਖਾਲਸਾ ਅੱਜ ਗਿਆਨੀ ਗੁਰਬਚਨ ਸਿੰਘ ਲਈ ਇਹ ਮੰਗ ਰੱਖਕੇ  ਇਕ ਨਵਾਂ ਧਰਮ ਸੰਕਟ ਖੜਾ ਕਰ ਦਿੱਤਾ ਕਿ ਜਥੇਦਾਰ ਜੀ ਭਾਈ ਖਾਲਸਾ ਦੀ ਇਕ ਮੁਲਾਕਾਤ ਮੁਖ ਮੰਤਰੀ ਪੰਜਾਬ ਸ੍ਰ ਪਰਕਾਸ਼ ਸਿੰਘ ਬਾਦਲ ਨਾਲ ਕਰਵਾ ਦੇਣ ਤਾਂ ਜੋ ਸਿੰਘਾਂ ਦੀ ਰਿਹਾਈ ਲਈ ਕੀਤੇ ਗਏ ਯਤਨਾਂ ਬਾਰੇ ਜਾਣਕਾਰੀ ਲਈ ਜਾ ਸਕੇ । ਭਾਈ ਗੁਰਬਖਸ਼ ਸਿੰਘ ਨੇ ਅੱਜ ਇਥੇ ਕਨੇਡਾ ਤੋਂ ਆਏ ਇਕ ਤਿੰਨ ਮੈਂਬਰੀ ਸਿੱਖ ਵਫਦ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ  ਗਿਆਨੀ ਗੁਰਬਚਨ ਸਿੰਘ  ਨਾਲ ਮੁਲਾਕਾਤ ਕਰਦਿਆਂ ਜੇਲ੍ਹ ਵਿਚ ਬੰਦ ਸਿੰਘਾਂ

ਦੀ ਰਿਹਾਈ ਬਾਰੇ ਜਥੇਦਾਰ ਜੀ ਵਲੋਂ ਦਿਵਾਏ ਭਰੋਸੇ ਦੇ ਸੰਦਰਭ ਵਿਚ ਗਲਬਾਤ ਕੀਤੀ । ਭਾਈ ਗੁਰਬਖਸ਼ ਸਿੰਘ ਨੇ ਗਿਆਨੀ ਗੁਰਬਚਨ ਸਿੰਘ ਨੂੰ ਦੱਸਿਆ ਕਿ ਕਨੇਡਾ ਦੇ ਵੱਖ ਵੱਖ ਗੁਰਦੁਆਰਾ ਸਾਹਿਬ ਅਤੇ ਸੰਸਥਾਵਾਂ ਦਾ ਇਕ ਤਿੰਨ ਮੈਂਬਰੀ ਵਫਦ ਸਮੁਚੇ ਮਾਮਲੇ ਬਾਰੇ ਜਾਣਕਾਰੀ ਹਾਸਿਲ ਕਰਨ ਆਇਆ ਹੈ ਇਸ ਲਈ ਗਿਆਨੀ ਜੀ ਆਪਣੇ ਤੌਰ ਤੇ ਵਫਦ ਦੀ ਇਕ ਮੁਲਾਕਾਤ ਮੁਖ ਮੰਤਰੀ ਪੰਜਾਬ ਸ੍ਰ ਪਰਕਾਸ਼ ਸਿੰਘ ਬਾਦਲ ਨਾਲ ਕਰਵਾ ਦੇਣ  ਤਾਂ ਜੋ ਸਿੰਘਾਂ ਦੀ ਰਿਹਾਈ ਲਈ ਕੀਤੇ ਗਏ ਯਤਨਾਂ ਬਾਰੇ ਜਾਣਕਾਰੀ ਲਈ ਜਾ ਸਕੇ ।ਭਾਈ ਗੁਰਬਖਸ਼ ਸਿੰਘ ਤੇ ਵਫਦ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਗਿਆਨੀ ਗੁਰਬਚਨ ਸਿੰਘ ,ਸ੍ਰ ਬਾਦਲ ਨਾਲ ਉਨ੍ਹਾਂ ਦੀ ਮੁਲਾਕਾਤ ਨਾ ਕਰਵਾ ਸਕੇ ਤਾਂ ਉਹ ਆਪਣੇ ਪੱਧਰ ਤੇ ਉਪਰਾਲਾ ਜਰੂਰ ਕਰਨਗੇ ।ਕੋਈ ਇਕ ਘੰਟਾ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਨ ਬਾਅਦ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਰੰਭਿਆ ਸੰਘਰਸ਼ ਅਜੇ ਖਤਮ ਨਹੀ ਹੋਇਆ। ਉਨ੍ਹਾ ਦੱਸਿਆ ਕਿ ਉਨ੍ਹਾ ਦੀ ਹੜਤਾਲ ਖਤਮ ਕਰਾਉਣ ਲਈ ਇਕੱਲੇ ਗਿਆਨੀ ਗੁਰਬਚਨ ਸਿੰਘ ਹੀ ਨਹੀ ਬਲਕਿ ਦੇਸ਼ ਵਿਦੇਸ਼ ਦੀ ਸੰਗਤ ਦੀ ਚਿੰਤਾ ਸ਼ਾਮਿਲ ਸੀ । ਉਨ੍ਹਂਾਂ ਕਿਹਾ ਕਿ  ਗਿਆਨੀ ਗੁਰਬਚਨ ਸਿੰਘ ਨੇ ਯਕੀਨ ਜਰੂਰ ਦਿਵਾਇਆ ਸੀ ਕਿ ਉਹ ਜੇਲ੍ਹਾਂ ਵਿਚ ਬੰਦੀ ਸਿੰਘਾ ਦੀ ਰਿਹਾਈ ਜਰੂਰ ਕਰਾਉਣਗੇ ਸੋ ਇਸੇ ਸਬੰਦ ਵਿਚ ਅੱਜ ਉਹ ਗਿਆਨੀ ਗੁਰਬਚਨ ਸਿੰਘ ਪਾਸੋਂ ਸਮਾਂ ਲੈਕੇ ਮਿਲਣ ਆਏ ਹਨ।ਸਿੰਘ ਸਾਹਿਬ ਨੇ ਯਕੀਨ ਦਿਵਾਇਆ ਹੈ ਕਿ ਸਿੰਘਾਂ ਦੀ ਰਿਹਾਈ ਲਈ ਕਾਨੂੰਨੀ ਪ੍ਰਕ੍ਰਿਆ ਚਲ ਰਹੀ ਹੈ । ਇਕ ਸਵਾਲ ਦੇ ਜਵਾਬ ਵਿਚ ਭਾਈ ਖਾਲਸਾ ਨੇ ਕਿਹਾ ਕਿ 4 ਅਪ੍ਰੈਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਕੇਸ ਦੀ ਸੁਣਵਾਈ ਵੀ ਹੈ ਤਦ ਤੀਕ ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਆਪਣਾ ਪੱਖ ਰੱਖਣਾ ਹੈ ,ਸਚਾਈ ਸਾਹਮਣੇ ਆ ਹੀ ਜਾਵੇਗੀ । ਇਕ ਹੋਰ ਸਵਾਲ ਦੇ ਜਵਾਬ ਵਿਚ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਉਹ ਕਿਸੇ ਦਾ ਨਾਮ ਹੀ ਲੈ ਸਕਦੇ ਲੇਕਿਨ ਉਨ੍ਹਾ ਦੀ ਭੁਖਹੜਤਾਲ ਖਤਮ ਕਰਾਉਣ ਪਿੱਛੇ ਸੰਗਤ ਦਾ ਇਹੀ ਕਹਿਣਾ ਸੀ ਕਿ ਪਹਿਲਾਂ ਸਿਹਤ ਜਰੂਰੀ ਹੈ ।ਜਦ ਉਨ੍ਹਾ ਨੂੰ ਇਹ ਪੁਛਿਆ ਗਿਆ ਕਿ ਪੰਥਕ ਸੇਵਾ ਲਹਿਰ ਦੇ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠਲਾ ਇਕ ਵਫਦ ਤਾਂ ਸਿੰਘਾ ਦੀ ਰਿਹਾਈ ਦੇ ਮਾਮਲੇ ਵਿਚ ਰਿਹਾਈ ਤੋਂ ਪੈਰੋਲ ਤੀਕ ਦੇ ਸਫਰ ਲਈ ਗਿਆਨੀ ਗੁਰਬਚਨ ਸਿੰਘ ਅਤੇ ਭਾਈ ਖਾਲਸਾ ਦੀ ਪੰਜ ਮੈਂਬਰੀ ਸਲਾਹਕਾਰ ਕਮੇਟੀ ਦੀ ਜਵਾਬਦੇਹੀ ਮੰਗ ਕੇ ਗਏ ਹਨ ਤਾਂ ਭਾਈ ਗੁਰਬਖਸ ਸਿੰਘ ਨੇ ਕਿਹਾ ‘ਪੰਜ ਮੈਂਬਰੀ ਕਮੇਟੀ ਅਜੇ ਵੀ ਮੇਰੇ ਨਾਲ ਹੈ ,ਬਾਕੀ ਸਿੰਘਾਂ ਦੀ ਰਿਹਾਈ ਲਈ ਯਤਨਸ਼ਲ ਹਰ ਸਿੱਖ ਅਤੇ ਸੰਸਥਾ ਨੂੰ ਜੀ ਆਇਆ ਤੇ ਧੰਨਵਾਦਿ ਵੀ ਹੈ ।ਇਸਤੋਂ ਪਹਿਲਾਂ ਭਾਈ ਗੁਰਬਖਸ਼ ਸਿੰਘ ਤੇ ਕਨੇਡਾ ਤੋਂ ਆਏ ਸਿੰਘ ,ਭਾਈ ਨਵਜੀਤ ਸਿੰਘ ,ਰਣਧੀਰ ਸਿੰਘ ਤੇ ਗੁਰਦੀਪ ਸਿੰਘ ਬਾਰ ਬਾਰ ਗਿਆਨੀ ਗੁਰਬਚਨ ਸਿੰਘ ਨੂੰ ਇਹੀ ਕਹਿੰਦੇ ਰਹੇ ਕਿ ਸ੍ਰ ਪਰਕਾਸ਼ ਸਿੰਘ ਬਾਦਲ ਦੀ ਇਸ ਵਫਦ ਨਾਲ ਮੁਲਾਕਾਤ ਜਰੂਰ ਕਰਵਾ ਦਿੱਤੀ ਜਾਵੇ ਤੇ ਗਿਆਨੀ ਗੁਰਬਚਨ ਸਿੰਘ ਵੀ ਇਹੀ ਕਹਿੰਦੇ ਰਹੇ ਉਹ ਜਰੂਰ ਕੋਸ਼ਿਸ਼ ਕਰਨਗੇ।

Send this to a friend