ਗੁਰਜੀਤ ਕੌਰ ਭੱਟ
ਨਕਲ ਦਾ ਘੁਣ ਸਦੀਆਂ ਤੋਂ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ। ਪਹਿਲੇ ਸਰਮਾਏਦਾਰੀ ਨੇ ਇਸਨੂੰ ਪ੍ਰਚਲਿਤ ਕੀਤਾ। ਪੜ੍ਹਨ ਵਾਲੇ ਬੱਚਿਆਂ ਨਾਲ ਇਹ ਧੱਕਾ ਸਦਾ ਹੀ ਚੱਲਦਾ ਰਹਿੰਦਾ ਹੈ। ਕਦੇ ਛੋਟੀ ਜਾਤ ਵਾਲੇ ਕਰਕੇ, ਕਦੇ ਸ਼ੂਦਰ ਕਰਕੇ ਤੇ ਕਦੇ ਨਲਾਇਕ ਬੱਚਿਆ ਦੇ ਮਾਂ ਬਾਪ ਦੇ ਪੈਸਿਆਂ ਕਰਕੇ।ਨਕਲ ਉਹ ਘੁਣ ਹੈ ਜੋ ਅੰਦਰੋਂ ਅੰਦਰੀਂ ਸਾਡੇ ਸਮਾਜ ਨੂੰ ਖੋਖਲਾ ਕਰ ਰਿਹਾ ਹੈ।ਕੀ ਅਸੀਂ ਕੱਚੀਆਂ ਨੀਂਹਾਂ ’ਤੇ ਆਲੀਸ਼ਾਨ ਮਹਿਲ ਦੀ ਉਸਾਰੀ ਕਰ ਸਕਦੇ ਹਾਂ? ਜਵਾਬ ਹੈ ਨਹੀਂ।ਫਿਰ ਮਾਂ ਬਾਪ ਤੇ ਅਧਿਆਪਕ ਕਿਉਂ ਆਪਣੇ ਦੇਸ਼ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ।ਮੇਰਾ ਸਵਾਲ ਹੈ ਕਿ ਬੱਚੇ ਖੁਦ ਕਰਨਾ ਸਿੱਖਦੇ ਹਨ ਜਾਂ ਫਿਰ ਇਹ ਰੋਗ ਜਨਮ ਜਾਤ ਰੋਗ ਹੈ। ਹਰ ਇੱਕ ਦਾ ਜਵਾਬ ਹੈ ਨਹੀਂ।ਫਿਰ ਅਸੀਂ ਖੁਦ ਹੀ ਕਿਉਂ ਆਪਣੇ ਬੱਚਿਆਂ ਨੂੰ ਰੋਗੀ ਬਣਾ ਰਹੇ ਹਾਂ।ਨਕਲ ਦੇ ਨੁਕਸਾਨ ਅਤੇ ਨਕਲ ਰਹਿਤ ਪ੍ਰੀਖਿਆਵਾਂ ਦੇ ਫਾਇਦਿਆਂ ਤੋਂ ਜਾਣੂੰ ਕਰਵਾਉਣ ਲਈ ਪੂਰੇ ਪੰਜਾਬ ਵਿੱਚ ਪੰਜਾਬ ਸਰਕਾਰ ਨੇ ਬੀਤੇ ਸਮੇਂ ਸੈਮੀਨਾਰ ਕਰਵਾਏ।ਪਰ ਇਸਦਾ ਫਾਇਦਾ ਕੀ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨੂੰ ਕਿਸੇ ਨੂੰ ਵੀ ਹੋਇਆ ਫਿਰ ਮੇਰਾ ਜਵਾਬ ਹੈ ਨਹੀਂ।ਅੱਠਵੀਂ ਤੱਕ ਕਿਸੇ ਵੀ ਬੱਚੇ ਨੂੰ ਫੇਲ ਨਾ ਕਰਨ ਦਾ ਸਰਕਾਰੀ ਹੁਕਮ ਕਿਵੇਂ ਪੂਰਾ ਕੀਤਾ ਜਾਵੇ। ਸਰਕਾਰੀ ਸਕੂਲ ਦਾ ਨਤੀਜਾ ਕਿਸ ਤਰ੍ਹਾਂ 100% ਲਿਆਂਦਾ ਜਾਵੇ ਅਜਿਹੇ ਕੁਝ ਸਵਾਲ ਸਰਕਾਰੀ ਅਧਿਆਪਕਾਂ ਸਾਹਮਣੇ ਭੂਤ ਦਾ ਰੂਪ ਧਾਰ ਕੇ ਖੜ੍ਹੇ ਹਨ।ਉਹ ਵਿਚਾਰੇ ਆਪਣੇ ਸਕੂਲ ਦਾ ਨਤੀਜਾ 100% ਲਿਆਉਣ ਤੇ ਜਿੰਨ੍ਹਾਂ ਬੱਚਿਆਂ ਨੂੰ ੳ,ਅ ਵੀਂ ਨਹੀਂ ਆਉਂਦਾ ਉਨ੍ਹਾਂ ਨੂੰ ਪਾਸ ਕਰਵਾਉਣ ਲਈ ਨਕਲ ਦਾ ਹੀ ਸਹਾਰਾ ਲਾਂਦੇ ਹਨ।ਸਭ ਤੋਂ ਵੱਧ ਨੁਕਸਾਨ ਉਨ੍ਹਾਂ ਬੱਚਿਆਂ ਦਾ ਹੀ ਹੁੰਦਾ ਹੈ ਜਿਹੜੇ ਦਿਨ ਰਾਤ ਇੱਕ ਕਰਕੇ ਪੜ੍ਹਾਈ ਕਰਦੇ ਹਨ।ਪਰ ਨਕਲ ਕਰਨ ਵਾਲੇ ਬੱਚੇ ਨਕਲ ਦੇ ਸਹਾਰੇ ਵਧੀਆ % ਲੈ ਕੇ ਪਾਸ ਹੁੰਦੇ ਹਨ ਬਿਨਾਂ ਮਿਹਨਤ ਕੀਤੇ।ਜਿਹੜੇ ਮਾਂ ਬਾਪ ਪੈਸੇ ਦੇ ਕੇ ਆਪਣੇ ਬੱਚਿਆਂ ਨੂੰ ਪਾਸ ਕਰਵਾਉਂਦੇ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦਾ
ਭਵਿੱਖ ਵਿਗਾੜਨ ਦੀ ਥਾਂ ਉਸਨੂੰ ਸਵਾਰਣ ਤੇ ਉਹਨਾਂ ਨੂੰ ਮਿਹਨਤ ਕਰਨ ਲਈ ਪ੍ਰੇਰਨ।ਬੋਰਡ ਦੀਆਂ ਪ੍ਰੀਖਿਆਵਾਂ ਲਈ ਬੋਰਡ ਦੁਆਰਾ ਨਕਲ ਫੜਨ ਲਈ ਕਈ ਛਾਪੇਮਾਰ ਸਕੀਮਾਂ ਬਣਾਈਆਂ ਜਾਂਦੀਆਂ ਹਨ ਪਰ ਬੋਰਡ ਦੇ ਪੇਪਰ ਵਿੱਚ ਹੀ ਬੱਚਿਆਂ ਤੋਂ ਆਮ ਸੁਣਨ ਨੂੰ ਮਿਲਦਾ ਹੈ ਕਿ ਪੜ੍ਹ ਕੇ ਕੀ ਕਰਨਾਂ ਸਾਰਾ ਕੰਮ ਤਾਂ ਮਾਸਟਰ ਨੇ ਆਪੇ ਬੋਰਡ ਤੇ ਕਰਵਾ ਹੀ ਦੇਣਾ ਹੈ ਕੀ ਇਹ ਵੀ ਮਿਹਨਤੀ ਬੱਚਿਆਂ ਨਾਲ ਧੋਖਾ ਨਹੀਂ।ਮੇਰਾ ਮੰਨਣਾ ਹੈ ਕਿ ਜੇਕਰ ਵਿਦਿਆਰਥੀਆਂ ਨੂੰ ਸਾਰਾ ਸਾਲ ਡੱਟ ਕੇ ਮਿਹਨਤ ਕਰਵਾਈ ਜਾਵੇ ਤਾਂ ਇਹ ਨਕਲ ਦਾ ਕੋਹੜ ਸਾਡੇ ਸਮਾਜ ਵਿੱਚੋਂ ਕੱਢਿਆ ਜਾ ਸਕਦਾ ਹੈ।ਅਧਿਆਪਕਾਂ ਨੂੰ ਹੋਰ ਵਾਧੂ ਦੇ ਕੰਮਾਂ ਤੋਂ ਵਿਹਲਾ ਕਰ ਸਿਰਫ ਸਿਰਫ ਬੱਚਿਆਂ ਦਾ ਭਵਿੱਖ ਸਵਾਰਨ ਲਈ ਹੀ ਕਿਹਾ ਜਾਵੇ।ਹੋਰ ਵਾਧੂ ਦੇ ਕੰਮਾਂ ਲਈ ਸਰਕਾਰ ਨੂੰ ਵਾਹੀਦਾ ਹੈ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ ਠੇਕੇ ਤੇ ਜਾਂ ਕਿਸੇ ਹੋਰ ਮਹਿਕਮੇ ਤੋਂ ਸਹਾਇਤਾ ਲਈ ਜਾਵੇ ਤਾਂ ਜੋ ਪੰਜਾਬ ਦਾ ਭਵਿੱਖ ਪੜਿਆ ਲਿਖਿਆ ਅਨਪੜ੍ਹ ਨਾ ਹੋ ਕੇ ਸੂਝਵਾਨ ਹੋ ਸਕੇ।ਪ੍ਰਖਿਆ ਕੇਦਰਾਂ ਨੂੰ ਡਰ ਮੁੱਕਤ ਕੀਤਾ ਜਾਵੇ।ਉੱਥੇ ਨਕਲ ਵਾਲੇ ਮਹੌਲ ਦੀ ਥਾਂ ਗਿਆਨ ਦਾ ਪ੍ਰਗਟਾਵਾ ਕਰਨ ਦੀ ਥਾਂ ਬਣਾਈ ਜਾਵੇ।ਜਿਹੜੇ ਅਧਿਆਪਕ ਨਕਲ ਕਰਵਾਉਂਦੇ ਫੜੇ ਜਾਂਦੇ ਹਨ ਜਾਂ ਜਿਹੜੇ ਬੱਚੇ ਨਕਲ ਕਰਦੇ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਅਧਿਆਪਕਾਂ ਤੇ ਬੱਚਿਆਂ ਪ੍ਰਤੀ ਸ਼ਖਤ ਰਵੱਈਆ ਅਪਣਾਏ।ਉਹਨਾਂ ਅਧਿਆਪਕਾਂ ਨੂੰ ਨੌਕਰੀ ਤੋਂ ਲਾਹ ਦੇਣਾ ਚਾਹੀਦਾ ਹੈ।ਤੇ ਬੱਚਿਆਂ ਨੂੰ ਵੀ ਬਣਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਹੋਰ ਅਧਿਆਪਕ ਤੇ ਬੱਚੇ ਸੁਚੇਤ ਹੋ ਸਕਣ। ਜਿਹੜਾ ਅਧਿਆਪਕ ਆਪ ਹੀ ਆਪਣੇ ਸਮਾਜ ਅੰਦਰ ਇਹ ਘੁਣ ਦੀ ਬਿਮਾਰੀ ਫੈਲਾ ਰਿਹਾ ਹੈ ਉਹ ਆਪ ਜਲ ਕੇ ਹੋਰ ਕਿਸੇ ਨੂੰ ਨਹੀਂ ਰੁਸ਼ਨਾ ਸਕਦਾ।
ਪਰਚੀ ਸਿਸਟਮ ਤੇ ਮਾਪਿਆਂ ਦੁਆਰਾ ਰਿਸਵਤ ਇਹ ਕਿਸੇ ਲਈ ਨੁਕਸਾਨ ਦੇਹਿ ਨਹੀਂ ਸਗੋਂ ਉਹ ਮਿੱਤਰ,ਦੋਸਤ ਤੇ ਮਾਪੇ ਆਪਣੇ ਹੀ ਬੱਚਿਆਂ ਦੀ ਜਿੰਦਗੀ ਨਾਲ ਖਿਲਵਾੜ ਕਰ ਰਹੇ ਹਨ।ਉਹ ਬੱਚੇ +2 ਤੋਂ ਬਾਅਦ ਨਾ ਘਰ ਦੇ ਰਹਿੰਦੇ ਹਨ ਤੇ ਨਾ ਹੀ ਘਾਟ ਦੇ।ਲੋੜ ਹੈ ਤਾਂ ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ।
ਸਭ ਸਕੀਮਾਂ ਤਾਂ ਹੀ ਕਾਰਗੀਰ ਸਿੱਧ ਹੋ ਸਕਦੀਆਂ ਹਨ ਜੇਕਰ ਸਾਡਾ ਸਮਾਜ ਸਹੀ ਸੇਧ ਵੱਲ ਜਾ ਰਿਹਾ ਹੋਵੇ।ਜੇਕਰ ਨਕਲ ਦਾ ਇਹ ਘੁਣ ਸਾਡੇ ਸਮਾਜ ਨੂੰ ਇਸ ਤਰ੍ਹਾਂ ਖਾਂਦਾ ਰਿਹਾ ਤਾਂ ਨਾ ਹੀ ਕੋਈ ਕਾਬਿਲ ਡਾਕਟਰ ਤੇ ਨਾ ਹੀ ਕੋਈ ਇੰਜਨੀਅਰ ਬਣ ਸਕਦਾ ਹੈ।ਲੋੜ ਹੈ ਸਾਡੇ ਸਮਾਜ ਨੂੰ ਸਹੀ ਸੇਧ ਦੀ, ਨਹੀਂ ਤਾਂ ਨਸ਼ਿਆਂ ਦੇ ਦਰਿਆਂ ਦੀ ਤਰ੍ਹਾਂ ਇਹ ਘੁਣ ਵੀ ਪੰਜਾਬ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਦੇਵੇਗਾ।
ਕਹਿੰਦੇ ਹਨ
ਕਿ ਅੱਜ ਦੇ ਬੱਚੇ
ਕੱਲ੍ਹ ਦੇ ਨੇਤਾ।