April 25, 2026 11:18 am

ਗਿਆਨੀ ਤਰਲੌਚਨ ਸਿੰਘ ਦੀ ਯਾਦ ’ਚ ਹੋਇਆ ਗੁਰਮਤਿ ਸਮਾਗਮ

ਕੌਮ ਦੀਆਂ ਮਹਾਨ ਸ਼ਖਸ਼ੀਅਤਾਂ ਵੱਲੋਂ ਗਿਆਨੀ ਤਰਲੌਚਨ ਸਿੰਘ ਵੱਲੋਂ ਕੌਮ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਕੀਤਾ ਗਿਆ ਯਾਦ

ਸ੍ਰੀ ਅਨੰਦਪੁਰ ਸਾਹਿਬ, 1 ਅਗਸਤ (ਦਵਿੰਦਰਪਾਲ ਸਿੰਘ, ਅੰਕੁਸ਼)- ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮਰਹੂਮ ਜਥੇਦਾਰ ਸਿੰਘ ਸਾਹਿਬ ਗਿ:ਤਰਲੌਚਨ ਸਿੰਘ ਦੀ ਯਾਦ ਵਿਚ ਅੱਜ ਸਥਾਨਕ ਦਸ਼ਮੇਸ਼ ਹਾਲ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿਚ ਕੌਮ ਦੀਆਂ ਉਘੀਆਂ ਸ਼ਖਸ਼ੀਅਤਾਂ ਨੇ ਹਾਜ਼ਰੀ ਭਰੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜੇ ਦੀਵਾਨ ਵਿਚ ਤਖਤ ਸਾਹਿਬ ਦੇ ਹਜ਼ੂਰੀ ਰਾਗੀ ਜੱਥਿਆਂ ਨੇ ਕੀਰਤਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ:ਰਘਬੀਰ ਸਿੰਘ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿ:ਹਰਪ੍ਰੀਤ ਸਿੰਘ ਨੇ ਕਿਹਾ ਕਿ ਗਿ:ਤਰਲੌਚਨ ਸਿੰਘ ਵਲੋਂ ਕੌਮ ਦੀ ਚੜ੍ਹਦੀ ਕਲਾ ਲਈ ਕੀਤੇ ਗਏ ਯਤਨਾਂ ਨੂੰ ਹਮੇਸ਼ਾ ਯਾਦ ਰਖਿਆ ਜਾਵੇਗਾ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸਿੰਘ ਸਾਹਿਬ ਵਲੋਂ ਨਿਹੰਗ ਜਥੇਬੰਦੀਆਂ ਸਮੇਤ ਕੋਮ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇਕ ਮਾਲਾ ਵਿਚ ਪਰੋ ਕੇ ਰੱਖਣ ਦੇ ਯਤਨ ਕੀਤੇ ਗਏ, ਜੋ ਸ਼ਲਾਘਾਯੋਗ ਹਨ। ਨਾਨਕਸਰ ਸੰਪਰਦਾ ਦੇ ਬਾਬਾ ਘਾਲਾ ਸਿੰਘ ਅਤੇ ਬਾਬਾ ਅਵਤਾਰ ਸਿੰਘ ਟਿੱਬੀ ਵਾਲਿਆਂ ਨੇ ਗਿ:ਤਰਲੌਚਨ ਸਿੰਘ ਵਲੋਂ ਕੌਮ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਦਲਜੀਤ ਸਿੰਘ ਭਿੰਡਰ ਅਤੇ ਪਿੰ੍ਰ:ਸੁਰਿੰਦਰ ਸਿੰਘ ਨੇ ਇਸ ਮੋਕੇ ਕਿਹਾ ਕਿ ਸਿੰਘ ਸਾਹਿਬ ਵਲੋਂ ਪੰਥ ਦੀ ਚੜ੍ਹਦੀ ਕਲਾ ਵਿਚ ਆਪਣਾ ਯੋਗਦਾਨ ਪਾਇਆ ਗਿਆ ਉਸ ਨੂੰ ਭੁਲਾਇਆ ਨਹੀ ਜਾ ਸਕਦਾ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ:ਕਿਰਪਾਲ ਸਿੰਘ ਬਡੂੰਗਰ ਅਤੇ ਸਿਮਰਜੀਤ ਸਿੰਘ ਚੰਦੂਮਾਜਰਾ ਨੇ ਗਿ:ਤਰਲੌਚਨ ਸਿੰਘ ਦਾ ਅਕਾਲ ਚਲਾਣਾ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਬਾਬਾ ਨਾਗਰ ਸਿੰਘ ਹਰੀਆਂ ਵੇਲਾ, ਉਜਾਗਰ ਸਿੰਘ ਬਡਾਲੀ ਅਤੇ ਗੁਰਚਰਨ ਸਿੰਘ ਬੇਈਂਹਾਰਾ ਨੇ ਕਿਹਾ ਕਿ ਗਿ:ਤਰਲੋਚਨ ਸਿੰਘ ਸਾਰਿਆਂ ਦੇ ਦੁੱਖ ਸੁੱਖ ਵਿਚ ਸ਼ਾਮਲ ਹੁੰਦੇ ਸਨ ਤੇ ਹਰੇਕ ਨੂੰ ਮਾਣ ਸਤਿਕਾਰ ਦਿੰਦੇ ਸਨ। ਇਸ ਮੌਕੇ ਕਾਰ ਸੇਵਾ ਮੁਖੀ ਬਾਬਾ ਲਾਭ ਸਿੰਘ, ਮੈਨੇਜਰ ਜਸਵੀਰ ਸਿੰਘ, ਹੈਡ ਗ੍ਰੰਥੀ ਗਿ: ਫੂਲਾ ਸਿੰਘ, ਮੀਤ ਮੈਨੇਜਰ ਲਖਵਿੰਦਰ ਸਿੰਘ, ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਐਡਵੋਕੇਟ ਜਸਵੀਰ ਸਿੰਘ, ਕਰਮਜੀਤ ਸਿੰਘ, ਕੁਲਦੀਪ ਸਿੰਘ, ਸਰੂਪ ਸਿੰਘ, ਰਿਕਾਰਡ ਕੀਪਰ ਭੁਪਿੰਦਰ ਸਿੰਘ, ਕਸ਼ਮੀਰ ਸਿੰਘ, ਅਮਰਜੀਤ ਸਿੰਘ, ਕੌਰ ਸਿੰਘ ਆਦਿ ਹਾਜ਼ਰ ਸਨ।

Send this to a friend