April 26, 2026 6:07 pm

ਮੇਰੀ ਪਾਕਿਸਤਾਨ ਯਾਤਰਾ ਨਾਲ ਦੋਹਾਂ ਦੇਸ਼ਾਂ ਵਿਚਾਲੇ ਸੰਬੰਧਾਂ ਦੇ ਸੁਧਾਰ ਦੀ ਸੰਭਾਵਨਾ ਬਣੀ : ਸਿਧੂ

ਚੰਡੀਗੜ੍ਹ- ਨਵਜੋਤ ਸਿੰਘ ਸਿਧੂ ਨੇ ਚੰਡੀਗੜ੍ਹ ‘ਚ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ ‘ਚ ਆਈ ਨਵੀਂ ਸਿਆਸੀ ਤਬਦੀਲੀ ਤੋਂ ਅਜਿਹੀ ਆਸ ਵੀ ਰਖੀ ਜਾ ਸਕਦੀ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਦੋਹਾਂ ਦੇਸ਼ਾਂ ਵਿਚ ਚਲੇ ਆ ਰਹੇ ਤਣਾਅ ਨੂੰ ਮੁਕਤ ਕਰਨ ਲਈ ਸਹਾਈ ਹੋ ਸਕਦੀ ਹੈ। ਇਸ ਦੇ ਨਾਲ ਹੀ ਸਿਧੂ ਨੇ ਕਿਹਾ ਕਿ ਇਹ ਮੇਰਾ ਵਿਸ਼ਵਾਸ ਹੈ ਕਿ ਅਜ ਵੀ ਜੇ ਦੋਵੇਂ ਦੇਸ਼ ਆਪਸੀ ਮਸਲਿਆਂ ਨੂੰ ਮਿਲ-ਬੈਠ ਕੇ ਸੁਲਝਾ ਲੈਣ ਤਾਂ ਇਹ ਇਕ ਦੂਸਰੇ ਦੇ ਚੰਗੇ ਗੁਆਂਢੀ ਬਣ ਸਕਣ, ਵਪਾਰ ਅਤੇ ਹੋਰ ਖੇਤਰਾਂ ‘ਚ ਆਪਣਾ ਮਿਲਵਰਤਨ ਵਧਾ ਸਕਣ ਤਾਂ ਇਹ ਦਖਣੀ ਏਸ਼ੀਆ ਲਈ ਇਕ ਆਸ ਬੰਦ ਅਤੇ ਚੰਗਾ ਸੁਨੇਹਾ ਹੋਵੇਗਾ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿਧੂ ਨੇ ਪਾਕਿਸਤਾਨ ਦੇ ਆਰਮੀ ਚੀਫ਼ ਨੂੰ ਜਫੀਆਂ ਪਾਉਣ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਦੋਵਾਂ ਦੇਸ਼ਾਂ ‘ਚ ਅਮਨ ਸ਼ਾਂਤੀ ਲਈ ਜਫੀਆਂ ਅਤੇ ਦੋਸਤੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਬਿਨਾਂ ਬੁਲਾਏ ਤੋਂ ਜਾ ਸਕਦੇ ਹਨ ਤਾਂ ਉਨ੍ਹਾਂ ਦੇ ਪਾਕਿਸਤਾਨ ਜਾਣ ‘ਤੇ ਕਿੰਤੂ ਪ੍ਰੰਤੂ ਕਿਉਂ ਕੀਤੀ ਜਾ ਰਹੀ ਹੈ। ਪ੍ਰੈਸ ਕਾਨਫ਼ਰੰਸ ‘ਚ ਸਫ਼ਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਦੋਸਤੀ ਦੀ ਖ਼ਾਤਰ ਪਾਕਿਸਤਾਨ ਗਏ ਸਨ, ਜਦਕਿ ਪ੍ਰਧਾਨ ਮੰਤਰੀ ਮੋਦੀ ਬਿਨਾ ਕਿਸੇ ਆਗਿਆ ਦੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਘਰ ਗਏ ਸਨ। ਨਵਜੋਤ ਸਿੰਘ ਸਿਧੂ ਨੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਦਸ ਵਾਰ ਸਦਾ ਆਇਆ ਸੀ ਅਤੇ ਉਨ੍ਹਾਂ ਨੇ ਭਾਰਤ ਸਰਕਾਰ ਤੋਂ ਆਗਿਆ ਲਈ ਸੀ । ਪਾਕਿਸਤਾਨ ਅੰਬੈਸੀ ਤੋਂ ਵੀਜ਼ਾ ਮਿਲਣ ਤੋਂ ਬਾਅਦ ਹੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਖ਼ੁਦ ਮੈਨੂੰ ਰਾਤ ਨੂੰ ਫ਼ੋਨ ਕਰ ਕੇ ਕਿਹਾ ਸੀ ਕਿ ਤੁਹਾਨੂੰ ਪਾਕਿਸਤਾਨ ਜਾਣ ਦੀ ਆਗਿਆ ਦੇ ਦਿਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੇਰੀ ਪਾਕਿਸਤਾਨ ਯਾਤਰਾ ਚਰਚਾ ਦਾ ਵਿਸ਼ਾ ਬਣੀ, ਜਦਕਿ ਇਹ ਯਾਤਰਾ ਕੋਈ ਰਾਜਨੀਤਿਕ ਨਹੀਂ ਬਲਕਿ ਮਿਤਰ ਦਾ ਸਦਾ ਸੀ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਉਹ ਸ਼ਖ਼ਸ ਹੈ ਜੋ ਦੋਨਾਂ ਦੇਸ਼ਾਂ ਵਿਚਾਲੇ ਸੰਬੰਧਾਂ ਨੂੰ ਸੁਧਾਰ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਥੋਂ ਤਕ ਪਾਕਿ ਫ਼ੌਜ ਮੁਖੀ ਨੂੰ ਗਲੇ ਲਗਾਉਣ ਦੀ ਗਲ ਹੈ ਤਾਂ ਉਹ ਮੈਨੂੰ ਸਮਾਰੋਹ ‘ਚ ਗਰਮਜੋਸ਼ੀ ਨਾਲ ਮਿਲੇ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ‘ਤੇ ਕਰਤਾਰਪੁਰ ਬਾਰਡਰ ਖੋਲ੍ਹਣ ਦੀ ਸੋਚ ਰਹੇ ਹਨ।

Send this to a friend