ਰਾਮਪੁਰਾ ਫੂਲ, 21 ਅਗਸਤ (ਮਨਦੀਪ ਢੀਂਗਰਾ, ਮੱਖਣ ਬੁੱਟਰ)- ਨੇੜਲੇ ਪਿੰਡ ਢਿਪਾਲੀ ਦੀ ਕੈਂਸਰ ਪੀੜਿਤ ਇੱਕ ਔਰਤ ਨੇ ਨਹਿਰ ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰਮਜੀਤ ਕੌਰ (55) ਵਾਸੀ ਢਿਪਾਲੀ ਕੁੱਝ ਦਿਨ ਪਹਿਲਾ ਘਰੋਂ ਅਚਾਨਕ ਗਾਇਬ ਹੋ ਗਈ ਸੀ, ਦੀ ਲਾਸ਼ ਅੱਜ ਨੇੜਲੇ ਪਿੰਡ ਮਹਿਰਾਜ ਦੇ ਰਜਵਾਹੇ ਵਿੱਚੋ ਮਿਲੀ। ਜਿਸਨੂੰ ਸਹਾਰਾ ਗਰੁੱਪ ਪੰਜਾਬ ਦੇ ਵਰਕਰ ਸੁਨੀਲ ਕੁਮਾਰ ਤੇ ਰੁਪਿੰਦਰ ਸੋਢੀ ਨੇ ਨਹਿਰ ਵਿੱਚੋਂ ਬਾਹਰ ਕੱਢ ਕੇ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ। ਸਹਾਰਾ ਗਰੁੱਪ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਲਾਸ਼ ਬੁਰੀ ਤਰਾਂ ਗਲ ਚੁੱਕੀ ਸੀ ਜਿਸਦੀ ਪਹਿਚਾਣ ਨਹੀ ਆ ਰਹੀ ਸੀ ਤਾਂ ਥਾਣਾ ਸਿਟੀ ਰਾਮਪੁਰਾ ਤੋਂ ਪਤਾ ਲੱਗਾ ਕਿ ਇਹ ਔਰਤ ਪਿੰਡ ਢਿਪਾਲੀ ਦੀ ਹੈ ਜੋ ਪਿਛਲੇ ਲੰਬੇ ਸਮੇ ਤੋ ਕੈਂਸਰ ਦੀ ਬਿਮਾਰੀ ਨਾਲ ਪੀੜਤ ਸੀ ਅਤੇ ਉਸਨੇ ਆਪਣੀ ਬਿਮਾਰੀ ਤੋ ਤੰਗ ਆ ਕੇ ਪਿੰਡ ਢਿਪਾਲੀ ਵਿਖੇ 19 ਅਗਸਤ ਨੂੰ ਸਵੇਰੇ ਕਰੀਬ ਪੰਜ ਵਜੇ ਨਹਿਰ ਵਿੱਚ ਛਾਲ ਮਾਰ ਦਿੱਤੀ। ਲਾਸ਼ ਦਾ ਪੋਸਟਮਾਰਟਮ ਕਰਵਾਕੇ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਹੈ । ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਸੁਖਪਾਲ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉੱਕਤ ਔਰਤ ਕੈਂਸਰ ਨਾਮਕ ਘਾਤਕ ਬਿਮਾਰੀ ਨਾਲ ਪੀੜਤ ਸੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਸਦਾ ਇਲਾਜ਼ ਫਰੀਦਕੋਟ ਤੋ ਚੱਲ ਰਿਹਾ ਸੀ ਤੇ ਪਿਛਲੇ ਕੁਝ ਦਿਨਾਂ ਤੋ ਉਹ ਇਸ ਬਿਮਾਰੀ ਕਰਕੇ ਜਿਆਦਾ ਤੰਗ ਪ੍ਰੇਸਾਨ ਸੀ ਜਿਸ ਕਰਕੇ ਉਸਨੇ ਇਹ ਕਦਮ ਚੁੱਕਿਆ। ਉਨਾਂ ਸਰਕਾਰ ਤੋ ਪੀੜਤ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ।