ਭਾਰਤ ’ਚ ਸਿੱਧੂ ਨੂੰ ਨਿਸ਼ਾਨਾ ਬਣਾ ਰਹੇ ਲੋਕ ਅਮਨ ਨੂੰ ਪਹੁੰਚਾ ਰਹੇ ਨੇ ਨੁਕਸਾਨ
ਇਸਲਾਮਾਬਾਦ, 21 ਅਗਸਤ- ਪਾਕਿਸਤਾਨ ਦੌਰੇ ਨੂੰ ਲੈ ਕੇ ਭਾਰਤ ‘ਚ ਵਿਵਾਦਾਂ ’ਚ ਘਿਰੇ ਕਾਂਗਰਸ ਨੇਤਾ ਨਵਜੋਤ ਸਿੰਘ ਸਿਧੂ ਦੇ ਬਚਾਅ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਉਤਰ ਆਏ ਹਨ। ਇਮਰਾਨ ਖਾਨ ਨੇ ਸਹੁੰ ਚੁਕ ਸਮਾਗਮ ‘ਚ ਸ਼ਾਮਲ ਹੋਣ ਪਾਕਿਸਤਾਨ ਆਏ ਸਿਧੂ ਦਾ ਧੰਨਵਾਦ ਕੀਤਾ। ਇਸ ਦੇ ਇਲਾਵਾ ਉਨ੍ਹਾਂ ਨੇ ਇਸ ਨੂੰ ਲੈ ਕੇ ਹੋ ਰਹੀ ਸਿਧੂ ਦੀ ਅਲੋਚਨਾ ਦੀ ਨਿੰਦਾ ਕੀਤੀ। ਇਸ ਸਬੰਧੀ ਇਮਰਾਨ ਖਾਨ ਨੇ ਟਵਿਟਰ ਨੇ ਟਵੀਟ ਕਰਦਿਆ ਕਿਹਾ ਕਿ ਮੇਰੇ ਸਹੁੰ ਚੁਕ ਸਮਾਗਮ ‘ਚ ਸ਼ਾਮਲ ਹੋਣ ਲਈ ਆਏ ਸਿਧੂ ਦਾ ਧੰਨਵਾਦ। ਉਹ ਸ਼ਾਂਤੀ ਦੇ ਰਾਜਦੂਤ ਹਨ ਅਤੇ ਉਨ੍ਹਾਂ ਨੂੰ ਪਾਕਿਸਤਾਨ ਦੇ ਲੋਕਾਂ ਵਲੋਂ ਬਹੁਤ ਪਿਆਰ ਦਿਤਾ ਗਿਆ।ਇਸ ਦੇ ਨਾਲ ਹੀ ਇਮਰਾਨ ਨੇ ਕਿਹਾ ਕਿ ਭਾਰਤ ‘ਚ ਨਵਜੋਤ ਸਿੰਘ ਸਿਧੂ ਨੂੰ ਨਿਸ਼ਾਨਾ ਬਣਾ ਰਹੇ ਲੋਕ ਅਮਨ ਅਤੇ ਸਦਭਾਵਨਾ ਨੂੰ ਨੁਕਸਾਨ ਪਹੁੰਚਾ ਰਹੇ ਹਨ।ਉਨ੍ਹਾਂ ਕਿਹਾ ਕਿ ਬਿਨਾਂ ਸ਼ਾਂਤੀ ਸਥਾਪਿਤ ਕੀਤਿਆਂ ਲੋਕ ਵਿਕਾਸ ਨਹੀਂ ਕਰ ਸਕਦੇ। ਇਮਰਾਨ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਮਜ਼ਬੂਤ ਸਬੰਧ ਸਥਾਪਿਤ ਕਰਨ ਅਤੇ ਕਸ਼ਮੀਰ ਵਿਵਾਦ ਦਾ ਹਲ ਕਰਨ ਲਈ ਵਾਰਤਾ ’ਤੇ ਜੋਰ ਦਿਤਾ।ਗਰੀਬੀ ਦੂਰ ਕਰਨ ਅਤੇ ਉਪ ਮਹਾਂਦੀਪ ਵਿਚ ਜੀਵਨ ਪਧਰ ਨੂੰ ਉਪਰ ਚੁਕਣ ਦਾ ਸਭ ਤੋਂ ਬਿਹਤਰ ਰਾਸਤਾ ਗਲਬਾਤ ਰਾਹੀਂ ਸਾਡੇ ਮਤਭੇਦਾਂ ਨੂੰ ਸੁਲਝਾਉਣਾ ਅਤੇ ਵਪਾਰ ਸ਼ੁਰੂ ਕਰਨਾ ਹੈ।