ਮਾਲਵਿੰਦਰ ਸਿੰਘ ਮੁੜ ਕਾਂਗਰਸ ਵਿੱਚ ਸ਼ਾਮਿਲ

image ਚੰਡੀਗੜ੍ਹ, 14 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਮਾਲਵਿੰਦਰ ਸਿੰਘ ਅੱਜ ਫਿਰ ਤੋਂ ਕਾਂਗਰਸ ਵਿਚ ਸ਼ਾਮਿਲ ਹੋ ਗਏ। ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਮਾਲਵਿੰਦਰ ਸਿੰਘ ਦੀ ਕਾਂਗਰਸ ਵਿਚ ਵਾਪਸੀ ਦਾ ਐਲਾਨ ਕੀਤਾ। ਮਾਲਵਿੰਦਰ ਸਿੰਘ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਬਣਦਾ ਮਾਨ-ਸਨਮਾਨ

ਦੇਵੇਗੀ। ਦੋਨਾਂ ਭਰਾਵਾਂ ਨੇ ਆਪਣੇ ਗਿਲੇ-ਸ਼ਿਕਵਿਆਂ ਨੂੰ ਭੁਲਾ ਕੇ ਇਕ-ਦੂਸਰੇ ਨੂੰ ਗਲ ਲਾਇਆ। ਇਸ ਮੌਕੇ ਆਪਣੀ ਵਾਪਸੀ ਨੂੰ ਜਾਇਜ਼ ਠਹਿਰਾਉਂਦਿਆਂ ਮਾਲਵਿੰਦਰ ਸਿੰਘ ਨੇ ਕਿਹਾ ਕਿ ਉਹ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ

ਕਿ ਮੈਂ ਸ਼੍ਰੋਮਣੀ ਅਕਾਲੀ ਦਲ ਵਿਚ ਜਾ ਕੇ ਬਹੁਤ ਵੱਡੀ ਭੁੱਲ ਕੀਤੀ ਸੀ, ਪਰ ਹੁਣ ਮੈਂ ਇਸ ਭੁੱਲ ਨੂੰ ਸੁਧਾਰ ਕੇ ਆਪਣੇ ਘਰ ਵਿਚ ਵਾਪਸ ਆ ਗਿਆ ਹਾਂ। ਉਨ੍ਹਾਂ ਕਿਹਾ ਕਿ ਉਹ ਪਟਿਆਲਾ ਤੋਂ ਲੋਕ ਸਭਾ ਚੋਣ ਲੜ ਰਹੀ ਆਪਣੀ ਭਰਜਾਈ ਮਹਾਰਾਣੀ ਪ੍ਰਨੀਤ ਕੌਰ ਨੂੰ ਜਿਤਾਉਣ ਲਈ ਦਿਨ ਰਾਤ ਇਕ ਕਰ ਦੇਣਗੇ।
ਜ਼ਿਕਰਯੋਗ ਹੈ ਕਿ ਮਾਲਵਿੰਦਰ ਸਿੰਘ ਦੋ ਸਾਲ ਪਹਿਲਾਂ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਸਨ, ਪਰ ਅਕਾਲੀ ਦਲ ਵਿੱਚ ਵਿਸਾਰੇ ਜਾਣ ਤੋਂ ਬਾਅਦ ਉਹਨਾਂ ਨੇ ਮੁੜ ਤੋਂ ਕਾਂਗਰਸ ਦਾ ਪੱਲਾ ਫੜਿਆ ਹੈ।

Send this to a friend