ਕੋਟਕਪੂਰਾ/ਹਰੀਨੌ, 16 ਅਗਸਤ (ਚਰਨਦਾਸ ਗਰਗ, ਅਮਨ ਸ਼ਰਮਾ, ਹਰਜੀਤ ਬਰਾੜ)- ਅੱਜ ਸਵੇਰੇ ਕਰੀਬ 5.30 ਵਜੇ ਕੋਟਕਪੂਰਾ-ਹਰੀਨੌਂ ਸੜਕ ’ਤੇ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ’ਚ ਤਿੰਨ ਵਿਅਕਤੀਆਂ ਦੇ ਸਖਤ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕੋਹਾਰਵਾਲਾ ਦੇ ਮਲਕੀਤ ਸਿੰਘ (40) ਪੁੱਤਰ ਸੰਪੂਰਨ ਸਿੰਘ ਅਤੇ ਅਕਾਸ਼ਦੀਪ ਸਿੰਘ (16) ਪੁੱਤਰ ਸਰਵਨ ਸਿੰਘ ਕੌਮ ਬੌਰੀਆ ਸਿੱਖ ਪਿੰਡ ਤੋਂ ਮੋਟਰਸਾਈਕਲ ’ਤੇ ਕੋਟਕਪੂਰਾ ਵੱਲ ਨੂੰ ਆ ਰਹੇ ਸਨ ਜਦ ਉਹ ਕੋਹਾਰਵਾਲਾ-ਬਾਹਮਣਵਾਲਾ ਮੋੜ ’ਤੇ ਪੁੱਜੇ ਤਾਂ ਮੁੱਖ ਸੜਕ ’ਤੇ ਹਰੀਨੌਂ ਵੱਲ ਨੂੰ ਜਾ ਰਹੇ ਪਿੰਡ ਕੋਟਲੀ ਅਬਲੂ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਵਸਨੀਕ ਪੱਪੂ ਸਿੰਘ (25) ਪੁੱਤਰ ਜੱਸਾ ਸਿੰਘ ਨਾਲ ਸਿੱਧੀ ਟੱਕਰ ਹੋ ਗਈ। ਪਿੰਡ ਵਾਸੀਆਂ ਤੇ ਰਾਹਗੀਰਾਂ ਨੇ ਜਖਮੀ ਵਿਅਕਤੀਆਂ ਨੂੰ ਤੁਰੰਤ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਪਹੁੰਚਾਇਆ ਪਰ ਜਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਸਵੇਰੇ ਡਿਊਟੀ ਕਰ ਰਹੇ ਡਾ. ਸੰਦੀਪ ਪਾਲ ਨੇ ਤਿੰਨਾਂ ਜਖਮੀਆਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਰੈਫਰ ਕਰ ਦਿੱਤਾ। ਉਨ੍ਹਾਂ ਜਖਮੀਆਂ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ।