April 30, 2026 5:55 am

ਸਰਦੂਲਗੜ੍ਹ ਦੇ 296 ਐਸ.ਸੀ. ਤੇ ਬੀ.ਸੀ. ਕਰਜ਼ਦਾਰਾਂ ਨੂੰ 1 ਕਰੋੜ 29 ਲੱਖ ਰੁਪਏ ਦੇ ਕਰਜ਼ਾ ਮੁਆਫ਼ੀ ਪ੍ਰਮਾਣ ਪੱਤਰ ਸੌਂਪੇ

ਮਾਨਸਾ, 24 ਅਗਸਤ (ਵਕੀਲ ਬਾਂਸਲ)- ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ 50,000 ਰੁਪਏ ਤਕ ਦੇ ਕਰਜ਼ਦਾਰਾਂ ਨੂੰ ਰਾਹਤ ਦੇਣ ਦੀ ਲੜੀ ਤਹਿਤ ਅਜ ਸਥਾਨਕ ਡਾ. ਬੀ.ਆਰ. ਅੰਬੇਦਕਰ ਭਵਨ ਵਿਖੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸ੍ਰੀ ਬਿਕਰਮਜੀਤ ਸਿੰਘ ਮੋਫ਼ਰ ਨੇ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ 296 ਕਰਜ਼ਦਾਰਾਂ ਨੂੰ 1 ਕਰੋੜ 29 ਲਖ ਰੁਪਏ ਦੇ ਕਰਜ਼ਾ ਰਾਹਤ ਪ੍ਰਮਾਣ ਪਤਰ ਸੌਂਪੇ।ਕਰਜ਼ਾ ਰਾਹਤ ਪ੍ਰਮਾਣ ਪਤਰ ਵੰਡ ਸਮਾਰੋਹ ਦੌਰਾਨ ਇਕਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਸਾਰੂ ਸੋਚ ਸਦਕਾ ਜ਼ਿਲ੍ਹਾ ਮਾਨਸਾ ਦੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ 50,000 ਰੁਪਏ ਤਕ ਦੇ ਕਰਜ਼ੇ ਵਾਲੇ 861 ਲਾਭਪਾਤਰੀਆਂ ਦੇ ਕਰੀਬ 3 ਕਰੋੜ 44 ਲਖ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ। ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬਧ ਹੈ ਅਤੇ ਲੋਕਾਂ ਦੀ ਭਲਾਈ ਲਈ ਹਰ ਹੰਭਲਾ ਮਾਰਿਆ ਜਾਵੇਗਾ।ਉਨ੍ਹਾਂ ਉਚੇਚੇ ਤੌਰ ‘ਤੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿਤ ਕਾਰਪੋਰੇਸ਼ਨ ਦੇ 50 ਹਜ਼ਾਰ ਰੁਪਏ ਤਕ ਦੇ ਕਰਜ਼ੇ ਵਾਲੇ 14260 ਕਰਜ਼ਦਾਰਾਂ ਦੇ 45.41 ਕਰੋੜ ਰੁਪਏ ਦੇ ਕਰਜ਼ੇ ਅਤੇ ਪੰਜਾਬ ਪਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿਤ ਕਾਰਪੋਰੇਸ਼ਨ ਦੇ 1630 ਕਰਜ਼ਦਾਰਾਂ ਦੇ 6.59 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਜਾ ਚੁਕੇ ਹਨ।ਸ੍ਰੀ ਮੋਫਰ ਨੇ ਕਿਹਾ ਕਿ ਸੂਬੇ ਦੇ ਅਨੁਸੂਚਿਤ ਜਾਤੀ ਵਰਗ ਦੇ ਨੌਜਵਾਨਾਂ ਨੂੰ ਆਮਦਨ ਵਧਾਊ ਕੰਮਾਂ ਲਈ ਵਿਤੀ ਸਹਾਇਤਾ ਦੇ ਕੇ ਉਨ੍ਹਾਂ ਨੂੰ ਸਵੈ-ਨਿਰਭਰ ਬਣਾਉਣ ਲਈ ਪੰਜਾਬ ਸਰਕਾਰ ਨੇ ਇਸ ਵਰ੍ਹੇ ਦੌਰਾਨ ਅਨੁਸੂਚਿਤ ਜਾਤੀਆਂ ਦੇ 6400 ਨੌਜਵਾਨਾਂ ਨੂੰ ਆਪਣੇ ਰੁਜ਼ਗਾਰ ਸ਼ੁਰੂ ਕਰਨ ਲਈ ਵਖ-ਵਖ ਭਲਾਈ ਸਕੀਮਾਂ ਤਹਿਤ ਕਰਜ਼ੇ ਦੇਣ ਦਾ ਟੀਚਾ ਮਿਥਿਆ ਹੈ ਅਤੇ ਸਰਕਾਰ ਨੇ ਇਸ ਮਕਸਦ ਲਈ 24 ਕਰੋੜ ਰੁਪਏ ਰਾਖਵੇਂ ਰਖੇ ਹਨ। ਸੂਬੇ ਦੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਨੌਜਵਾਨਾਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ ਸਰਕਾਰ ਭਲਾਈ ਸਕੀਮਾਂ ਦਾ ਲਾਭ ਉਠਾਉਣ ਦਾ ਸਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਨੌਜਵਾਨਾਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ ਸਿਧਾ ਕਰਜ਼ਾ ਸਕੀਮ, ਬੈਂਕ ਟਾਈ ਅਪ ਸਕੀਮ, ਸੈਲਫ਼ ਇੰਪਲਾਈਮੈਂਟ ਸਕੀਮ ਫ਼ਾਰ ਰਿਹੈਬੀਲੀਟੇਸ਼ਨ ਆਫ਼ ਮੈਨੂਅਲ ਸਕਵੈਂਜਰਜ਼ ਆਦਿ ਤੋਂ ਇਲਾਵਾ ਕੇਂਦਰੀ ਦੀਆਂ ਭਾਈਵਾਲ ਕਰਜ਼ਾ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਰ ਵਰਗ ਦੇ ਕਿਸਾਨਾਂ ਨੂੰ ਕਰਜ਼ਾ ਰਾਹਤ ਦੇਣ ਦੀ ਸਕੀਮ ਜ਼ੋਰਾਂ-ਸ਼ੋਰਾਂ ਨਾਲ ਚਲਾਈ ਜਾ ਰਹੀ ਹੈ। ਇਸ ਸਕੀਮ ਦੀ ਸ਼ੁਰੂਆਤ ਲਈ ਸਰਕਾਰ ਨੇ ਉਚੇਚੇ ਤੌਰ ‘ਤੇ ਜ਼ਿਲ੍ਹਾ ਮਾਨਸਾ ਨੂੰ ਹੀ ਚੁਣਿਆ ਸੀ ਅਤੇ ਹੁਣ ਤਕ ਸਰਕਾਰ ਵਲੋਂ ਸੂਬੇ ਦੇ 3 ਲਖ ਤੋਂ ਵਧ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਚੁਕੇ ਹਨ।ਸਮਾਗਮ ਦੌਰਾਨ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿਤ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਸ੍ਰੀ ਕਮਲਪ੍ਰੀਤ ਸਿੰਘ, ਸਹਾਇਕ ਜ਼ਿਲ੍ਹਾ ਮੈਨੇਜਰ ਬਲਜਿੰਦਰ ਸਿੰਘ, ਪੰਜਾਬ ਪਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿਤ ਕਾਰਪੋਰੇਸ਼ਨ ਦੇ ਜ਼ਿਲ੍ਹਾ ਫ਼ੀਲਡ ਅਫ਼ਸਰ ਸ੍ਰੀ ਅਮਰਿੰਦਰ ਸਿੰਘ, ਜ਼ਿਲ੍ਹਾ ਭਲਾਈ ਅਫ਼ਸਰ ਸ੍ਰੀ ਜਗਸੀਰ ਸਿੰਘ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਪੋਲੋਜੀਤ ਬਾਜੇਵਾਲਾ, ਲੋਕ ਸਭਾ ਹਲਕਾ ਬਠਿੰਡਾ ਦੇ ਯੂਥ ਕਾਂਗਰਸ ਪ੍ਰਧਾਨ ਸ੍ਰੀ ਜਗਸੀਰ ਸਿੰਘ ਮੀਰਪੁਰ, ਸ਼ਹਿਰੀ ਪ੍ਰਧਾਨ ਮਾਨਸਾ ਸ੍ਰੀ ਸੁਰੇਸ਼ ਨੰਦਗੜ੍ਹੀਆ ਅਤੇ ਕਾਂਗਰਸੀ ਆਗੂ ਸ੍ਰੀ ਜਗਤਾਰ ਸਿੰਘ ਭੁਲੇਰੀਆ ਤੇ ਸ੍ਰੀ ਸੰਦੀਪ ਮੋਫ਼ਰ ਅਤੇ ਸਰਪੰਚ ਗੁਰਦੀਪ ਸਿੰਘ ਆਦਿ ਹਾਜ਼ਰ ਸਨ।

Send this to a friend