April 29, 2026 6:24 am

ਮੁੱਖ ਮੰਤਰੀ ਨੇ ਅਟਲ ਬਿਹਾਰੀ ਵਾਜਪਾਈ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਨਵੀਂ ਦਿੱਲੀ/ਚੰਡੀਗੜ੍ਹ, 18 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਰਿਹਾਇਸ਼ 6-ਏ ਕ੍ਰਿਸ਼ਨਾ ਮੈਨਨ ਵਿਖੇ ਜਾ ਕੇ ਉਨ੍ਹਾਂ ਦੇ ਪਰਿਵਾਰ ਕੋਲ ਆਪਣਾ ਸਤਿਕਾਰ ਭੇਟ ਕੀਤਾ। ਮੁੱਖ ਮੰਤਰੀ ਨੇ ਉਨ੍ਹਾਂ ਦੇ ਘਰ ਲਗਪਗ ਅੱਧਾ ਘੰਟਾ ਬਿਤਾਇਆ ਅਤੇ ਵਿਜ਼ਟਰ ਬੁੱਕ ਵਿੱਚ ਸ੍ਰੀ ਵਾਜਪਾਈ ਜੀ ਪ੍ਰਤੀ ਆਪਣੀਆਂ ਸੰਵੇਦਨਾਵਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਨਾਲ ਸਾਲ 1970 ਵਿੱਚ ਹੋਈ ਪਹਿਲੀ ਮੁਲਾਕਾਤ ਨੂੰ ਚੇਤੇ ਕੀਤਾ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸ੍ਰੀ ਵਾਜਪਾਈ ਜੀ ਦੀ ਗੋਦ ਲਈ ਧੀ ਨਮਿਤਾ ਅਤੇ ਜਵਾਈ ਰੰਜਨ ਸਮੇਤ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਮੁਲਾਕਾਤ ਕਰਕੇ ਨਿੱਜੀ ਤੌਰ ’ਤੇ ਦੁੱਖ ਸਾਂਝਾ ਕੀਤਾ। ਸਾਲ 1970 ਵਿੱਚ ਸ੍ਰੀ ਵਾਜਪਾਈ ਜੀ ਦੀ ਪੰਜਾਬ ਫੇਰੀ ਨੂੰ ਚੇਤੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ ਵੇਲੇ ਸ੍ਰੀ ਅਟਲ ਜੀ ਉਨ੍ਹਾਂ ਲਈ ਚੋਣ ਪ੍ਰਚਾਰ ਕਰਨ ਲਈ ਆਏ ਸਨ ਅਤੇ ਉਨ੍ਹਾਂ ਨੇ ਪਟਿਆਲਾ ਵਿੱਚ ਤਿੰਨ ਦਿਨ ਬਿਤਾਏ ਸਨ। ਮੁੱਖ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਇਕ ਮਹਾਨ ਨੇਤਾ, ਕੱਦਾਵਰ ਸ਼ਖਸੀਅਤ, ਸਤਿਕਾਰਯੋਗ ਸਿਆਸਦਾਨ ਅਤੇ ਸੁਲਝੇ ਹੋਏ ਇਨਸਾਨ ਵਜੋਂ ਯਾਦ ਕੀਤਾ।

Send this to a friend