April 29, 2026 11:42 pm

ਸਰਕਾਰ ਤੇ ਪ੍ਰਸ਼ਾਸਨ ਦੀ ਤਾਲਮੇਲ ਕਮੀ ਕਾਰਨ ਡੂੰਘੀ ਹੋ ਰਹੀ ਆਵਾਰਾ ਡੰਗਰਾਂ ਦੀ ਸਮੱਸਿਆ : ਅਮਰਜੀਤ ਸਿੰਘ ਸੰਦੋਆ

ਰੂਪਨਗਰ, 23 ਅਗਸਤ (ਲਾਡੀ ਖਾਬੜਾ)- ਰੂਪਨਗਰ ਤੋਂ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਆਪਸੀ ਤਾਲਮੇਲ ਦੀ ਕਮੀ ਕਾਰਨ ਆਵਾਰਾ ਡੰਗਰਾਂ ਖ਼ਾਸ ਕਰਕੇ( ਗਊਆਂ, ਸਾਨ੍ਹਾਂ )ਦੀ ਸਮਸਿਆ ਹਲ ਹੋਣ ਦੀ ਬਜਾਏ ਦਿਨੋਂ ਦਿਨ ਡੂੰਘੀ ਹੁੰਦੀ ਜਾ ਰਹੀ ਹੈ । ਆਪ ਵਿਧਾਇਕ ਨੇ ਕਿਹਾ ਕਿ ਪਿਛਲੇ ਵਿਧਾਨ ਸਭਾ ਸੈਸ਼ਨ ਵਿਚ ਇਹ ਮੁਦਾ ਉਠਾਇਆ ਸੀ ਜਿਸ ਦੇ ਪ੍ਰਤੀਕਰਮ ਵਜੋਂ ਖ਼ੁਦ ਮੁਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਆਵਾਰਾ ਘੁੰਮ ਰਹੇ ਡੰਗਰਾਂ ਨੂੰ ਇਕ ਜਗ੍ਹਾ ਇਕਠੇ ਕਰਕੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਵਾਸਤੇ ਸਬੰਧਤ ਮਹਿਕਮਿਆਂ ਨੂੰ ਲਗਾਤਾਰ ਗ੍ਰਾਂਟਾਂ ਦਿਤੀਆਂ ਜਾ ਰਹੀਆਂ ਹਨ । ਜਦੋਂ ਕਿ ਮਹਿਕਮੇ ਦੇ ਅਫਸਰ ਕਹਿ ਰਹੇ ਹਨ ਕਿ ਸਾਨੂੰ ਤਾਂ ਤਨਖ਼ਾਹਾਂ ਸਮੇਂ ਸਿਰ ਨਹੀਂ ਮਿਲ ਰਹੀਆਂ ਗ੍ਰਾਂਟਾਂ ਤਾਂ ਵਾਅਦਿਆਂ ਦੀ ਘੁੰਮਣ ਘੇਰੀ ਵਿਚ ਹੀ ਫਸੀਆਂ ਹੋਈਆਂ ਹਨ। ਸੰਦੋਆ ਨੇ ਕਿਹਾ ਕਿ ਅਜ ਸ਼ਹਿਰ ਵਿਚ ਜਿਥੇ ਆਵਾਰਾ ਡੰਗਰ ਲੋਕਾਂ ਦੀ ਸਿਰਦਰਦੀ ਬਣੇ ਹੋਏ ਹਨ ਉਪਰੋਂ ਰੋਪੜ ਸ਼ਹਿਰ ਦੀ ਕੋਈ ਵੀ ਸਟਰੀਟ ਲਾਈਟ ਨਹੀਂ ਚਲ ਰਹੀ ਜਿਸ ਕਾਰਨ ਇਨ੍ਹਾਂ ਆਵਾਰਾ ਗਊਆਂ ਦੇ ਨਾਲ ਐਕਸੀਡੈਂਟ ਹੋਣ ਦਾ ਖਤਰਾ ਹੋਰ ਵੀ ਵਧ ਜਾਂਦਾ ਗਿਆ ਹੈ । ਇਸ ਤੋਂ ਇਲਾਵਾ ਹਾਈਵੇਅ ਤੋਂ ਲੈ ਕੇ ਲਿੰਕ ਸੜਕਾਂ ਤਕ ਵੀ ਆਵਾਜਾਈ ਦੇ ਵਿਚ ਇਹ ਅਕਸਰ ਹਾਦਸਿਆਂ ਦਾ ਸਬਬ ਬਣਦੇ ਹਨ । ਪਰ ਸਭ ਤੋਂ ਵਧ ਨੁਕਸਾਨ ਪਿੰਡਾਂ ਦੇ ਵਿਚ ਕਿਸਾਨਾਂ ਨੂੰ ਝਲਣਾ ਪੈ ਰਿਹਾ ਹੈ ।ਕਿਉਂਕਿ ਆਵਾਰਾ ਗਊਆਂ ਦਾ ਝੁੰਡ ਜਿਧਰੋਂ ਵੀ ਲੰਘ ਜਾਂਦਾ ਹੈ ਫ਼ਸਲ ਦੀ ਤਬਾਹੀ ਕਰਦਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਸਬੰਧਿਤ ਮਹਿਕਮਿਆਂ ਨਾਲ ਗਲਬਾਤ ਕਰਕੇ ਇਸ ਸਮਸਿਆ ਦਾ ਹਲ ਕਢਣ ਦੀ ਕੋਸ਼ਿਸ਼ ਵਿਚ ਲਗਾ ਹੋਇਆ ਹਾਂ । ਨਹੀਂ ਤਾਂ 15 ਸਤੰਬਰ ਤੋਂ ਹਲਕੇ ਦੇ ਕਿਸਾਨਾਂ ਨਾਲ ਮੀਟਿੰਗ ਕਰਕੇ ਇਸ ਸਮਸਿਆ ਨਾਲ ਨਜਿਠਣ ਲਈ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ । ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਸਰਪ੍ਰਸਤ ਭਾਗ ਸਿੰਘ ਮਦਾਨ, ਜ਼ਿਲ੍ਹਾ ਜੁਆਇੰਟ ਸਕਤਰ ਬਲਵਿੰਦਰ ਸਿੰਘ ਸੈਣੀ, ਜ਼ਿਲ੍ਹਾ ਮੀਡੀਆ ਇੰਚਾਰਜ ਰਣਜੀਤ ਸਿੰਘ ਪਤਿਆਲਾ, ਪਾਰਟੀ ਆਗੂ ਪਰਮਿੰਦਰ ਸਿੰਘ ਸ਼ਾਮਪੁਰੀ ਅਤੇ ਸ਼ਿੰਗਾਰਾ ਸਿੰਘ ਹਾਜ਼ਰ ਸਨ ।

Send this to a friend