April 23, 2026 10:20 pm

ਅੱਖਾਂ ’ਚ ਮਿਰਚਾ ਪਾ ਕੇ ਲੁਟੇਰੇ ਵਪਾਰੀ ਤੋਂ 2.50 ਲੱਖ ਰੁਪਏ ਲੈ ਕੇ ਰਫੂ ਚਕਰ

ਜਗਰਾਉਂ, 4 ਅਗਸਤ (ਪਰਮਜੀਤ ਸਿੰਘ ਗਰੇਵਾਲ)- ਬੀਤੀ ਦੇਰ ਰਾਤ ਪੁਰਾਣੀ ਦਾਣਾ ਮੰਡੀ ਦਾ ਵਪਾਰੀ ਸ਼ਾਸ਼ਤਰੀ ਨਗਰ ’ਚ ਲੁੱਟ-ਖੋਹ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਅਨੁਸਾਰ ਸੁਰਿੰਦਰ ਐਂਡ ਕੰਪਨੀ ਦੇ ਮਾਲਕ ਸਾਹਿਲ ਗੁਪਤਾ ਆਪਣੀ ਕਾਲੇ ਰੰਗ ਦੀ ਐਕਟੀਵਾ ’ਤੇ ਰਾਤ 10 ਵਜੇ ਦੇ ਕਰੀਬ ਆਪਣੇ ਘਰ ਜਾ ਰਹੇ ਸਨ ਕਿ ਰਸਤੇ ’ਚ ਪਹਿਲਾ ਹੀ ਖੜ੍ਹੇ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਪਿਸਤੋਲ ਦਿਖਾ ਕੇ ਐਕਟੀਵਾ ਖੋਹ ਲਈ ਤੇ ਫਿਰ ਅੱਖਾਂ ’ਚ ਮਿਰਚਾ ਪਾ ਕੇ ਫਰਾਰ ਹੋ ਗਏ। ਸਾਹਿਲ ਗੁਪਤਾ ਨੇ ਦੱਸਿਆ ਕਿ ਐਕਟੀਵਾ ਦੀ ਡਿੱਗੀ ’ਚ 2.50 ਲੱਖ ਰੁਪਏ ਨਗਦੀ ਸੀ। ਇਸ ਤੋਂ ਇਲਾਵਾ ਲੁਟੇਰਿਆਂ ਨੇ ਸਾਹਿਲ ਨਾਲ ਕੁੱਟਮਾਰ ਕੀਤੀ ਤੇ ਗੋਲੀ ਮਾਰਨ ਦੀ ਧਮਕੀ ਦਿੱਤੀ। ਜ਼ਖਮੀ ਸਾਹਿਲ ਗੁਪਤਾ ਨੂੰ ਕਲਿਆਣੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐਸ. ਪੀ. (ਡੀ) ਰੁਪਿੰਦਰ ਭਾਰਦਵਾਜ ਤੇ ਥਾਣਾ ਸਿਟੀ ਦੇ ਇੰਚਾਰਜ ਇੰਦਰਜੀਤ ਸਿੰਘ ਬੋਪਾਰਾਏ ਪਹੁੰਚੇ। ਇਸ ਮੌਕੇ ਇੰਚਾਰਜ ਬੋਪਾਰਾਏ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਲੁੱਟੀ ਐਕਟੀਵਾ ਡਿਸਪੋਜਲ ਰੋਡ ਤੋਂ ਬਰਾਮਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਲੁਟੇਰੇ ਨੂੰ ਫੜ੍ਹਨ ਲਈ ਪੂਰੇ ਇਲਾਕੇ ’ਚ ਘੇਰਾਬੰਦੀ ਕਰ ਦਿੱਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ਸਬੰਧੀ ਥਾਣਾ ਸਿਟੀ ਵਿਖੇ ਮੁਕੱਦਮਾ ਨੰਬਰ 222 ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

Send this to a friend