ਅੱਜ ਸਾਡਾ ਵਿਗਿਆਨ ਭਾਵੇਂ ਹੀ ਕੁਦਰਤ ਦੇ ਵਜੂਦ ਨੂੰ ਨਹੀਂ ਮਨ ਰਿਹਾ ਹੈ ਪਰ ਜਦੋਂ ਕੁਦਰਤ ਆਪਣਾ ਕਰੋਧੀ ਰੂਪ ਧਾਰਨ ਕਰਕੇ ਕਹਰ ਬਰਸਾਉਂਦੀ ਹੈ ਤਾਂ ਆਧੁਨਿਕ ਵਿਗਿਆਨ ਵੀ ਫੇਲ੍ਹ ਹੋ ਕੇ ਬੇਵਸ ਹੋ ਜਾਂਦਾ ਹੈ। ਭੁਚਾਲ ਹੜ੍ਹ ਵਰਗੀ ਪ੍ਰਕੋਪੀ ਦੇ ਅੱਗੇ ਵਿਗਿਆਨ ਹਾਰ ਜਾਂਦਾ ਹੈ ਅਤੇ ਇਸ ਦਾ ਪਹਿਲਾਂ ਅਨੁਮਾਨ ਤ¤ਕ ਨਹੀਂ ਲਾ ਸਕਦਾ।ਇੱਕ ਹੜ੍ਹ ਹਰ ਸਾਲ ਭਾਰੀ ਬਰਸਾਤ ਹੋਣ ਨਾਲ ਆਉਂਦਾ ਹੈ ਜਦੋਂ ਕਿ ਦੂਜਾ ਬਣਾਉਟੀ ਹੜ੍ਹ ਡੇਮਾਂ ਨੂੰ ਖੋਲ੍ਹਣ ’ਤੇ ਵੱਖ-ਵੱਖ ਨਦੀਆਂ ’ਚ ਪਾਣੀ ਨੂੰ ਛੱਡਣ ਨਾਲ ਆਉਂਦਾ ਹੈ। ਕਦੇ-ਕਦੇ ਮੌਸਮੀ ਬਰਸਾਤ ਜਾਂ ਬਦਲ ਫਟਣ ਨਾਲ ਅਜਿਹੇ ਹੜ੍ਹ ਆ ਜਾਂਦੇ ਹਨ ਜਿਨ੍ਹਾਂ ਨਾਲ ਤਬਾਹੀ ਮਚ ਜਾਂਦੀ ਹੈ। ਅਤੇ ਦੇਖਦੇ-ਦੇਖਦੇ ਸਭ ਪਾਣੀ ਪਾਣੀ ਹੋ ਜਾਂਦਾ ਹੈ। ਸਰਕਾਰ ਦਾ ਕਰੋੜਾਂ ਅਰਬਾਂ, ਰਾਹਤ ਅਤੇ ਆਪਦਾ ਪ੍ਰਬੰਧਨ ਲਈ ਸਹਾਇਤਾ ’ਤੇ ਖਰਚ ਹੋ ਜਾਂਦਾ ਹੈ। ਲੋਕ ਦੇਖਦੇ ਹੀ ਦੇਖਦੇ ਦਾਣੇ-ਦਾਣੇ ਲਈ ਮੋਹਤਾਜ ਹੋ ਜਾਂਦੇ ਹਨ। ਹੜ੍ਹ ਵਿੱਚ ਡੁੱਬਣ ਦੇ ਨਾਲ-ਨਾਲ ਤਰ੍ਹਾਂ-ਤਰ੍ਹਾਂ ਦੀਆਂ ਲਪੇਟ ਵਿੱਚ ਆ ਜਾਂਦੇ ਹਨ। ਹੜ੍ਹ ਆਉਣ ਨਾਲ ਭਾਵੇਂ ਬਚਾਅ ਸਹਾਇਤਾ ਰਾਹਤ ਆਦਿ ਦੇ ਨਾਮ ਉ¤ਤੇ ਸਰਕਾਰੀ ਖਜ਼ਾਨਾ ਖਾਲੀ ਹੋ ਜਾਂਦਾ ਹੈ ਪਰ ਇਹ ਸਹਾਇਤਾ ਹੜ੍ਹ ਪੀੜਤਾਂ ਲਈ ਊਠ ਦੇ ਮੂੰਹ ਵਿੱਚ ਜੀਰੇ ਦੀ ਤਰ੍ਹਾਂ ਹੁੰਦੀ ਹੈ। ਇਸੇ ਕਰਕੇ ਦਾਨੀ ਸੱਜਣ ਰਾਹਤ ਲਈ ਫੰਡ ਮੁਹਈਆ ਕਰਦੇ ਹਨ ਅਤੇ ਦਿਲ ਖੋਲ੍ਹ ਕੇ ਲੋੜਵੰਦਾਂ ਲਈ ਮਦਦ ਕਰਨ ’ਚ ਸੰਕੋਚ ਨਹੀਂ ਕਰਦੇ। ਇਸ ਸਮੇਂ ਦੁਨੀਆਂ ਦੇ ਕਈ ਦੇਸ਼ ਹੜ੍ਹ ਦੀ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਇਸ ਸਮੱਸਿਆ ਨਾਲ ਹੋ ਰਹੀ ਆਪਣੀ ਤਬਾਹੀ ਆਪਣੀਆਂ ਅੱਖਾਂ ਨਾਲ ਦੇਖਣ ਲਈ ਮਜ਼ਬੂਰ ਹਨ। ਚੀਨ ਵਰਗਾ ਦੁਨੀਆਂ ਦਾ ਸਰਵ ਸੰਪਨ ਮੁਲਕ ਵੀ ਹੜ ਦੇ ਅੱਗੇ ਬੇਵੱਸ ਹੈ। ਸਾਡੇ ਦੇਸ਼ ਦੇ ਕਈ ਸੂਬੇ ਹੜ੍ਹ ਦੀ ਲਪੇਟ ਵਿੱਚ ਆ ਕੇ ਕੁਰਲਾ ਰਹੇ ਹਨ। ਹੜ੍ਹ ਦਾ ਸਭ ਤੋਂ ਜ਼ਿਆਦਾ ਕਰੋਧੀ ਰੂਪ ਕੇਰਲ ਵਿੱਚ ਦੇਖਣ ਨੂੰ ਮਿਲਿਆ ਹੈ ਜਿਥੇ ਹੜ੍ਹ ਕਾਰਨ ਹੁਣ ਤੱਕ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਖੁਦ ਕੇਰਲ ’ਚ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਹਵਾਈ ਨਰੀਖਣ ਕਰਕੇ ਭਾਰੀ ਸਹਾਇਤਾ ਦੀ ਘੋਸ਼ਣਾ ਕਰ ਚੁੱਕੇ ਹਨ, ਪਰ ਉ¤ਥੇ ਆਏ ਹੜ੍ਹ ਨੇ ਸਭ ਨੂੰ ਬੌਣੇ ਸਾਬਿਤ ਕਰ ਦਿੱਤਾ ਹੈ ਤੇ ਲੋਕਾਂ ਦੇ ਸਾਹਮਣੇ ਰੋਟੀ, ਕੱਪੜਾ ਅਤੇ ਮਕਾਨ ਤੱਕ ਦੀ ਸਮੱਸਿਆ ਖੜ੍ਹੀ ਹੋ ਗਈ ਹੈ। ਸਥਿਤੀ ਏਨੀ ਗੰਭੀਰ ਹੈ ਕਿ ਕੇਰਲ ਦੇ ਮੁੱਖ ਮੰਤਰੀ ਨੂੰ ਪੂਰੇ ਦੇਸ਼ ਨੂੰ ਗੁਹਾਰ ਲਗਾਉਣੀ ਪਈ ਹੈ। ਇਸੇ ਦੌਰਾਨ ਹੜ੍ਹ ਦੀ ਸਥਿਤੀ ਨੂੰ ਲੈ ਕੇ ਰਾਜਨੀਤਿਕ ਆਲੋਚਨਾਵਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਵਿਰੋਧੀਆਂ ਵੱਲੋਂ ਸਰਕਾਰ ’ਤੇ ਸਹਾਇਤਾ ਦੇਣ ਵਿੱਚ ਭੇਦ-ਭਾਵ ਦੋਸ਼ ਲਗਾਇਆ ਗਿਆ ਹੈ। ਕੇਰਲ ਤੋਂ ਇਲਾਵਾ ਹੜ੍ਹ ਦਾ ਇਹ ਪ੍ਰਕੋਪ ਜੰਮੂ-ਕਸ਼ਮੀਰ, ਉ¤ਤਰ ਪ੍ਰਦੇਸ਼, ਬਿਹਾਰ ਆਦਿ ਸੂਬਿਆਂ ਵਿੱਚ ਜਾਰੀ ਹੈ ਤੇ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ। ਸਾਡੀ ਫੌਜ ਅਤੇ ਰਾਸ਼ਟਰੀ ਆਪਦਾ ਬਚਾਅ ਦਲ ਹੜ੍ਹ ’ਚ ਫਸੇ ਹੋਏ ਲੋਕਾਂ ਨੂੰ ਬਚਾਉਣ ’ਚ ਜੁਟੇ ਹੋਏ ਹਨ। ਵੱਖ-ਵੱਖ ਸਰਕਾਰੀ ਏਜੰਸੀਆਂ ਹੜ੍ਹ ਪੀੜਤਾਂ ਦੇ ਖਾਣ-ਪੀਣ ਅਤੇ ਦਵਾਈਆਂ ਦਾ ਪ੍ਰਬੰਧ ਕਰ ਰਹੀਆਂ ਹਨ। ਕਹਿੰਦੇ ਹਨ ਕਿ ਅੱਗ, ਪਾਣੀ ਅਤੇ ਕੁਦਰਤੀ ਕਹਿਰ ਅਮੀਰ-ਗਰੀਬ ਜਾਂ ਵੱਡਾ ਛੋਟਾ ਨਹੀਂ ਦੇਖਦਾ ਅਤੇ ਉਸ ਦਾ ਅਸਰ ਸਭ ’ਤੇ ਇਕ ਬਰਾਬਰ ਹੁੰਦਾ ਹੈ। ਹੜ੍ਹ ਦਾ ਮੁਕਾਬਲਾ ਕਰਨਾ ਇਕੱਲੀ ਸਰਕਾਰ ਦੇ ਵੱਸ ਦੀ ਗੱਲ ਨਹੀਂ ਇਸ ਲਈ ਦਾਨੀ ਸੱਜਣਾਂ ਨੂੰ ਅੱਗੇ ਆਉਣਾ ਪਵੇਗਾ। ਦੇਸ਼ ਦੇ ਸਾਰੇ ਸਿਆਸਤਦਾਨ ਜੇਕਰ ਆਪਣੀ ਤਨਖਾਹ ’ਚੋਂ ਦਾਨ ਦੇਣ ਤਾਂ ਕਰੋੜਾਂ ਰੁਪਿਆ ਇਕੱਠਾ ਹੋ ਸਕਦਾ ਹੈ। ਇਸੇ ਤਰ੍ਹਾਂ ਸਰਕਾਰੀ ਸੇਵਾ ’ਚ ਲੱਗੇ ਲੋਕ ਜੇਕਰ ਸਿਰਫ ਪੰਜ ਦਿਨਾਂ ਦੀ ਤਨਖਾਹ ਵੀ ਦੇਣ ਤਾਂ ਵੀ ਕਰੋੜਾਂ ਰੁਪਇਆ ਸਹਾਇਤਾ ਲਈ ਇਕੱਠਾ ਹੋ ਸਕਦਾ ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਇਸ ਦਿਸ਼ਾ ਵਿੱਚ ਪਹਿਲ ਕਈ ਸਿਆਸਤਦਾਨਾਂ ਅਤੇ ਦਾਨੀ ਸੱਜਣਾਂ ਵੱਲੋਂ ਕੀਤੀ ਗਈ ਹੈ। ਜਿਸ ਨਾਲ ਪੀੜਤਾਂ ਦੀ ਵੱਡੀ ਮੱਦਦ ਸੰਭਵ ਹੈ। ਉਮੀਦ ਕਰਦੇ ਹਾਂ ਕਿ ਦੇਸ਼ ਇਸ ਭਾਰੀ ਸਮੱਸਿਆ ’ਚੋਂ ਛੇਤੀ ਉਭਰੇਗਾ।
– ਬਲਜੀਤ ਸਿੰਘ ਬਰਾੜ