ਚੰਡੀਗੜ੍ਹ, 9 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਅੱਜ ਚੰਡੀਗੜ੍ਹ ਦੀ ਇੱਕੋ-ਇੱਕ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਤੇ ਸੁਰਗਵਾਸੀ ਕਮੇਡੀਅਨ ਜਸਪਾਲ ਭੱਟੀ ਦੀ ਸੁਪਤਨੀ ਸਵਿਤਾ ਭੱਟੀ ਵਲੋਂ ਹੈਰਾਨੀਜਨਕ ਫੈਸਲਾ ਕਰਦਿਆਂ ਲੋਕ ਸਭਾ ਚੋਣਾਂ ਲੜਨ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਹੈ। ਸਵਿਤਾ ਨੇ ਇਸ ਸਬੰਧੀ ਜਾਣਕਾਰੀ ਦੇਣ ਲਈ ਆਮ ਆਦਮੀ ਪਾਰਟੀ ਹਾਈਕਮਾਂਡ ਨੂੰ ਦਿੱਲੀ ਵਿੱਚ ਜਾਣਕਾਰੀ ਵੀ ਦੇ ਦਿੱਤੀ ਹੈ। ਇਸ ਸਬੰਧੀ ਸੰਪਰਕ ਕਰਨ ਤੇ ਸਵਿਤਾ ਭੱਟੀ ਨੇ ਗੱਲਬਾਤ ਦੌਰਾਨ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਚੰਡੀਗੜ੍ਹ ਲੋਕ ਸਭਾ ਚੋਣਾਂ ਨਹੀਂ ਲੜੇਗੀ। ਇਸ ਸਬੰਧੀ ਉਨ੍ਹਾਂ ਆਮ ਆਦਮੀ ਪਾਰਟੀ ਦੇ ਹਾਈਕਮਾਂਡ ਨੂੰ ਦਿੱਲੀ ਵਿੱਚ ਇੱਕ ਪੱਤਰ ਲਿਖਕੇ ਲੋਕ ਸਭਾ ਚੋਣਾਂ ਲੜਨ ਤੋਂ ਆਪਣੀ
ਅਸਮਰਥਾ ਪ੍ਰਗਟਾ ਦਿਤੀ ਹੈ। ਸਵਿਤਾ ਨੇ ਦੱਸਿਆ ਕਿ ਉਸ ਨੂੰ ਚੰਡੀਗੜ੍ਹ ਵਿਚਲੇ ਆਮ ਆਦਮੀ ਪਾਰਟੀ ਦੇ ਹੋਰਨਾਂ ਆਗੂਆਂ ਤੇ ਸਮਰਥਕਾਂ ਤੋਂ ਸਮਰਥਨ ਨਹੀਂ ਮਿਲ ਰਿਹਾ ਹੈ ਤੇ ਅਜਿਹੇ ਵਿੱਚ ਉਹ ਚੋਣ ਨਹੀਂ ਲੜ ਸਕਦੀ। ਚੰਡੀਗੜ੍ਹ ਦੀ ਇੱਕੋ ਇੱਕ ਲੋਕ ਸਭਾ ਸੀਟ ਲਈ ਵੋਟਾਂ 10 ਅਪ੍ਰੈਲ ਨੂੰ ਪੈਣੀਆਂ ਹਨ ਤੇ ਅਜਿਹੇ ਵਿੱਚ ਸਵਿਤਾ ਵੱਲੋਂ ਅਚਾਨਕ ਚੋਣ ਲੜਨ ਤੋਂ ਇਨਕਾਰ ਕਰਨ ਨਾਲ ਹਲਕੇ ਵਿੱਚ ਪਾਰਟੀ ਦੀ ਮੁਹਿੰਮ ਤੇ ਨਾਂਹ ਪੱਖੀ ਅਸਰ ਪਵੇਗਾ। ਸੂਤਰਾਂ ਅਨੁਸਾਰ ਸਵਿਤਾ ਦੀ ਉਮੀਦਵਾਰੀ ਤੇ ਚੰਡੀਗੜ੍ਹੋਂ ਪਾਰਟੀ ਦੇ ਕਈ ਹੋਰ ਟਿਕਟ ਦੇ ਚਾਹਵਾਨਾਂ ਨੂੰ ਇਤਰਾਜ ਸੀ, ਜਿਸ ਕਾਰਨ ਇਹ ਸਵਿਤਾ ਦੇ ਨਾਲ ਨਹੀਂ ਚੱਲ ਰਹੇ ਸਨ। ਸਵਿਤਾ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਚੋਣ ਮੁਹਿੰਮ ਵੀ ਸ਼ੁਰੂ ਕੀਤੀ ਸੀ ਪਰ ਅੱਜ ਉਨ੍ਹਾਂ ਵੱਲੋਂ ਚੋਣਾਂ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਵਿਤਾ ਵੱਲੋਂ ਬੜੇ ਜੋਰ ਸ਼ੋਰ ਨਾਲ ਟਿਕਟ ਲਈ ਦਾਅਵੇਦਾਰੀ ਜਤਾਕੇ ਟਿਕਟ ਪ੍ਰਾਪਤ ਵੀ ਕੀਤੀ ਗਈ ਸੀ ਤੇ ਪਾਰਟੀ ਵਲੋਂ ਵੀ ਉਨ੍ਹਾਂ ਦਾ ਪਿਛੋਕੜ ਦੇਖਦਿਆਂ ਸਭ ਨੂੰ ਛੱਡ ਟਿਕਟ ਦਿੱਤੀ ਗਈ ਸੀ ਪਰ ਜਿਸ ਤਰ੍ਹਾਂ ਉਨ੍ਹਾਂ ਵੱਲੋਂ ਹੁਣ ਨਾਂਹ ਕੀਤੀ ਗਈ ਹੈ, ਇਸ ਨਾਲ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਦੇ ਵਰਕਰਾਂ ਤੇ ਲੋਕਾਂ ਵਿੱਚ ਨਾਂਹ ਪੱਖੀ ਸੰਦੇਸ਼ ਜਾਵੇਗਾ।