ਇਸਲਾਮਾਬਾਦ, 18 ਅਗਸਤ- ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਤੇ 1992 ਵਿਚ ਪਾਕਿਸਤਾਨ ਨੂੰ ਕ੍ਰਿਕਟ ਵਿਸ਼ਵ ਕਪ ਵਿਚ ਜੇਤੂ ਬਣਾਉਣ ਵਾਲੇ ਕਪਤਾਨ ਇਮਰਾਨ ਖ਼ਾਨ ਨੇ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕੀ। ਉਨ੍ਹਾਂ ਨੂੰ ਇਸਲਾਮਾਬਾਦ ਸਥਿਤ ਰਾਸ਼ਟਰਪਤੀ ਭਵਨ ’ਚ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਵਲੋਂ ਸਹੁੰ ਚੁਕਾਈ ਗਈ।ਸਾਬਕਾ ਕ੍ਰਿਕਟਰ ਅਤੇ ਤਹਿਰੀਕ-ਏ-ਇਨਸਾਫ ਮੁਖੀ ਇਮਰਾਨ ਖਾਨ ਨੂੰ ਦੇਸ਼ ਦੀ ਨਵੀਂ ਚੁਣੀ ਸੰਸਦ ਨੇ ਕਲ ਹੀ ਆਪਣਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਸੀ। ਇਸਲਾਮਾਬਾਦ ਸਥਿਤ ਰਾਸ਼ਟਰਪਤੀ ਭਵਨ ’ਚ ਸਵੇਰੇ 10 ਵਜੇ ਦੇ ਕਰੀਬ ਸਹੁੰ ਚੁਕ ਸਮਾਰੋਹ ਸ਼ੁਰੂ ਹੋਇਆ। ਇੱਕ ਸਾਦੇ ਸਮਾਗਮ ’ਚ ਉਨ੍ਹਾਂ ਨੂੰ ਉਰਦੂ ’ਚ ਸਹੁੰ ਚੁੱਕੀ।ਸਹੁੰ ਚੁਕਣ ਦੌਰਾਨ ਇਮਰਾਨ ਖਾਨ ਬੋਲਦੇ-ਬੋਲਦੇ 3 ਵਾਰ ਅਟਕੇ, ਦੋ ਵਾਰ ਰੁਕੇ ਤੇ ਮੁਸਕਰਾਏ ਵੀ ਅਤੇ ਇਕ ਵਾਰ ਉਨ੍ਹਾਂ ਨੇ ਮੁਆਫੀ ਵੀ ਮੰਗੀ।ਸਹੁੰ ਚੁਕਣ ਮਗਰੋਂ ਰਾਸ਼ਟਰਪਤੀ ਭਵਨ ’ਚ ਬੈਠੇ ਲੋਕਾਂ ਨੇ ਤਾੜੀਆਂ ਵਜਾ ਕੇ ਆਪਣੇ ਨਵੇਂ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ।ਇਮਰਾਨ ਦੇ ਸਹੁੰ ਚੁਕ ਸਮਾਗਮ ’ਚ ਭਾਰਤ ਤੋਂ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿਧੂ ਉਚੇਚੇ ਤੌਰ ‘ਤੇ ਪੁਜੇ। ਇਮਰਾਨ ਦੇ ਸਹੁੰ ਚੁਕ ਸਮਾਰੋਹ ਸਿਧੂ ਤੋਂ ਇਲਾਵਾ ਵਡੀ ਗਿਣਤੀ ਵਿਚ ਫੌਜ ਦੇ ਸੀਨੀਅਰ ਅਧਿਕਾਰੀ ਅਤੇ ਪਾਕਿਸਤਾਨ ਦੇ ਸਿਆਸਤਦਾਨ ਪੁਜੇ।ਸਮਾਗਮ ਵਿੱਚ ਫੌਜ ਦੇ ਜਨਰਲ ਕਮਲ ਜਾਵੇਦ ਬਾਜਵਾ ਨੇਵੀ ਤੇ ਏਅਰਫੋਰਸ ਦੇ ਜਨਰਲ ਵੀ ਮੌਜੂਦ ਰਹੇ। ਨਸੀਰ ਉਲ ਮੁਲਕ, ਡਾ. ਹਸਨ ਅਸਕਾਰੀ, ਅਸਾਦ ਉਮਰ, ਚੌਧਰੀ ਸਰਵਰ, ਸ਼ਾਹ ਮਹਿਮੂਦ ਕੁਰੈਸ਼ੀ ਤੋਂ ਇਲਾਵਾ ਦੇਸ਼ ਦੇ ਉਘੇ ਆਗੂ ਮੌਜੂਦ ਸਨ। ਉਨ੍ਹਾਂ ਦੀ ਤੀਜੀ ਪਤਨੀ ਬੁਸ਼ਰਾ ਮੇਨਕਾ ਵੀ ਸਮਾਰੋਹ ਵਿਚ ਪੁਜੀ।ਸਫੇਦ ਬੁਰਕੇ ’ਚ ਆਈ ਬੁਸ਼ਰਾ ਉਥੇ ਲਗਾਤਾਰ ਮਾਲਾ ਫੇਰਦੀ ਹੋਈ ਨਜ਼ਰ ਆ ਰਹੀ ਸੀ।ਇਮਰਾਨ ਖਾਨ ਵਲੋਂ ਕਪਿਲ ਦੇਵ ਅਤੇ ਸੁਨੀਲ ਗਾਵਸਕਰ ਨੂੰ ਵੀ ਸਹੁੰ ਚੁਕ ਸਮਾਗਮ ‘ਚ ਸ਼ਾਮਲ ਹੋਣ ਦਾ ਸਦਾ ਮਿਲਿਆ ਸੀ।