ਖੰਨਾ, 31 ਜੁਲਾਈ (ਲਾਲ ਸਿੰਘ ਮਾਂਗਟ)- ਸੀਨੀਅਰ ਪੁਲਿਸ ਕਪਤਾਨ ਖੰਨਾ ਸ਼੍ਰੀ ਧਰੁਵ ਦਹਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਲ ਹੋਈ ਜਦੋਂ ਖੰਨਾ ਪੁਲਿਸ ਵੱਲੋ ਪ੍ਰਿਸਟਨ ਮਾਲ ਜੀ.ਟੀ ਰੋਡ ਪਿੰਡ ਅਲੋੜ ਕੋਲ ਨਾਕਾਬੰਦੀ ਦੌਰਾਨ 250 ਗ੍ਰਾਮ ਹੈਰੋਈਨ ਸਮੇਤ ਇਕ ਵਿਅਕਤੀ ਕਾਬੂ ਕੀਤਾ। ਪੁਲਿਸ ਸੂਤਰਾਂ ਅਨੁਸਾਰ ਗੋਬਿੰਦਗੜ੍ਹ ਸਾਈਡ ਵੱਲੋ ਆਈ ਇੱਕ ਈਟੋਜ਼ ਕਾਰ ਨੰਬਰ ਪੀ.ਬੀ-01-7629 ਦੇ ਚਾਲਕ ਨੇ ਪੁਲਿਸ ਨਾਕਾ ਦੇਖ ਕੇ ਨਾਕਾ ਤੋ ਪਿੱਛੇ ਕਾਰ ਰੋਕ ਕੇ ਇਕ ਵਿਅਕਤੀ ਉਤਰ ਕੇ ਗੋਬਿੰਦਗੜ੍ਹ ਸਾਈਡ ਵੱਲ ਨੂੰ ਭੱਜ ਗਿਆ ਤੇ ਕਾਰ ਡਰਾਇਵਰ ਨਾਕਾ ਤੋੜਦੇ ਹੋਏ ਕਾਰ ਮੌਕਾ ਤੋ ਲੁਧਿਆਣਾ ਸਾਈਡ ਨੂੰ ਭਜਾ ਕੇ ਲੈ ਗਿਆ। ਪੁਲਿਸ ਪਾਰਟੀ ਨੇ ਭੱਜੇ ਜਾ ਰਹੇ ਵਿਅਕਤੀ ਨੂੰ ਕਾਬੂ ਕਰ ਲਿਆ, ਜਿਸ ਨੇ ਆਪਣਾ ਨਾਮ ਹਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਕੌਮ ਸੈਣੀ ਵਾਸੀ ਚੱਕ ਦਾਣਾ ਥਾਣਾ ਸਦਰ ਨਵਾਂ ਸ਼ਹਿਰ ਦੱਸਿਆ, ਜਿਸ ਕੋਲੋਂ ਪਿੱਠੁੂ ਬੈਗ ਵਿੱਚੋ ਮੋਮੀਕਾਗਜ਼ ਵਿੱਚ ਲਪੇਟੀ 250 ਗ੍ਰਾਮ ਹੈਰੋਈਨ ਬ੍ਰਾਮਦ ਹੋਈ। ਜਿਸ ਖਿਲ਼ਾਫ ਮੁਕੱਦਮਾ ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਖੰਨਾ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਨੇ ਦੌਰਾਨੇ ਪੁੱਛਗਿੱਛ ਕਾਰ ਭਜਾਉਣ ਵਾਲੇ ਵਿਅਕਤੀ ਦਾ ਨਾਮ ਗੁਰਜੀਤ ਸਿੰਘ ਵਾਸੀ ਲਸਾੜਾ ਥਾਣਾ ਫਿਲੌਰ ਦੱਸਿਆ। ਜਿਸਦੀ ਗ੍ਰਿਫਤਾਰੀ ਸਬੰਧੀ ਵੀ ਛਾਪੇਮਾਰੀ ਜਾਰੀ ਹੈ, ਜਿਸ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਦੋਸ਼ੀ ਪਾਸੋ ਪੁੱਛਗਿੱਛ ਜਾਰੀ ਹੈ।