ਬਰੇਟਾ, 1 ਅਗਸਤ (ਜੈਲ ਕੌਰ ਖਾਲਸਾ)- ਕ੍ਰਿਸ਼ਨਾ ਕਾਲਜ ਰੱਲੀ ਵਿਖੇ ਪੰਜਾਬ ਪੁਲਿਸ ਦੇ ਸਪੈਸ਼ਲ ਨਸ਼ਾ ਮੁਕਤੀ ਟਾਸਕ ਟੀਮ ਸਬ-ਡਵੀਜ਼ਨ ਬੁਢਲਾਡਾ ਵੱਲੋਂ ਇਕ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਟੀਮ ਦੇ ਇੰਚਾਰਜ ਏ.ਐਸ.ਆਈ. ਰਾਮ ਸਿੰਘ ਅਤੇ ਸਮੂਹ ਟੀਮ ਵਲੋਂ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੂੰ ਪੰਜਾਬ ਪੁਲਿਸ ਦੀ ਸਪੈਸ਼ਲ ਨਸ਼ਾ ਮੁਕਤੀ ਟਾਸਕ ਟੀਮ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਇਸ ਮੌਕੇ ਬੋਲਦੇ ਹੋਏ ਏ.ਐਸ.ਆਈ. ਰਾਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਐਸ.ਐਸ.ਪੀ ਮਾਨਸਾ ਵਲੋਂ ਇਸ ਟੀਮ ਦਾ ਗਠਨ ਕੀਤਾ ਗਿਆ ਹੈ। ਜੋ ਕਿ ਵਿਦਿਆਰਥੀਆਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਉਨ੍ਹਾਂ ਦੇ ਸਹਿਯੋਗ ਲਈ ਪ੍ਰੇਰਿਤ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਆਲੇ-ਦੁਆਲੇ ਘਰਾਂ ਵਿਚ ਜਾਂ ਪਿੰਡ ਜਾਂ ਸ਼ਹਿਰ ਵਿਚ ਜੇਕਰ ਕੋਈ ਵੀ ਵਿਅਕਤੀ ਨਸ਼ਾ ਕਰਦਾ ਹੈ ਤਾਂ ਉਸ ਨੂੰ ਨਸ਼ਾ ਮੁਕਤੀ ਲਈ ਪ੍ਰੇਰਿਤ ਕਰੋ ਅਤੇ ਸਰਕਾਰੀ ਹਸਪਤਾਲ ਲੈ ਕੇ ਆਉਣ ਜਾਂ ਜਾਣ ਲਈ ਪ੍ਰੇਰਿਤ ਕਰੋ ਤਾਂ ਜੋ ਉਨ੍ਹਾਂ ਦਾ ਮੁਫਤ ਇਲਾਜ ਕੀਤਾ ਜਾ ਸਕੇ।ਇਸ ਲਈ ਵਿਦਿਆਰਥੀ ਆਪਣੇ ਆਲੇ-ਦੁਆਲੇ ਨੂੰ ਨਸ਼ਾ ਮੁਕਤ ਬਣਾਉਣ ਲਈ ਸਕਾਰਤਮਕ ਭੂਮਿਕਾ ਨਿਭਾਉਣ।ਇਸ ਮੌਕੇ ਕਾਲਜ ਮਨੇਜਮੈਂਟ ਕਮੇਟੀ ਮੈਂਬਰ ਐਮ.ਡੀ. ਕਮਲ ਸਿੰਗਲਾ ਅਤੇ ਚੇਅਰਮੈਨ ਸੁਖਵਿੰਦਰ ਸਿੰਘ ਚਹਿਲ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕ੍ਰਿਸ਼ਨਾ ਕਾਲਜ ਹਮੇਸ਼ਾ ਸਮਾਜਿਕ ਕੁਰੀਤੀਆ ਨੂੰ ਖਤਮ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਇਸ ਮੁਹਿੰਮ ਵਿਚ ਉਹ ਆਪਣੀ ਸੰਸਥਾ ਅਤੇ ਵਿਦਿਆਰਥੀਆਂ ਵਲੋਂ ਪੂਰਨ ਸਹਿਯੋਗ ਦੇਣਗੇ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਲੈਕਚਰ ਨੂੰ ਧਿਆਨ ਨਾਲ ਸੁਣਿਆ ਅਤੇ ਵੱਡਮੁਲੀ ਜਾਣਕਾਰੀ ਹਾਸਿਲ ਕੀਤੀ।