April 29, 2026 3:51 am

ਪਾਕਿਸਤਾਨੀ ਹੁਕਮਰਾਨ : ਕਪਤਾਨ ਇਮਰਾਨ

ਆਖ਼ਿਰ ਉਹੀ ਹੋਇਆ, ਜਿਸ ਦਾ ਯਕੀਨ ਸੀ। ਪਾਕਿਸਤਾਨੀ ਫ਼ੌਜ ਦੀ ‘ਅੰਪਾਇਰਿੰਗ’ ਵਿੱਚ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਨੇ ਆਪਣੇ ਮੁਲਕ ਦੀਆਂ ਸਾਰੀਆਂ ਪਾਰਟੀਆਂ ਦੇ ਕਹਿੰਦੇ-ਕਹਾਉਂਦੇ ਲੀਡਰਾਂ ਨੂੰ ਕਲੀਨ ਬੋਰਡ ਕਰ ਦਿੱਤਾ, ਜਦੋਂ ਕਿ ਉਹ ਚੀਕ-ਚੀਕ ਕੇ ਦੁਹਾਈ ਦਿੰਦੀਆਂ ਰਹੀਆਂ ਕਿ ਇਹ ਨੋ-ਬਾਲ ਹੈ। ਇਸ ਚੋਣਾਵੀ ਮੈਚ ਵਿੱਚ ‘ਅੰਪਾਇਰ’ ਬਣੀ ਫ਼ੌਜ ਨੇ ਆਊਟ ਦਾ ਇਸ਼ਾਰਾ ਕਰਦਿਆਂ ਅਜਿਹੀ ਉਂਗਲ ਉਠਾਈ ਕਿ ਹੇਠਾਂ ਕਰਨਾ ਹੀ ਭੁੱਲ ਗਈ।
ਪਾਕਿਸਤਾਨ ਦਾ ਨਿਧੜਕ ਤੇ ਅਲਬੇਲਾ ਸ਼ਾਇਰ ਉਸਤਾਦ ਦਾਮਨ ਯਾਦ ਆ ਗਿਆ, ਜੋ ਕਦੀ ਆਪਣੇ ਮੁਲਕ ਦੇ ਦਾਮਨ ਨੂੰ ਪਾਕ ਰੱਖਣ ਲਈ ਕੂਕਿਆ ਸੀ :
…ਪਾਕਿਸਤਾਨ ਵਿੱਚ ਮੌਜਾਂ ਹੀ ਮੌਜਾਂ,
ਜਿੱਧਰ ਵੇਖੋ ਫ਼ੌਜਾਂ ਹੀ ਫ਼ੌਜਾਂ।
…ਤੇ ਉਸੇ ਫ਼ੌਜ ਦਾ ਆਪਣਾ ਪਰਖਿਆ ਖਿਡਾਰੀ ਕਪਤਾਨ ਹੁਣ ਪਾਕਿਸਤਾਨ ਦਾ ਕਪਤਾਨ/ਹੁਕਮਰਾਨ ਬਣਨ ਜਾ ਰਿਹਾ ਹੈ। ਆਪਣੀ ਜ਼ਿੰਦਗੀ ਨੂੰ ਖੇਡ ਵਾਂਗ ਹੀ ਖੇਡਣ ਵਾਲੇ ਇਮਰਾਨ ਸਾਹਵੇਂ ਸਭ ਤੋਂ ਵੱਡੀ ਵੰਗਾਰ ਪਾਕਿਸਤਾਨ ਦੀ ‘ਅਸਲੀ’ ਕਪਤਾਨੀ ਸੰਭਾਲਣ ਨਾਲ ਹੀ ਮਿਲਣੀ ਸ਼ੁਰੂ ਹੋ ਜਾਣੀ ਹੈ ਕਿ ਮੁਲਕ ਨੇ ਇਸ ਦੇ ਲਈ ਉਸ ਨੂੰ ਕਾਬਲ ਕਿਉਂ ਸਮਝਿਆ?
‘ਨਯਾ ਪਾਕਿਸਤਾਨ’ ਬਣਾਉਣ ਦਾ ਸੁਫ਼ਨਾ ਲੈ ਕੇ ਸਿਆਸਤ ਵਿੱਚ ਆਏ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖ਼ਾਨ ਦਾ ਅਸਲੀ ਟੈਸਟ ਤਾਂ ਹੁਣ ਸ਼ੁਰੂ ਹੋਇਆ ਹੈ। ਇਮਰਾਨ ਜਿਸ ਸਿਆਸੀ ਮੈਚ ਦੀ ਪਾਰੀ ਖੇਡਣ ਜਾ ਰਿਹਾ ਹੈ, ਉਸ ਦੇ ਮੈਦਾਨ ਵਿੱਚ ਨਾ ਕੇਵਲ ਪਿੱਚ ਖ਼ਰਾਬ ਹੈ, ਮੌਸਮ ਵੀ ਨਾ-ਖ਼ੁਸ਼ਗਵਾਰ ਹੈ। ਤੇ ਇਸ ਮੈਚ ਵਿੱਚ ਇਮਰਾਨ ਦੀ ਪਾਰੀ ਵੀ ਫ਼ੌਜ ਦੀ ਪਿੱਚ ’ਤੇ ਹੈ, ਜਿਸ ਦੀ ‘ਕਰਾਮਾਤ’ ਅਰਸ਼ ਤੋਂ ਫ਼ਰਸ਼ ’ਤੇ ਡੇਗ ਲੈਣ ਲਈ ਪਤਾ ਨਹੀਂ ਕਦੋਂ ਆਪਣਾ ਜਲਵਾ ਵਿਖਾ ਦੇਵੇ, ਪਰ ਮੈਚ ਤਾਂ ਖੇਡਿਆ ਹੀ ਜਾਣਾ ਹੈ।
ਹਿੰਦੁਸਤਾਨ ਦੇ ਟੁਕੜੇ ਕਰ ਕੇ ਬਣੇ ਪਾਕਿਸਤਾਨ ਦਾ ਇਤਿਹਾਸ ਗਵਾਹ ਹੈ ਕਿ ਉਸ ਮੁਲਕ ਵਿੱਚ 48 ਫ਼ੀਸਦੀ ਸ਼ਾਸਨ ਲੋਕਾਂ ਦੀ ਚੁਣੀ ਹਕੂਮਤ ਦਾ ਰਿਹਾ ਹੈ, ਜਦੋਂ ਕਿ 52 ਫ਼ੀਸਦੀ ਫ਼ੌਜ ਦਾ। ਪਾਕਿਸਤਾਨ ਦਾ ਕੋਈ ਵਜ਼ੀਰ-ਏ-ਆਜ਼ਮ ਅਜਿਹਾ ਨਹੀਂ, ਜੋ ਆਪਣੀ ਹਕੂਮਤ ਦੀ ਮਿਆਦ ਪੁਗਾਉਣ ਲਈ ਪੂਰੇ ਪੰਜ ਸਾਲ ਟਿਕਿਆ ਹੋਵੇ। ਅੱਧੇ ਸਮੇਂ ਤੋਂ ਵੱਧ ਫ਼ੌਜੀ ਸ਼ਾਸਨ ਰਿਹਾ ਹੈ ਉਥੇ, ਪਰ ਐਤਕੀਂ ਹਾਲ ਦੀ ਘੜੀ ਇਹ ਇਕ ‘ਨਵਾਂ ਟਰੈਂਡ’ ਹੈ, ਜਿਸ ਨੂੰ ਅਰਧ-ਜਮਹੂਰੀਅਤ ਕਿਹਾ ਜਾ ਸਕਦਾ ਹੈ। ਸੱਤਾ ਵਿੱਚ ਦਬਦਬਾ ਫ਼ੌਜ ਦਾ ਰਹੇਗਾ ਤੇ ਮੁਲਕ ਦਾ ਕਪਤਾਨ/ਹੁਕਮਰਾਨ ਇਮਰਾਨ ਖ਼ਾਨ ਹੋਵੇਗਾ।
ਇਮਰਾਨ ਲਈ ਸਭ ਤੋਂ ਵੱਡੀ ਵੰਗਾਰ ਵਿਦੇਸ਼ ਨੀਤੀ ’ਤੇ ਕੰਟਰੋਲ ਦੀ ਹੈ। ਫ਼ੌਜ ਤੋਂ ਮੁਕਤ ਵਿਦੇਸ਼ ਨੀਤੀ ਆਪ ਘੜ ਕੇ, ਲਾਗੂ ਕਰ ਕੇ ਹੀ ਪਾਕਿਸਤਾਨ ਨੂੰ ਉਹ ਸਥਿਰਤਾ ਦੀ ਲੀਹ ’ਤੇ ਪਾ ਸਕਦਾ ਹੈ, ਜੋ ਮੁਸ਼ਕਲ ਹੀ ਨਹੀਂ, ਅਸੰਭਵ ਵੀ ਜਾਪਦਾ ਹੈ। ਇਸ ਤੋਂ ਇਲਾਵਾ ਸਿਆਸੀ ਤੇ ਆਰਥਿਕ ਮੁੱਦਿਆਂ ਨਾਲ ਸਿੱਝਣ ਲਈ ਵੀ ਉਸ ਨੂੰ ਆਪਣੇ ਅਵਾਮ ਤੇ ਮੁਲਕ ਪੱਧਰ ’ਤੇ ਸਹਿਮਤੀ ਬਣਾਉਣੀ ਪਵੇਗੀ। ਤਦ ਹੀ ਉਸ ਦੇ ‘ਨਵੇਂ ਪਾਕਿਸਤਾਨ’ ਦਾ ਲਿਆ ਸੁਫ਼ਨਾ ਸਾਕਾਰ ਹੋ ਸਕਦਾ ਹੈ।
ਇਮਰਾਨ ਨੇ ਬੇਸ਼ੱਕ ਆਪਣੇ ਗੁਆਂਢੀ ਮੁਲਕਾਂ ਹਿੰਦੁਸਤਾਨ ਤੇ ਅਫ਼ਗ਼ਾਨਿਸਤਾਨ ਨਾਲ ਚੰਗੇ ਗੁਆਂਢੀਆਂ ਵਾਲੇ ਸੰਬੰਧ ਕਾਇਮ ਕਰਨ ਦਾ ਸੁਫ਼ਨਾ ਲਿਆ ਹੈ, ਪਰ ਉਹ ਸਾਕਾਰ ਹੋਣਾ ਏਨਾ ਸੌਖਾਲਾ ਨਹੀਂ, ਕਿਉਂਕਿ ਕਸ਼ਮੀਰ ਬਾਰੇ ਨੀਤੀ ਸਿਵਲੀਅਨ ਹਕੂਮਤ ਨਹੀਂ, ਪਾਕਿਸਤਾਨੀ ਫ਼ੌਜ ਘੜਦੀ ਹੈ। ਉਹ ਕਿਉਂ ਚਾਹੇਗੀ ਕਿ ਮਸਲਾ ਹਿੰਸਾ ਦੀ ਬਜਾਇ ਗੱਲਬਾਤ ਰਾਹੀਂ ਸੁਲਝਾਉਣ ਨਾਲ ਹਿੰਦ-ਪਾਕਿ ਦਰਮਿਆਨ ਕਸ਼ੀਦਗੀ ਘਟੇ ਤੇ ਉਸ ਦੀ ਕੋਈ ਵੁੱਕਤ ਹੀ ਨਾ ਰਹੇ?
ਵੈਸੇ ਇਮਰਾਨ ਨੂੰ ਹਿੰਦੁਸਤਾਨ ਵਿਰੋਧੀ ਪਾਕਿ ਫ਼ੌਜ ਦਾ ਲਾਡਲਾ ਮੰਨਿਆ ਜਾਂਦਾ ਹੈ। ਪਾਕਿਸਤਾਨ ਦੀ ਸਿਆਸੀ ਪਿੱਚ ’ਤੇ ਇਕ ਗੁਆਂਢੀ ਵਜੋਂ ਅਗਲੇ ਪੰਜ ਸਾਲਾਂ ਤੱਕ ਹਿੰਦੁਸਤਾਨ ਦਾ ਸਾਹਮਣਾ ਅਜਿਹੇ ਕਪਤਾਨ ਨਾਲ ਹੋਣ ਜਾ ਰਿਹਾ ਹੈ, ਜੋ ਗਰਮ-ਖ਼ਿਆਲੀਆਂ ਪ੍ਰਤੀ ਸਨੇਹ ਤੇ ਨਰਮ ਰੁਖ਼ ਰੱਖਦਾ ਹੈ। ਕਸ਼ਮੀਰ ਮਸਲੇ ਬਾਰੇ ਵੀ ਇਮਰਾਨ ਦਾ ਨਜ਼ਰੀਆ ਹੋਰਨਾਂ ਪਾਕਿਸਤਾਨੀ ਨੇਤਾਵਾਂ ਵਾਲਾ ਹੀ ਹੈ।
ਇਹ ਇਮਰਾਨ ਹੀ ਹੈ, ਜਿਸ ਨੇ 1982 ਵਿੱਚ ਕ੍ਰਿਕਟ ਮੈਚ ਜ਼ਰੀਏ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਦੀ ਗੱਲ ਕਹੀ ਸੀ, ਪਰ ਮੁਹੱਬਤਾਂ ਭਰਿਆ ਇਹ ਪੈਗ਼ਾਮ ਦੇਣ ਤੋਂ ਬਾਅਦ ਇਮਰਾਨ ਮੁੱਕਰ ਗਿਆ ਸੀ ਕਿ ਇਹ ਤਾਂ ਉਸ ਨੇ ਮਜ਼ਾਕ ’ਚ ਕਿਹਾ ਸੀ। ਇਸ ਲਈ ਲੱਗਦਾ ਨਹੀਂ ਕਿ ਇਮਰਾਨ ਪਾਕਿਸਤਾਨ ਦਾ ਕਪਤਾਨ/ਹੁਕਮਰਾਨ ਬਣਦਿਆਂ ਹੀ ਹਿੰਦ-ਪਾਕਿ ਦਰਮਿਆਨ ਬੁਰੀ ਤਰ੍ਹਾਂ ਜੰਮ ਚੁੱਕੀ ਰਿਸ਼ਤਿਆਂ ਦੀ ਬਰਫ਼ ਪਿਘਲਾਉਣ ਵਿੱਚ ਸਫ਼ਲ ਹੋਵੇ, ਤੇ ਉਹ ਵੀ ਉਦੋਂ, ਜਦੋਂ ਫ਼ੌਜ ਦੇ ਥਾਪੜੇ ਨਾਲ ਇਸ ਮੁਕਾਮ ’ਤੇ ਪਹੁੰਚਿਆ ਹੋਵੇ। ਉਸ ਤੋਂ ਬਿਹਤਰੀ ਦੀ ਉਮੀਦ ਘੱਟ ਹੀ ਨਜ਼ਰ ਆ ਰਹੀ ਹੈ, ਬਾਵਜੂਦ ਇਸ ਦੇ ਕਿ ਤਮਾਮ ਸਿਆਸੀ ਡਰਾਮੇ ਦੇ ਨਾਲ ਇਮਰਾਨ ਕੁਝ ਨਵਾਂ ਕਰਦਾ ਦਿੱਸੇ।
ਵੈਸੇ ਵੀ ਤਾਂ ਇਮਰਾਨ ਦੀ ਪਹਿਲੀ ਪਸੰਦ ਪਾਕਿਸਤਾਨ ਦਾ ਅਜ਼ਮਾਇਆ ਹੋਇਆ ਪੱਕਾ ਮਿੱਤਰ ਚੀਨ ਰਹੇਗਾ, ਜਦੋਂ ਕਿ ਹਿੰਦੁਸਤਾਨ ਆਖ਼ਰੀ। ਅਮਰੀਕਾ ਵੱਲੋਂ ਪਾਕਿਸਤਾਨ ਨੂੰ ਵਾਰ-ਵਾਰ ਅੱਖਾਂ ਵਿਖਾਉਣ ਤੋਂ ਨਿਜਾਤ ਪਾਉਣ ਲਈ ਪਾਕਿਸਤਾਨ ਵੀ ਚਾਹੇਗਾ ਕਿ ਉਸ ਦੇ ਰੂਸ ਨਾਲ ਸੰਬੰਧ ਸੁਖਾਵੇਂ ਤੇ ਮਜ਼ਬੂਤ ਹੋਣ। ਫ਼ੌਜ ਉਸ ਨੂੰ ਇਕ ਆਦਰਸ਼ਕ ਸ਼ਾਸਕ/ਹੁਕਮਰਾਨ ਸਾਬਤ ਕਰਨ ਲਈ ਕਿੰਨੀ ਕੁ ਡੋਰ ਢਿੱਲੀ ਛੱਡੇਗੀ ਉਡਾਰੀਆਂ ਲਈ, ਇਹ ਤਾਂ ਵਕਤ ਹੀ ਦੱਸੇਗਾ।
…ਤੇ ਫਿਰ ਉਹ ਵੀ ਉਦੋਂ, ਜਦੋਂ ਹੁਣ ਤੱਕ ਦੀਆਂ ਉਸ ਦੀਆਂ ਸਾਰੀਆਂ ਬੇਗ਼ਮਾਂ ਨੇ ਇਮਰਾਨ ਨੂੰ ਆਦਰਸ਼ਕ ਖਾਵੰਦ ਸਮਝ ਕੇ ਧੋਖਾ ਖਾ ਜਾਣ ਕਾਰਨ ਉਸ ਤੋਂ ਖਹਿੜਾ ਛੁਡਾਉਣ ’ਚ ਹੀ ਆਪਣੀ ਭਲਾਈ ਸਮਝੀ ਹੋਵੇ ਤੇ ਤਲਾਕ ਲਈ ਮਜਬੂਰ ਹੋਣਾ ਪਿਆ ਹੋਵੇ। ਉਸ ਦੀ ਸਾਬਕਾ ਬੇਗ਼ਮ ਰੇਹਮ ਖ਼ਾਨ ਨੇ ਤਾਂ ਬੇਰਹਿਮ ਹੁੰਦਿਆਂ ਆਪਣੇ ਸਾਬਕਾ ਸ਼ੌਹਰ ਲਈ ਇਥੋਂ ਤੱਕ ਕਹਿ ਦਿੱਤਾ ਹੈ ਕਿ ‘ਕੱਠਪੁਤਲੀ ਹੈ ਇਮਰਾਨ, ਜੋ ਫ਼ੌਜ ਦੀਆਂ ਉਂਗਲਾਂ ’ਤੇ ਨੱਚੇਗੀ’। ਪਰ ਉਹ ਕੀ ਜਾਣੇ ਕਿ ਇਹ ਚੋਣ ਨਤੀਜੇ ਇਮਰਾਨ ਲਈ ਚੌਥੇ ਵਿਆਹ ਵਾਂਗ ਹਨ। ਇਮਰਾਨ ਦਾ ਵਿਆਹ 20 ਕਰੋੜ ਪਾਕਿਸਤਾਨੀਆਂ ਦੀਆਂ ਉਮੀਦਾਂ ਨਾਲ ਹੋ ਗਿਆ ਹੈ, ਜੋ ‘ਨਯਾ ਪਾਕਿਸਤਾਨ’ ਚਾਹੁੰਦੇ ਹਨ।
ਇਮਰਾਨ ਦਾ ਕੱਟੜਪੰਥੀ ਤਾਕਤਾਂ ਨਾਲ ਸਹਿਯੋਗ ਚਿੰਤਾ ਦਾ ਸਬੱਬ ਜ਼ਰੂਰ ਰਿਹਾ ਹੈ, ਪਰ ਪਾਕਿਸਤਾਨੀ ਅਵਾਮ ਨੇ ਕੱਟੜਪੰਥੀਆਂ ਨੂੰ ਲੱਕ-ਤੋੜਵੀਂ ਹਾਰ ਦੇ ਕੇ ਇਹ ਤਾਂ ਦਰਸਾ ਦਿੱਤਾ ਹੈ ਕਿ ਉਹ ਗਰਮ-ਖ਼ਿਆਲੀ ਕੱਟੜਪੰਥੀਆਂ ਤੇ ਦਹਿਸ਼ਤਪਸੰਦਾਂ ਨੂੰ ਸੱਤਾ ’ਤੇ ਬਿਠਾਉਣ ਨੂੰ ਤਿਆਰ ਨਹੀਂ। ਹੁਣ ਇਹ ਇਲਜ਼ਾਮ ਹਾਲ ਦੀ ਘੜੀ ਫ਼ਜ਼ੂਲ ਦੀ ਦੁਹਾਈ ਵਾਂਗ ਹਨ ਕਿ ਸ਼ਰੀਫ਼ ਪਰਵਾਰ (ਸ਼ਾਹਬਾਜ਼ ਨੂੰ ਛੱਡ ਕੇ) ਨੂੰ ਤਾਂ ਅਯੋਗ ਠਹਿਰਾਇਆ ਗਿਆ, ਪਰ ਉਸ ਤੋਂ ਵੀ ਵੱਧ ਸੰਗੀਨ ਇਲਜ਼ਾਮਾਂ ’ਚ ਘਿਰੇ ਸਿਆਸਤਦਾਨਾਂ ਦੀ ਖ਼ਤਾ ‘ਬਖਸ਼’ ਦਿੱਤੀ ਗਈ। ਇਥੋਂ ਤੱਕ ਕਿ ਇਮਰਾਨ ਦੀ ਤਹਿਰੀਕ-ਏ-ਇਨਸਾਫ਼ ਆਪਣੇ ਵਿਦੇਸ਼ੀ ਸਰੋਤਾਂ ਤੋਂ ਆਏ ਫ਼ੰਡਾਂ ਬਾਰੇ ਭੇਤ ‘ਚੋਣਾਂ ਤੋਂ ਬਾਅਦ ਨਸ਼ਰ ਕਰਨ’ ਦਾ ਦਾਅਵਾ ਕਰ ਕੇ ਇਨਸਾਫ਼ ਲਈ ਸੁੱਕੀ ਛੁੱਟਣ ਦੀ ਮੋਹਲਤ ਪਾ ਗਈ। ‘ਹਮ ਹੈਂ ਤੇਰੇ ਆਸ਼ਕ ਸਦੀਓਂ ਪੁਰਾਨੇ’ ਦੀ ਤਰਜ਼ ’ਤੇ ਇਮਰਾਨ ਨੇ ਵੀ ਆਪਣੀ ਫ਼ੌਜ ਦੇ ਖ਼ਿਲਾਫ਼ ਇਕ ਸ਼ਬਦ ਨਹੀਂ ਬੋਲਿਆ। ਇਹ ਗੱਲ ਵੱਖਰੀ ਹੈ ਕਿ ਇਮਰਾਨ ’ਤੇ ਫ਼ੌਜ ਦਾ ਦਬਾਅ ਨਵਾਜ਼ ਸ਼ਰੀਫ਼ ਤੋਂ ਜ਼ਿਆਦਾ ਰਹੇਗਾ।
ਖ਼ੈਰ, ਹਿੰਦੁਸਤਾਨ ਦਾ ‘ਦੋਹਤਾ’ ਹੁਣ ਪਾਕਿਸਤਾਨ ਦੀ ਕ੍ਰਿਕਟ ਦੇ ਕਪਤਾਨ ਤੋਂ ਪਾਕਿਸਤਾਨ ਦਾ ਕਪਤਾਨ ਬਣਨ ਲੱਗਿਆ ਹੈ। ਹਾਲਾਂਕਿ ਉਥੋਂ ਦੇ ਸਾਬਕਾ ਸ਼ਾਸਕਾਂ ਨਵਾਜ਼ ਸ਼ਰੀਫ਼, ਪ੍ਰਵੇਜ਼ ਮੁਸ਼ੱਰਫ਼ ਆਦਿ ਦੇ ਹਿੰਦੁਸਤਾਨ ਵਿਚਲੇ ਪੁਸ਼ਤੈਨੀ ਪਿਆਰ ਦੇ ਬਾਵਜੂਦ ਦੋਵਾਂ ਮੁਲਕਾਂ ਦਰਮਿਆਨ ਰਿਸ਼ਤਾ ‘ਪਿਆਰ ਤੇ ਨਫ਼ਰਤ’ ਵਾਲਾ ਹੀ ਰਿਹਾ ਹੈ। ਵੇਖੋ, ਇਮਰਾਨ ਖ਼ਾਨ ਦਾ ਇਧਰ ਨਾਨਕੇ ਘਰ ਜ¦ਧਰ ਦੀ ਬਸਤੀ ਦਾਨਿਸ਼ਮੰਦਾਂ ਦੀ ‘ਪੀਲੀ ਕੋਠੀ’, ਜਿੱਥੇ ਉਸ ਦੀ ਵਾਲਿਦਾ ਸ਼ੌਕਤ ਖ਼ਾਨ ਨੇ ਮੁਲਕ ਦੀ ਤਕਸੀਮ ਸਮੇਂ ਓਧਰ ਚਲੇ ਜਾਣ ਤੱਕ ਵਕਤ ਗੁਜ਼ਾਰਿਆ, ਦਾ ‘ਨਾਨਕਾ ਹੇਰਵਾ’ ਉਸ ਨੂੰ ਬਤੌਰ ਹੁਕਮਰਾਨ ਹਿੰਦ-ਪਾਕਿ ਰਿਸ਼ਤੇ ਨੂੰ ਖ਼ੂਨ ਦੀ ਸਾਂਝ ਵਿੱਚ ਮਜ਼ਬੂਤ ਕਰਨ ’ਚ ਫ਼ੌਜ ਦੇ ਸਾਥੀ ਵਜੋਂ ਕਿੰਨਾ ਕੁ ਯੋਗਦਾਨ ਪਾ ਸਕੇਗਾ।

Send this to a friend