April 25, 2026 4:14 pm

ਮੁੰਬਈ ਦੀ ਸਿੱਖ ਵਸੋਂ ਵਾਲੀ ਕਲੋਨੀ ਦੇ ਵਸਨੀਕਾਂ ਵੱਲੋਂ ਭਾਈ ਲੌਂਗੋਵਾਲ ਨੂੰ ਮੰਗ ਪੱਤਰ

ਕਿਹਾ 1957 ਵਿੱਚ ਮਿਲੀ ਕਲੋਨੀ ਖੁਸਣ ਤੋਂ ਬਚਾਈ ਜਾਵੇ

ਅੰਮ੍ਰਿਤਸਰ, 3 ਅਗਸਤ- ਮੁੰਬਈ ਦੀ ਸਿੱਖ ਵਸੋਂ ਵਾਲੀ ਇਕ ਕਲੋਨੀ ਗੁਰੂ ਤੇਗ ਬਹਾਦਰ ਨਗਰ ਦੇ ਨਿਵਾਸੀਆਂ ਨੇ ਉਨ੍ਹਾਂ ਨੂੰ 1957 ਵਿਚ ਮਿਲੀ ਕਲੋਨੀ ਦੀ ਜਗ੍ਹਾ ਬਚਾਉਣ ਲਈ ਸ਼੍ਰੋਮਣੀ ਕਮੇਟੀ ਪਾਸ ਗੁਹਾਰ ਲਗਾਈ ਹੈ। ਇਸ ਸਬੰਧ ਵਿਚ ਇੱਕ ਲਿਖਤੀ ਮੰਗ ਪੱਤਰ ਮੁੰਬਈ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਸ ਪੰਜਾਬੀ ਕਲੋਨੀ ਦੇ ਵਸਨੀਕਾਂ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਦਿੱਤਾ ਹੈ। ਇਸ ਕਲੋਨੀ ਵਿਚ ਵੱਡੀ ਗਿਣਤੀ ਵਿਚ ਸਿੱਖਾਂ ਤੋਂ ਇਲਾਵਾ ਹੋਰ ਧਰਮਾਂ ਨਾਲ ਸਬੰਧਤ ਪੰਜਾਬੀ ਲੋਕ ਵੀ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਬੇਸ਼ੱਕ ਕੋਰਟ ਵੱਲੋਂ ਵੀ ਕਲੋਨੀ ਦੀ ਹਾਲਤ ਖ਼ਦਸਾ ਹੋਣ ਕਰਕੇ ਇਸ ਨੂੰ ਖ਼ਾਲੀ ਕਰਨ ਲਈ ਕਿਹਾ ਗਿਆ ਹੈ, ਪਰ ਉਹ ਅਜਿਹੇ ਹਾਲਾਤਾਂ ਵਿਚ ਇਥੋਂ ਕਿਵੇਂ ਨਿਕਲ ਸਕਦੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਲੋਨੀ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਸਲੇ ਸਬੰਧੀ ਭਾਰਤ ਸਰਕਾਰ ਦੇ ਨਾਲ ਨਾਲ ਮਹਾਰਾਸ਼ਟਰ ਸਰਕਾਰ ਨਾਲ ਵੀ ਗੱਲ ਕਰਨਗੇ। ਇਸ ਮੌਕੇ ਭਾਈ ਲੌਂਗੋਵਾਲ ਨਾਲ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਮੁੱਖ ਸਕੱਤਰ ਡਾ. ਰੂਪ ਸਿੰਘ, ਨਿੱਜੀ ਸਕੱਤਰ ਸ. ਜਗਜੀਤ ਸਿੰਘ ਜੱਗੀ ਅਤੇ ਨਿੱਜੀ ਸਹਾਇਕ ਸ. ਦਰਸ਼ਨ ਸਿੰਘ ਲੌਂਗੋਵਾਲ ਵੀ ਮੌਜੂਦ ਸਨ।

 

Send this to a friend