ਮਨਪ੍ਰੀਤ ਬਾਦਲ ਹੋਣਗੇ ਬਠਿੰਡਾ ਤੋਂ ਸਾਂਝੇ ਉਮੀਦਵਾਰ
ਚੰਡੀਗੜ੍ਹ, 11 ਮਾਰਚ -ਕਾਂਗਰਸ ਪਾਰਟੀ ਤੇ ਪੀਪਲਜ਼ ਪਾਰਟੀ ਦਰਮਿਆਨ ਪੰਜਾਬ ’ਚ ਲੋਕ ਸਭਾ ਚੋਣਾਂ ਲਈ ਸਮਝੌਤਾ ਹੋ ਗਿਆ ਹੈ। ਇਸ ਸਮਝੌਤੇ ਦਾ ਐਲਾਨ ਅੱਜ ਪੰਜਾਬ ਕਾਂਗਰਸ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਤੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਦੋਵਾਂ ਪਾਰਟੀਆਂ ਦੇ ਕਈ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਕਰਦਿਆਂ ਸੂਬੇ ਵਿੱਚ ਲੋਕ ਸਭਾ ਚੋਣਾਂ ਮਿਲ ਕੇ ਲੜਨ ਦਾ ਐਲਾਨ ਕੀਤਾ ਗਿਆ। ਸਮਝੌਤੇ ਤਹਿਤ ਬਠਿੰਡਾ ਤੋਂ ਮਨਪ੍ਰੀਤ ਬਾਦਲ ਗਠਜੋੜ ਦੇ ਸਾਂਝੇ ਉਮੀਦਵਾਰ ਹੋਣਗੇ ਤੇ ਇੱਥੇ ਚੋਣ ਪੀਪੀਪੀ ਦੇ ਚੋਣ ਨਿਸ਼ਾਨ ‘ਪਤੰਗ’ ’ਤੇ ਹੀ ਲੜੀ ਜਾਵੇਗੀ ਜਦਕਿ ਬਾਕੀ ਸੀਟਾਂ ’ਤੇ ਪੀਪੀਪੀ ਕਾਂਗਰਸੀ ਉਮੀਦਵਾਰਾਂ ਦੀ ਹਮਾਇਤ ਕਰੇਗੀ। ਸੀ.ਪੀ.ਆਈ. ਸੀਟ ਬਾਰੇ ਫਰੀਦਕੋਟ ਨਾਲ
ਸਮਝੌਤੇ ਬਾਰੇ ਅਜੇ ਵੀ ਭੰਬਲਭੂਸਾ ਬਰਕਰਾਰ ਹੈ ਕਿਉਂਕਿ ਅੱਜ ਸਮਝੌਤੇ ਵੇਲੇ ਸੀ.ਪੀ.ਆਈ., ਬਰਨਾਲਾ ਧੜੇ ਦਾ ਕੋਈ ਵੀ ਆਗੂ ਮੌਜੂਦ ਨਹੀਂ ਸੀ। ਅੱਜ ਚੰਡੀਗੜ੍ਹ ਦੇ ਪ੍ਰੈ¤ਸ ਕਲੱਬ ’ਚ ਖਚਾਖਚ ਭਰੀ ਕਾਨਫਰੰਸ ਦੌਰਾਨ ਇਸ ਸਮਝੌਤੇ ਦਾ ਐਲਾਨ ਕਰਦਿਆਂ ਇਸ ਵਾਰ ਪ੍ਰਤਾਪ ਬਾਜਵਾ ਤੇ ਮਨਪ੍ਰੀਤ ਬਾਦਲ ਦੋਵਾਂ ਨੇ ਮਿਲ ਕੇ ਸੂਬੇ ’ਚੋਂ ਨਿਜ਼ਾਮ ਬਦਲਣ ਦਾ ਸੱਦਾ ਦਿੰਦਿਆਂ ਲੋਕ ਸਭਾ ਚੋਣਾਂ ਦੌਰਾਨ ਸਾਰੀਆਂ 13 ਸੀਟਾਂ ’ਤੇ ਜਿੱਤ ਪ੍ਰਾਪਤ ਕਰਨ ਦਾ ਦਾਅਵਾ ਕੀਤਾ। ਇਸ ਮੌਕੇ ਬਾਜਵਾ ਨੇ ਕਿਹਾ ਕਿ ਇਹ ਸਮਝੌਤਾ ਕੁਲ ਹਿੰਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਮੀਤ ਪ੍ਰਧਾਨ ਰਾਹੁਲ ਗਾਂਧੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਦੇ ਦਿਸ਼ਾ-ਨਿਰਦੇਸ਼ਾਂ ਤੇ ਸੂਬੇ ’ਚੋਂ ਫਿਰਕੂ ਤਾਕਤਾਂ ਨੂੰ ਹਰਾਉਣ ਲਈ ਸੈਕੂਲਰ ਤਾਕਤਾਂ ਨੂੰ ਇਕਜੁਟ ਕਰਨ ਲਈ ਕੀਤਾ ਗਿਆ ਹੈ। ਸਮਝੌਤੇ ’ਤੇ ਕਾਫੀ ਖੁਸ਼ ਨਜ਼ਰ ਆ ਰਹੇ ਬਾਜਵਾ ਨੇ ਕਿਹਾ ਕਿ ਇਹ ਸਮਝੌਤਾ ਸਿਰਫ ਲੋਕ ਸਭਾ ਚੋਣਾਂ ਤਕ ਸੀਮਤ ਨਹੀਂ ਹੈ ਬਲਕਿ ਲੰਮਾ ਸਮਾਂ ਚੱਲੇਗਾ ਤੇ ਅਗਲੇ ਕੁਝ ਦਿਨਾਂ ਵਿੱਚ ਦੋਵਾਂ ਪਾਰਟੀਆਂ ਦਾ ਸਾਂਝਾ ਮੈਨੀਫੈਸਟੋ ਵੀ ਜਾਰੀ ਹੋਵੇਗਾ ਤੇ ਨਾਲ ਸਾਂਝੀ ਚੋਣ ਪ੍ਰਚਾਰ ਕਮੇਟੀ ਵੀ ਬਣਾਈ ਜਾਵੇਗੀ। ਮਨਪ੍ਰੀਤ ਨੂੰ ਬਠਿੰਡਾ ਤੋਂ ਦੋਵਾਂ ਪਾਰਟੀਆਂ ਦਾ ਸਾਂਝਾ ਉਮੀਦਵਾਰ ਐਲਾਨਦਿਆਂ ਬਾਜਵਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਖਿਲਾਫ ਬਠਿੰਡਾ ਤੋਂ ਜੰਗ ਸ਼ੁਰੂ ਹੋਵੇਗੀ ਤੇ ਬਠਿੰਡਾ ਵਾਂਗ ਸਾਰੀਆਂ 13 ਸੀਟਾਂ ਤੇ ਸੂਬਾ ਸਰਕਾਰ ਨੂੰ ਜ਼ਬਰਦਸਤ ਹਾਰ ਦਿੱਤੀ ਜਾਵੇਗੀ। ਮਨਪ੍ਰੀਤ ਨੂੰ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਖਿਲਾਫ ਤਕੜਾ ਉਮੀਦਵਾਰ ਦਸਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਮਨਪ੍ਰੀਤ ਇਸ ਵੇਲੇ ਹਰਸਿਮਰਤ ਤੋਂ 1 ਲੱਖ ਵੋਟਾਂ ਤੇ ਅੱਗੇ ਹਨ। ਮਨਪ੍ਰੀਤ ਬਾਦਲ ਨੇ ਇਸ ਮੌਕੇ ਆਪਣੀ ਤਕਰੀਰ ਦੀ ਸ਼ੁਰੂਆਤ ਸ਼ੇਅਰ ‘ਉਨਕੋ ਮਨਾਨੇ ਮੇਂ, ਉਨਕੇ ਪਾਸ ਜਾਨੇ ਮੇਂ, ਫਿਰ ਮੁਸਕੁਰਾਨੇ ਮੇਂ, ਮੈਂ ਦੇਰ ਕਰ ਦੇਤਾ ਹੂੰ’ ਨਾਲ ਕਰਦਿਆਂ ਕਿਹਾ ਕਿ ਸਮਝੌਤੇ ਵਿੱਚ ਦੇਰ ਹੋ ਗਈ ਹੈ ਪਰ ਚਲੋ ਅਸੀਂ ਮਿਲ ਗਏ ਹਾਂ, ਜਿਸ ਮਕਸਦ ਨਾਲ ਪੀਪੀਪੀ ਚੱਲੀ ਸੀ, ਉਸ ਲਈ ਹੀ ਗਠਜੋੜ ਕੀਤਾ ਗਿਆ ਹੈ। ਕਾਂਗਰਸ ਨਾਲ ਗਠਜੋੜ ਦੇ ਕਾਰਨ ਗਿਣਾਉਂਦਿਆਂ ਮਨਪ੍ਰੀਤ ਨੇ ਕਿਹਾ ਕਿ ਪੰਜਾਬ ’ਚੋਂ ਜ਼ਾਲਮਾਨਾ ਨਿਜਾਮ ਬਦਲਣ ਲਈ, ਮਾਫੀਆ ਰਾਜ ਖਤਮ ਕਰਨ ਲਈ ਤੇ ਇਸ ਆਸ਼ੇ ਦੀ ਪੂਰਤੀ ਲਈ ਜ਼ਰੂਰੀ ਸੀ ਕਿ ਕਿਸੇ ਰਾਸ਼ਟਰੀ ਪਾਰਟੀ ਨਾਲ ਗਠਜੋੜ ਕੀਤਾ ਜਾਵੇ ਅਤੇ ਪੀਪੀਪੀ ਦੀ ਸੈਂਟਰਲ ਕਮੇਟੀ ਦੀ ਵੀ ਇਹੋ ਰਾਏ ਸੀ।
ਮਨਪ੍ਰੀਤ ਨੇ ਕਿਹਾ ਕਿ ਮੈਂ ਕੋਈ ਜੋਤਸ਼ੀ ਨਹੀਂ ਹਾਂ ਪਰ ਲੋਕਾਂ ਦੀ ਨਬਜ਼ ਪਛਾਣਦਾ ਹਾਂ ਤੇ ਲੋਕਾਂ ਦੇ ਦਿਲਾਂ ਦੀ ਵੀ ਮੈਂ ਜਾਣਦਾ ਹਾਂ। ਕਈ ਸਾਲਾਂ ਤੋਂ ਲੋਕਾਂ ਵਿੱਚ ਵਿਚਰਦਾ ਆ ਰਿਹਾ ਹਾਂ ਤੇ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਸ ਵਾਰ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਦੀ ਇਤਿਹਾਸਕ ਹਾਰ ਹੋਏਗੀ। ਆਮ ਆਦਮੀ ਪਾਰਟੀ ਨਾਲ ਸਮਝੌਤਾ ਨਾ ਕਰਨ ਬਾਰੇ ਮਨਪ੍ਰੀਤ ਨੇ ਕਿਹਾ ਕਿ ਉਹ ਚਾਹੁੰਦੇ ਸਨ ਕਿ ਪੀਪੀਪੀ ਨੂੰ ਆਮ ਆਦਮੀ ਪਾਰਟੀ ’ਚ ਮਰਜ ਕਰੋ ਜੋ ਸੰਭਵ ਨਹੀਂ ਸੀ। ਸਮਝੌਤੇ ਦੇ ਵਿਰੋਧ ਕਾਰਨ ਪੀਪੀਪੀ ਦੇ ਭਗਵੰਤ ਮਾਨ ਵਰਗੇ ਸੀਨੀਅਰ ਆਗੂਆਂ ਦੇ ਚਲੇ ਜਾਣ ਤੇ ਮਨਪ੍ਰੀਤ ਨੇ ਕਿਹਾ ਕਿ ਲੋਕ ਆਉਂਦੇ ਜਾਂਦੇ ਰਹਿੰਦੇ ਹਨ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਗਠਜੋੜ ਦਾ ਫੈਸਲਾ ਮੇਰਾ ਇਕੱਲੇ ਦਾ ਨਹੀਂ ਬਲਕਿ ਪੀਪੀਪੀ ਦੀ ਸੈਂਟਰਲ ਕਮੇਟੀ ਦਾ ਸੀ। ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਸਾਨੂੰ ਇੱਜ਼ਤ ਦਿੱਤੀ ਗਈ ਇਸ ਲਈ ਗਠਜੋੜ ਕੀਤਾ ਗਿਆ ਹੈ। ਇਸ ਦੌਰਾਨ ਦੋਵਾਂ ਆਗੂਆਂ ਨੇ ਕਈ ਤਿੱਖੇ ਸੁਆਲਾਂ ਦਾ ਜੁਆਬ ਦੇਣ ਤੋਂ ਟਾਲਾ ਵੱਟਿਆ ਤੇ ਇਨ੍ਹਾਂ ਦਾ ਜੁਆਬ ਦੇਣ ਤੋਂ ਗੁਰੇਜ਼ ਕੀਤਾ।”’