ਕੁਹਾੜਾ/ਸਾਹਨੇਵਾਲ, 7 ਅਗੱਸਤ (ਮਹੇਸ਼ਇੰਦਰ ਸਿੰਘ ਮਾਂਗਟ)- ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਨਵਨਿਯੁਕਤ ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਗਰੇਵਾਲ ਨੇ ਅਜ ਅਕਾਲੀ ਦਲ ਦੇ ਸਾਬਕਾ ਜਿਲ੍ਹਾ ਪ੍ਰਧਾਨ ਅਤੇ ਐਸ ਐਸ ਬੋਰਡ ਦੇ ਸਾਬਕਾ ਚੇਅਰਮੈਨ ਜਥਦਾਰ ਸੰਤਾ ਸਿੰਘ ਉਮੈਦਪੁਰੀ ਦੇ ਗ੍ਰਹਿ ਪਹੁੰਚ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਸ: ਉਮੈਦਪੁਰੀ ਨੇ ਸਿਰੋਪਾਓ ਪਾ ਕੇ ਸਨਮਾਨਿਤ ਕਰਦਿਆਂ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਅਤੇ ਕਿਸਾਨਾਂ ਦੀਆਂ ਸਮਸਿਆਵਾਂ ਨੂੰ ਹਲ ਕਰਵਾਉਣ ਦਾ ਆਸ਼ੀਰਵਾਦ ਦਿਤਾ। ਸ: ਉਮੈਦਪੁਰੀ ਨੇ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਉਹ ਕਿਸਾਨ ਵਿੰਗ ਦਾ ਜਥੇਬੰਦਕ ਢਾਂਚਾ ਸਭ ਤੋਂ ਪਹਿਲਾਂ ਹਲਕਾ ਸਮਰਾਲਾ ਵਿਚ ਮੁੰਕਮਲ ਕਰਵਾਉਣਗੇ ਅਤੇ ਇਸ ਤੋਂ ਇਲਾਵਾ ਬਾਕੀ ਵਿਧਾਨ ਸਭਾਵਾਂ ਵਿਚ ਵੀ ਉਨ੍ਹਾਂ ਦੀ ਪੂਰੀ ਮਦਦ ਕਰਨਗੇ। ਸ: ਉਮੈਦਪੁਰੀ ਨੇ ਮੌਜੂਦਾ ਸਰਕਾਰ ਦੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਕਿਹਾ ਕਿ ਇਸ ਤੋਂ ਹਰ ਵਰਗ ਦੁਖੀ ਹੈ। ਵਿਕਾਸ ਪਖੋਂ ਪੰਜਾਬ ਲੀਹੋਂ ਲਥ ਚੁਕਾ ਹੈ ਜਿਸ ਕਾਰਨ ਲੋਕਾਂ ਦਾ ਇਸ ਸਰਕਾਰ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਗਿਆ ਹੈ। ਉਨ੍ਹਾਂ ਕਿਹਾ ਗੁੰਮਰਾਹਕੁੰਨ ਪ੍ਰਚਾਰ ਦੇ ਸਬਜਬਾਗਾਂ ਵਿਚ ਆਏ ਸੂਬੇ ਦੇ ਲੋਕ ਖੁਦ ਨੂੰ ਠਗਿਆ ਮਹਿਸੂਸ ਕਰ ਰਹੇ ਹਨ। ਸ: ਉਮੈਦਪੁਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਾਂਗਰਸ ਸਰਕਾਰ ਨੂੰ ਉਨ੍ਹਾਂ ਕਾਰਗੁਜਾਰੀ ਦਾ ਅਸਲ ਸ਼ੀਸ਼ਾ ਦਿਖਾਉਣਾ ਹੈ ਤਾਂ ਜਲਦ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਅਤੇ ਉਸ ਤੋਂ ਬਾਅਦ ਦੇਸ਼ ਦੀ ਪੰਚਾਇਤ ਲੋਕ ਸਭਾ ਵਿਚ ਇਨ੍ਹਾਂ ਨੂੰ ਕਰਾਰੀ ਹਾਰ ਦਿਤੀ ਜਾਵੇ। ਇਸ ਮੌਕੇ ਸ: ਗਰੇਵਾਲ ਨੇ ਸ: ਉਮੈਦਪੁਰੀ ਨੂੰ ਭਰੋਸਾ ਦਿਤਾ ਕਿ ਉਹ ਸੀਨੀਅਰ ਆਗੂਆਂ ਦੇ ਆਸ਼ੀਰਵਾਦ ਅਤੇ ਤਜੁਰਬੇ ਨਾਲ ਕਿਸਾਨ ਵਿੰਗ ਦਾ ਜਥੇਬੰਦਕ ਢਾਂਚਾ ਬਣਾਉਣਗੇ ਜਿਸ ਦਾ ਆਉਣ ਵਾਲੀਆਂ ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਦੀ ਜਿਤ ਵਿਚ ਵਡਾ ਰੋਲ ਹੋਵੇਗਾ। ਇਸ ਮੌਕੇ ਦਰਸ਼ਨ ਸਿੰਘ ਗਰੇਵਾਲ, ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ ਸਿਧੂ ਅਤੇ ਬਾਬਾ ਬਲਦੇਵ ਸਿੰਘ ਖਾਸੀ ਹਾਜ਼ਰ ਸਨ।