ਫਿਰੋਜ਼ਸ਼ਾਹ, 31 ਜੁਲਾਈ (ਗੁਰਤਾਰ ਸਿੰਘ ਸਿੱਧੂ)- ਫਿਰੋਜ਼ਸ਼ਾਹ ਇਲਾਕੇ ਵਿਚ ਚੋਰਾਂ ਦੇ ਹੌਸਲੇ ਸਤਵੇਂ ਅਸਮਾਨ ਚੜੇ ਹੋਏ ਨਜ਼ਰ ਆ ਰਹੇ ਹਨ ਚੋਰਾਂ ਵਲੋਂ ਲਗਾਤਾਰ ਸਰਕਾਰੀ ਸਕੂਲਾਂ, ਆਂਗਣਵਾੜੀ ਸੈਂਟਰਾਂ, ਦੁਕਾਨਾਂ ਅਤੇ ਰਾਹਗੀਰਾਂ ਤੋਂ ਪੈਸਿਆਂ ਦੀ ਲੁਟ ਖੋਹ ਦੀਆਂ ਵਾਰਦਾਤਾਂ ਵਿਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਜਿਸ ਕਾਰਨ ਇਲਾਕੇ ਵਿਚ ਲੋਕਾਂ ਦੇ ਮਨਾਂ ਜਿਥੇ ਸਹਿਮ ਬਣਿਆ ਹੋਇਆ ਹੈ ਉਥੇ ਚੋਰੀ ਹੋਏ ਸਮਾਨ ਅਤੇ ਚੋਰਾਂ ਦਾ ਕੋਈ ਥਹੁ ਪਤਾ ਨਾ ਲਗਣ ਤੇ ਪੁਲਿਸ ਪ੍ਰਸ਼ਾਸ਼ਨ ਪ੍ਰਤੀ ਮਨਾਂ ਵਿਚ ਤਲਖੀ ਵੀ ਨਜ਼ਰ ਆ ਰਹੀ ਹੈ ।ਇਸ ਦੀ ਮਿਸਾਲ ਸਰਕਾਰੀ ਹਾਈ ਸਕੂਲ ਉਗੋਕੇ ਵਿਖੇ ਚੋਰਾਂ ਵਲੋਂ ਲਗਾਤਾਰ ਤੀਜੀ ਵਾਰ ਚੋਰੀ ਕਰਕੇ ਪੇਸ਼ ਕੀਤੀ ਹੈ ਜ਼ਿਕਰਯੋਗ ਹੈ ਕਿ ਬੀਤੇ ਵਰ੍ਹੇ 15 ਮਈ ਨੂੰ ਸਕੂਲ ਦੀ ਕੰਪਿਊਟਰ ਲੈਬ ਚੋਂ 9 ਕੰਪਿਊਟਰ ਅਤੇ ਹੋਰ ਉਪਕਰਨ ਚੋਰੀ ਕੀਤੇ ਅਤੇ 3 ਜੁਲਾਈ ਨੂੰ 15 ਕੰਪਿਊਟਰ ਅਤੇ ਹੋਰ ਉਪਕਰਨ ਚੋਰੀ ਕੀਤੇ ਗਏ ਸਨ ਜਿਹਨਾਂ ਤੇ ਸਿਰਫ ਕਾਗਜ਼ੀ ਕਰਵਾਈ ਹੀ ਅਮਲ ਚ ਆਈ ਤੇ ਇਕ ਸਾਲ ਬੀਤਣ ਤੇ ਪੁਲਿਸ ਨੂੰ ਚੋਰੀ ਹੋਏ ਸਮਾਨ ਅਤੇ ਚੋਰਾਂ ਦਾ ਕੋਈ ਥਹੁ ਪਤਾ ਨਾ ਲਗਿਆਂ ਜਿਸਦੀ ਮਾਪਿਆਂ ਤੇ ਅਧਿਆਪਕਾਂ ਨੂੰ ਚੋਰ ਫੜੇ ਜਾਣ ਦੀ ਉਮੀਦ ਜਾਰੀ ਸੀ ਪਰ ਚੋਰਾਂ ਵਲੋਂ ਹੁਣ 29 ਜੁਲਾਈ ਨੂੰ ਸਕੂਲ ਦੀ ਆਰ ਓ ਟੀ ਲੈਬ ਤੇ ਹਲਾ ਬੋਲਦਿਆਂ ਸਕੂਲ ਚੋ ਕਥਿਤ ਤੌਰ ਤੇ ਆਰ ਓ ਟੀ ਸਿਸਟਮ ਟੀ ਵੀ ਸਕਰੀਨ ਐਲ ਈ ਡੀ ,ਵੂਫਰ , ਸਪੀਕਰ ,ਦੋ ਬੈਟਰੀਆਂ , ਸੈਟ ਟਾਪ ਬਾਕਸ ਅਤੇ ਯੂ ਪੀ ਐਸ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਸ੍ਰੀਮਤੀ ਨਮਿਤਾ ਸ਼ੀਂਹਮਾਰ ਨੇ ਦਸਿਆ ਕਿ ਉਹਨਾਂ ਨੂੰ ਸੋਮਵਾਰ ਸਵੇਰੇ ਸਕੂਲ ਦੀ ਸੇਵਾਦਾਰ ਸ੍ਰੀਮਤੀ ਹਰਬੰਸ ਕੌਰ ਨੇ ਚੋਰੀ ਹੋਣ ਦੀ ਘਟਨਾ ਬਾਰੇ ਫੋਨ ਤੇ ਦਸਿਆ ਗਿਆ ਜਿਸ ਉਪਰੰਤ ਉਹਨਾਂ ਸਕੂਲ ਆ ਕੇ ਸਰਪੰਚ ਸੁਖਦੀਪ ਸਿੰਘ ਅਤੇ ਚੇਅਰਮੈਨ ਕੁਲਵਿੰਦਰ ਸਿੰਘ ਦੀ ਹਾਜ਼ਰੀ ਚ ਥਾਨਾ ਘਲ ਖੁਰਦ ਪੁਲਿਸ ਨੂੰ ਉਕਤ ਘਟਨਾਂ ਬਾਰੇ ਲਿਖਤੀ ਤੌਰ ਤੇ ਸੂਚਿਤ ਕੀਤਾ ਗਿਆ। ਗੌਰਤਲਬ ਹੈ ਕਿ ਪਿਛਲੀਆਂ ਘਟਨਾਵਾਂ ਵਾਲੀ ਤਕੀਖ ਨੂੰ ਸਕੂਲ ਵਿਚ ਚੌਕੀਂਦਾਰ ਡਿਊਟੀ ਤੇ ਹਾਜ਼ਰ ਸੀ ਵਿਭਾਗ ਵਲੋਂ ਗੋਂਗਲੂਆਂ ਤੋਂ ਮਿਟੀ ਝਾੜਦਿਆਂ ਸਕੂਲ ਦੇ ਸੇਵਾਦਾਰ ਬਲਵੰਤ ਸਿੰਘ ਅਤੇ ਚੌਕੀਂਦਾਰ ਅਮਰੀਕ ਸਿੰਘ ਦੀ ਸ਼ਿਕਾਇਤੀ ਅਧਾਰ ਤੇ ਬਦਲੀ ਕਰਕੇ ਬੁਥਾ ਸਾਰ ਦਿਤਾ ਗਿਆ ਸੀ । ਥਾਨਾ ਘਲ ਖੁਰਦ ਵਲੋਂ ਸੂਚਨਾ ਮਿਲਦਿਆ ਏ ਐਸ ਆਈ ਤਰਸੇਮ ਸ਼ਰਮਾਂ ਇਕ ਡਰਾਇਵਰ ਸਮੇਤ ਸਕੂਲ ਪਹੁੰਚੇ ਅਤੇ ਘਟਨਾ ਸਥਾਨ ਦਾ ਜ਼ਾਇਜਾ ਲੈਣ ਉਪਰੰਤ ਸਕੂਲ ਇੰਚਾਰਜ,ਸਰਪੰਚ ਅਤੇ ਚੇਅਰਮੈਨ ਦੇ ਬਿਆਨ ਕਲਮ ਕਲਮਬੰਦ ਕਰਦਿਆਂ ਮੋਬਾਇਲ ਫੋਰੈਂਸਕ ਸਾਇੰਸ ਯੂਨਿਟ ਫਿਰੋਜ਼ਪੁਰ ਦੀ ਟੀਮ ਨੂੰ ਬੁਲਾਇਆ ਗਿਆ ਜਿਹਨਾਂ ਵਲੋਂ ਘਟਨਾਂ ਸਥਾਨ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿਤੀ ਗਈ । ਪਿਛਲੀਆਂ ਹੋਈਆਂ ਚੋਰੀਆਂ ਤੇ ਪੁਲਿਸ ਵਲੋਂ ਕੀਤੀ ਕਾਰਵਾਈ ਬਾਰੇ ਪਤਰਕਾਰਾਂ ਵਲੋਂ ਪੁਛੇ ਜਾਣ ਤੇ ਤਰਸੇਮ ਸ਼ਰਮਾ ਨੇ ਦਸਿਆ ਕਿ ਉਹਨਾਂ ਵਲੋਂ ਜਾਂਚ ਟੀਮ ਬੁਲਾਈ ਗਈ ਹੈ ਜਿਸਦੀ ਬਰੀਕੀ ਨਾਲ ਪੜਤਾਲ ਕਰਕੇ ਜਲਦ ਹੀ ਚੋਰ ਕਾਬੂ ਕਰ ਲਏ ਜਾਣਗੇ। ਭਰੇ ਮਨ ਨਾਲ ਗਲਬਾਤ ਕਰਦਿਆਂ ਸਕੂਲ ਸਟਾਫ ਨੇ ਕਿਹਾ ਕਿ ਉਹਨਾਂ ਦੀ ਮੰਗ ਹੈ ਕਿ ਜਲਦ ਚੋਰ ਕਾਬੂ ਕਰਕੇ ਚੋਰੀ ਹੋਇਆ ਸਮਾਨ ਵਾਪਿਸ ਦੁਆਇਆ ਜਾਵੇ । ਇਥੇ ਇਹ ਵੀ ਦਸਣਾ ਬਣਦਾ ਹੈ ਕਿ ਪਹਿਲਾ ਹੋਈਆਂ ਚੋਰੀਆਂ ਦੌਰਾਨ ਸਾਰੇ 24 ਕੰਪਿਊਟਰ ਅਤੇ ਹੋਰ ਲੋੜੀਦੇ ਉਪਕਰਣ ਚੋਰੀ ਹੋ ਚੁਕੇ ਸਨ ਦੁਬਾਰਾ ਕੰਪਿਊਟਰ ਅਤੇ ਹੋਰ ਸਮਗਰੀ ਦਾ ਪ੍ਰਬੰਧ ਅਧਿਆਪਕਾਂ ਦੁਆਰਾ ਆਪਣੇ ਪਧਰ ਤੇ ਕੀਤਾ ਗਿਆ ਸੀ ।ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਦੁਆਰਾ ਚੋਰ ਫੜਕੇ ਸਮਾਨ ਬਰਾਮਦ ਕੀਤਾ ਜਾਂਦਾ ਹੈ ਜਾਂ ਪਹਿਲੀਆਂ ਹੋਈਆਂ ਚੋਰੀਆਂ ਵਾਂਗ ਅਧਿਆਪਕ,ਬਚੇ ਅਤੇ ਮਾਪੇ ਮਨ ਨੂੰ ਤਸਲੀ ਦੇ ਕੇ ਰਬ ਦਾ ਭਾਣਾ ਮੰਨ ਲੈਣਗੇ।