ਕੋਟਕਪੂਰਾ, 10 ਅਗਸਤ (ਅਮਨ ਸ਼ਰਮਾ)- ਦਾਣਾ ਮੰਡੀ ਬਰਗਾੜੀ ਵਿਖੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜੱਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ’ਚ ਚੱਲ ਰਿਹਾ ਇਨਸਾਫ਼ ਮੋਰਚਾ 71ਵੇਂ ਦਿਨ ਵੀ ਜਾਰੀ ਰਿਹਾ। ਇਸ ਮੋਰਚੇ ਵਿਚ ਰੋਜ਼ਾਨਾਂ ਦੀ ਤਰ੍ਹਾਂ ਰਾਗੀ, ਢਾਡੀ, ਕਵੀਸ਼ਰੀ, ਕਥਾਵਾਚਕ ਅਤੇ ਕੀਰਤਨਏ ਜੱਥਿਆਂ ਨੇ ਸੰਗਤਾਂ ਨੂੰ ਗੁਰੂ ਜੱਸ ਨਾਲ ਨਿਹਾਲ ਕੀਤਾ। ਇਸ ਮੌਕੇ ਭਾਈ ਬਲਜੀਤ ਸਿੰਘ ਦਾਦੂਵਾਲਾ ਨੇ ਕਿਹਾ ਕਿ ਸਿੱਖ ਸੰਗਤ ਅਤੇ ਪੰਥਕ ਆਗੂ ਸਿੱਖ ਮਸਲਿਆਂ ਦਾ ਹੱਲ ਸ਼ਾਂਤੀਪੂਰਵਕ ਤਰੀਕੇ ਨਾਲ ਕਰਵਾਉਣਾ ਚਾਹੁੰਦੇ ਹਨ। ਇਸ ਲਈ ਉਹ ਪਿਛਲੇ 71 ਦਿਨਾਂ ਤੋਂ ਸਰਕਾਰ ਨੂੰ ਇਨਸਾਫ਼ ਦੇਣ ਲਈ ਸ਼ਾਂਤਮਈ ਢੰਗ ਨਾਲ ਅਪੀਲ ਕਰ ਰਹੇ ਹਨ ਪ੍ਰੰਤੂ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਸਿੱਖ ਮਸਲਿਆਂ ਦੇ ਹੱਲ ਲਈ ਅਜੇ ਤੱਕ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ। ਉਨ੍ਹਾਂ ਸਰਕਾਰ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਸਿੱਖ ਕੌਮ ਦੇ ਸਬਰ ਨੂੰ ਪਰਖਣ ਦੀ ਕੋਸ਼ਿਸ਼ ਨਾ ਕਰਨ। ਜੇਕਰ ਸਿੱਖ ਕੌਮ ਇਨਸਾਫ਼ ਲੈਣ ਲਈ ਸੜਕਾਂ ’ਤੇ ਆਉਣਾ ਪਿਆ ਤਾਂ ਸਰਕਾਰ ਨੂੰ ਸਥਿਤੀ ਸੰਭਾਲਣੀ ਔਖੀ ਹੋ ਜਾਵੇਗੀ। ਇਸ ਮੌਕ ਉਨ੍ਹਾਂ ਆਏ ਹੋਏ ਪੰਥਕ ਆਗੂਆਂ, ਸਿੱਖ ਜੱਥੇਬੰਦੀਆ, ਸੰਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬੂਟਾ ਸਿੰਘ ਰਣਸੀਂਹ ਕੇ, ਗੁਰਦੀਪ ਸਿੰਘ ਬਠਿੰਡਾ, ਬੱਲਮ ਸਿੰਘ ਖੋਖਰ, ਬਾਬਾ ਰਾਜਾ ਰਾਜ ਸਿੰਘ ਤਰਨਾ ਦਲ, ਜਸਵਿੰਦਰ ਸਿੰਘ ਸਾਹੋ ਕੇ, ਰਣਜੀਤ ਸਿੰਘ ਵਾਂਦਰ, ਬਲਕਰਨ ਸਿੰਘ ਮੰਡ, ਜਗਦੀਪ ਸਿੰਘ ਭੁੱਲਰ, ਹਰਜਿੰਦਰ ਸਿੰਘ ਰੋਡੇ, ਹਰਵੀਰ ਸਿੰਘ, ਗੁਰਚਰਨ ਸਿੰਘ ਕੋਕਰੀ, ਸਾਧੂ ਸਿੰਘ ਧੰਮੂ, ਰਾਮ ਸਿੰਘ ਰਫ਼ਤਾਰ, ਕੁਲਵਿੰਦਰ ਸਿੰਘ ਸੋਢੀ ਵਾਲਾ, ਬਾਬਾ ਮੋਹਨ ਦਾਸ ਬਰਗਾੜੀ, ਗੁਰਸੇਵਕ ਸਿੰਘ ਜਵਾਹਰ ਕੇ ਸਮੇਤ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਹਾਜ਼ਰ ਸਨ।