April 25, 2026 11:35 pm

ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ 19ਵੇਂ ਚੇਤਨਾ ਮਾਰਚ ਦਾ ਹੋਵੇਗਾ ਭਰਵਾਂ ਸਵਾਗਤ

ਭਾਈ ਗਰੇਵਾਲ ਤੇ ਕੇਵਲ ਬਾਦਲ ਨਾਲ ਟਰੱਸਟ ਨੇ ਕੀਤੀ ਮੀਟਿੰਗ

ਜਗਰਾਉਂ, 5 ਅਸਗਤ- ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 19ਵਾਂ ਚੇਤਨਾ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 3 ਸਤੰਬਰ ਨੂੰ ਚੱਲਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚੋਂ ਹੁੰਦਾ ਹੋਇਆ 5 ਸਤੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇਗਾ ਤੇ ਇਹ ਮਾਰਚ 3 ਸਤੰਬਰ ਸ਼ਾਮ ਨੂੰ ਜਗਰਾਉਂ ਪਹੁੰਚੇਗਾ। ਮਾਰਚ ਦੇ ਸਵਾਗਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਕੇਵਲ ਸਿੰਘ ਬਾਦਲ ਦੀ ਮੀਟਿੰਗ ਸ਼ਹੀਦ ਬਾਬਾ ਜੀਵਨ ਸਿੰਘ ਵਿਦਿਅਕ ਅਤੇ ਭਲਾਈ ਟਰੱਸਟ ਨਾਲ ਭਾਈ ਗਰੇਵਾਲ ਦੇ ਗ੍ਰਹਿ ਵਿਖੇ ਹੋਈ, ਜਿਸ ’ਚ ਮਾਰਚ ਦੇ ਭਰਵੇਂ ਸਵਾਗਤ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਭਾਈ ਗਰੇਵਾਲ ਤੇ ਕੇਵਲ ਬਾਦਲ ਨੇ ਕਿਹਾ ਕਿ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੂੰ ‘ਰੰਘਰੇਟੇ ਗੁਰੂ ਕੇ ਬੇਟੇ’ ਹੋਣ ਖਿਤਾਬ ਹਾਸਿਲ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋ ਰਹੇ ਚੇਤਨਾ ਮਾਰਚ ਦੇ ਸਵਾਗਤ ਲਈ ਜਗਰਾਉਂ ਦੇ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਸ਼ਹੀਦ ਬਾਬਾ ਜੀਵਨ ਸਿੰਘ ਨਾਲ ਸਬੰਧਤ ਗੁਰਦੁਆਰਿਆਂ ’ਚ ਪ੍ਰਚਾਰ ਵੀ ਕਰ ਰਹੇ ਹਨ। ਇਸ ਮੌਕੇ ਸ਼ਹੀਦ ਬਾਬਾ ਜੀਵਨ ਸਿੰਘ ਵਿਦਿਅਕ ਅਤੇ ਭਲਾਈ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਦਲੇਰ ਤੇ ਪ੍ਰਧਾਨ ਕੌਂਸਲਰ ਦਰਸ਼ਨ ਸਿੰਘ ਗਿੱਲ ਨੇ ਦੱਸਿਆ ਕਿ ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ 19ਵੇਂ ਚੇਤਨਾ ਮਾਰਚ ਦੇ ਸਵਾਗਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਗਰੇਵਾਲ ਤੇ ਕੇਵਲ ਬਾਦਲ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਰਚ ਦੇ ਸਵਾਗਤ ਲਈ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਸਾਂਝੀ ਮੀਟਿੰਗ 11 ਅਗਸਤ ਸ਼ਾਮ 3 ਵਜੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਰਾਣੀ ਵਾਲਾ ਖੂਹ ਵਿਖੇ ਰੱਖੀ ਗਈ ਹੈ, ਜਿਸ ’ਚ ਸਮੂਹ ਇਲਾਕਾ ਨਿਵਾਸੀਆਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਮੌਕੇ ਪ੍ਰਚਾਰਕ ਸਕੱਤਰ ਟਹਿਲ ਸਿੰਘ ਗਿੱਲ, ਸੈਕਟਰੀ ਜਗਜੀਤ ਸਿੰਘ, ਜੱਥੇਦਾਰ ਬਾਬਾ ਪਾਲ ਸਿੰਘ ਤੇ ਸੁਖਦੀਪ ਸਿੰਘ ਸਿੱਧਵਾਂ ਆਦਿ ਹਾਜ਼ਰ ਸਨ।

Send this to a friend