ਸਨਿਫਰ ਡਾਗ ਅਤੇ ਐਂਟੀ ਸਾਬੋਟਾਜ਼ ਟੀਮ ਨੇ ਕੀਤੀ ਰੇਲਵੇ ਸਟੇਸ਼ਨਾਂ ’ਤੇ ਵਿਸ਼ੇਸ਼ ਚੈਕਿੰਗ
ਖੰਨਾ, 7 ਅਗਸਤ (ਲਾਲ ਸਿੰਘ ਮਾਂਗਟ)- ਬੀਤੇ ਦਿਨੀਂ ਫਿਰੋਜ਼ਪੁਰ ’ਚ ਸਤਲੁਜ ਦਰਿਆ ਰਸਤੇ ਆਈ ਪਾਕਿਸਤਾਨੀ ਕਿਸ਼ਤੀ ਅਤੇ ਦਿੱਲੀ ’ਚ ਦਾਖਲ ਹੋਏ ਪੰਜ ਕਸ਼ਮੀਰੀ ਅੱਤਵਾਦੀਆਂ ਸੰਬੰਧੀ ਕੇਂਦਰੀ ਸੁਰੱਖਿਆ ਏਜੰਸੀਆਂ ਅਤੇ ਇੰਟੈਲੀਜੈਂਸ ਵਿਭਾਗ ਤੋਂ ਮਿਲੀਆਂ ਖੁਫੀਆ ਰਿਪੋਰਟਾਂ ਬਾਦ ਪੂਰੇ ਸੂਬੇ ਅੰਦਰ ਪੰਜਾਬ ਪੁਲਿਸ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਪਾਕਿਸਤਾਨੀ ਸਮਰਥਨ ਹਾਸਲ ਕਸ਼ਮੀਰੀ ਆਤੰਕੀ ਸੰਗਠਨਾਂ ਵੱਲੋਂ ਸੁਤੰਤਰਤਾ ਦਿਵਸ ਮੌਕੇ ਦੇਸ਼ ਅੰਦਰ ਦਹਿਸ਼ਤਗਰਦੀ ਫੈਲਾਉਣ ਸੰਬੰਧੀ ਖੁਫੀਆ ਰਿਪੋਰਟਾਂ ਮਿਲਣ ਬਾਦ ਪੁਲਿਸ ਕਿਸੇ ਵੀ ਤਰਾਂ ਦਾ ਰਿਸਕ ਲੈਣ ਦੇ ਮੂਡ ’ਚ ਨਹੀ। ਪੰਜਾਬ ਪੁਲਿਸ ਹੈਡਕੁਆਟਰ ਵੱਲੋਂ ਆਏ ਨਿਰਦੇਸ਼ਾਂ ਤੇ ਪੁਲਿਸ ਜ਼ਿਲਾ ਖੰਨਾ ਨੂੰ ਕਿਲੇ ’ਚ ਤਬਦੀਲ ਕਰ ਦਿੱਤਾ ਗਿਆ ਹੈ। ਜਿਲੇ ਦੇ ਐੰਟਰੀ ਪੁਆਇੰਟਾਂ ਨੂੰ ਸੀਲ ਕਰਕੇ ਸੰਗੀਨਾਂ ਦੇ ਸਾਏ ਹੇਠ ਪੁਲਿਸ ਬਲਾਂ ਵੱਲੋ ਨਾਕਾਬੰਦੀ ਦੌਰਾਨ ਵਿਸ਼ੇਸ਼ ਚੈਕਿੰਗ ਜਾਰੀ ਹੈ। ਸੁਤੰਤਰਰਤਾ ਦਿਵਸ ਸਮਾਰੋਹ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚਾੜਨ ਸੰਬੰਧੀ ਜ਼ਿਲਾ ਪੁਲਿਸ ਵੱਲੋਂ ਚਾਕ ਚੌਬੰਦ ਕੀਤੇ ਸੁਰੱਖਿਆ ਪ੍ਰਬੰਧਾਂ ਤਹਿਤ ਦਿਨ ਰਾਤ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਅਤੇ ਹੋਰ ਭੀੜ ਭਰੇ ਜਨਤਕ ਸਥਾਨਾਂ ਦੇ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਨਜ਼ਦੀਕੀ ਪਿੰਡ ਈਸੜੂ ਵਿਖੇ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਦੀ ਯਾਦ ਚ ਮਨਾਏ ਜਾਣ ਵਾਲੇ ਸੂਬਾ ਪੱਧਰੀ ਸ਼ਹੀਦੀ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦੌਰੇ ਮੱਦੇਨਜ਼ਰ ਖੰਨਾ ਪੁਲਿਸ ਵੱਲੋਂ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ। ਇਸ ਸਬੰਧੀ ਐਸਐਸਪੀ ਖੰਨਾ ਵਲੋਂ ਜਿਲ੍ਹੇ ਦੇ ਪੁਲਿਸ ਅਫਸਰ ਸਹਿਬਾਨ ਨੂੰ ਵਿਸ਼ੇਸ਼ ਮੈਸੇਜ ਦੁਆਰਾ ਅਲਰਟ ਕੀਤਾ ਗਿਆ ਹੈ। ਆਜ਼ਾਦੀ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਬੰਦੋਬਸਤਾਂ ਨੂੰ ਮਜ਼ਬੂਤ ਕਰਨ ਅਤੇ ਗੈਰਸਮਾਜਕ ਅਨਸਰਾਂ ਤੇ ਆਪਰਾਧਿਕ ਕਿਸਮ ਦੇ ਲੋਕਾਂ ਤੇ ਨਕੇਲ ਕੱਸਣ ਲਈ ਜ਼ਿਲਾ ਪੁਲਿਸ ਅਧਿਕਾਰੀਆਂ ਵੱਲੋਂ ਸਥਾਨਕ ਰੇਲਵੇ ਸਟੇਸ਼ਨ ਤੇ ਜੀਆਰਪੀ ਅਤੇ ਆਰਪੀਐਫ ਨਾਲ ਮਿਲਕੇ ਸਾਂਝੇ ਤੌਰ ਤੇ ਚੈਕਿੰਗ ਮੁਹਿੰਮ ਚਲਾਈ ਗਈ। ਐਂਟੀ ਸਾਬੋਟਾਜ਼ ਟੀਮ ਅਤੇ ਸਨਿਫਰ ਡਾਗ ਸੁਕਾਇਡ ਟੀਮ ਨਾਲ ਰੇਲਵੇ ਸਟੇਸ਼ਨ ਤੇ ਪਲੇਟਫਾਰਮਾਂ, ਵੇਟਿੰਗ ਰੂਮ, ਮਾਲ ਗੋਦਾਮ, ਮੁਸਾਫਰਖਾਨਾ, ਸਾਇਕਲ ਸਟੈਂਡ ਅਤੇ ਰੇਲਵੇ ਕੰਪਲੈਕਸ ਤੇ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਮੌਕੇ ਰੇਲਵੇ ਸਟੇਸ਼ਨ ਤੇ ਆਉਣ ਜਾਣ ਵਾਲੀਆਂ ਟਰੇਨਾਂ, ਪਲੇਟਫਾਰਮ ਤੇ ਬੈਠੇ ਯਾਤਰੀਆਂ ਅਤੇ ਉਨਾਂ ਦੇ ਸਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸਦੇ ਨਾਲ ਹੀ ਰੇਲਵੇ ਸਟੇਸ਼ਨ ਤੇ ਰੁਕਣ ਵਾਲੀਆਂ ਟਰੇਨਾਂ ਅੰਦਰ ਯਾਤਰੀਆਂ ਦੇ ਸਮਾਨ ਨੂੰ ਚੈਕ ਕੀਤਾ ਗਿਆ। ਇਸੇ ਤਰਾਂ ਰੇਲਵੇ ਸਟੇਸ਼ਨ ਦੋਰਾਹਾ, ਰੇਲਵੇ ਸਟੇਸ਼ਨ ਚਾਵਾ ਅਤੇ ਸਮਰਾਲਾ ਚ ਵੀ ਵੱਖ-ਵੱਖ ਪੁਲਿਸ ਅਧਿਕਾਰੀਆਂ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ। ਦੇਸ਼ ਭਰ ਚ 15 ਅਗਸਤ ਨੂੰ ਮਨਾਏ ਜਾਣ ਵਾਲੇ ਸੁਤੰਤਰਤਾ ਦਿਵਸ ਸੰਬੰਧੀ ਜ਼ਿਲਾ ਅਤੇ ਵੱਖ-ਵੱਖ ਸ਼ਹਿਰਾਂ ’ਚ ਦਾਖਲ ਹੋਣ ਵਾਲੇ ਪੁਆਇੰਟਾਂ ਨੂੰ ਸੀਲ ਕਰਨ ਦੇ ਤਹਿਤ 35 ਵਿਸ਼ੇਸ਼ ਨਾਕਾਬੰਦੀਆਂ ਕੀਤੀਆਂ ਗਈਆਂ ਹਨ। ਇਸਦੇ ਤਹਿਤ ਸਰਚ ਆਪਰੇਸ਼ਨ ਅਤੇ ਨਾਈਟ ਡੌਮੀਨੇਂਸ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਰਾਤ ਦੇ ਸਮੇਂ ਵਿਸ਼ੇਸ਼ ਚੈਕਿੰਗ ਲਈ 11 ਸਟਰਾਂਗ ਨਾਕਾਬੰਦੀਆਂ, 10 ਚਾਰ ਪਹੀਆ ਪੈਟਰੋਲਿੰਗ ਪਾਰਟੀਆਂ ਅਤੇ ਸ਼ਹਿਰੀ ਏਰੀਏ ਚ ਚੈਕਿੰਗ ਲਈ 15 ਪੀਸੀਆਰ ਮੋਟਰਸਾਈਕਲ ਪਾਰਟੀਆਂ ਤੋਂ ਇਲਾਵਾ ਦਿਹਾਤੀ ਇਲਾਕਿਆਂ ਚ ਰੈਪਿਡ ਰੂਰਲ ਪੁਲਿਸ ਰਿਸਪਾਂਸ ਸਿਸਟਮ ਅਧੀਨ 11 ਫੋਰ ਵਹੀਲਰ ਪੈਟਰੋਵਿੰਗ ਤੇ ਚਾਰ ਮੋਟਰਸਾਈਕਲ ਪੈਟਰੋਲਿੰਗ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨਾਂ ਵੱਲੋਂ ਦਿਨ ਰਾਤ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਅਮਨ ਤੇ ਕਾਨੂੰਨ ਵਿਵਸਥਾ ਨੂੰ ਪੂਰੀ ਤਰਾਂ ਬਰਕਰਾਰ ਰੱਖਿਆ ਜਾ ਸਕੇ।