April 25, 2026 1:49 am

ਬੰਗਲਾਦੇਸ਼ੀ ਘੁਸਪੈਠੀਆਂ ’ਤੇ ਆਪਣਾ ਰੁਖ ਸਾਫ਼ ਕਰੇ ਕਾਂਗਰਸ ਅਤੇ ਟੀ.ਐਮ.ਸੀ : ਅਮਿਤ ਸ਼ਾਹ

ਰੋਹਿੰਗੀਆਂ ਦੀ ਘੁਸਪੈਠ ਨੂੰ ਰੋਕਣ ਲਈ ਬੀ.ਐਸ.ਐਫ ਅਤੇ ਅਸਮ ਰਾਈਫ਼ਲਜ਼ ਤਾਇਨਾਤ : ਰਾਜਨਾਥ ਸਿੰਘ

ਨਵੀਂ ਦਿਲੀ, 31 ਜੁਲਾਈ- ਅਸਮ ’ਚ ‘ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਜ਼ (ਐਨ.ਆਰ.ਸੀ.) ਦੇ ਖਰੜੇ ਨੂੰ ਲੈ ਕੇ ਸੰਸਦ ‘ਚ ਹੋਏ ਹੰਗਾਮੇ ਤੋਂ ਬਾਅਦ ਭਾਜਪਾ ਆਗੂ ਅਮਿਤ ਸ਼ਾਹ ਨੇ ਇਕ ਪ੍ਰੈਸ ਕਾਨਫ਼ਰੰਸ ਕੀਤੀ। ਅਮਿਤ ਸ਼ਾਹ ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਐਨ. ਆਰ. ਸੀ. ਦੇ ਮੁਦੇ ‘ਤੇ ਸੰਸਦ ‘ਚ ਬੋਲਣ ਹੀ ਨਹੀਂ ਦਿਤਾ ਗਿਆ। ਉਨ੍ਹਾਂ ਕਿਹਾ ਕਿ ਐਨ. ਆਰ. ਸੀ. ‘ਚ ਜਿਨ੍ਹਾਂ ਲੋਕਾਂ ਦੇ ਨਾਂਅ ਹਟਾਏ ਗਏ ਹਨ, ਜਾਂਚ ‘ਚ ਪਾਇਆ ਗਿਆ ਹੈ ਕਿ ਉਹ ਭਾਰਤੀ ਨਹੀਂ ਬਲਕਿ ਘੁਸਪੈਠੀਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾ ਰਹੀ ਹੈ ਜਦ ਕਿ ਅਸਲੀਅਤ ਕੁਝ ਹੋਰ ਹੀ ਹੈ। ਕਾਂਗਰਸ ਵੋਟ ਦੇ ਲਈ ਸਵਾਲ ਉਠਾ ਰਹੀ ਹੈ, ਜਦਕਿ ਐਨ.ਆਰ.ਸੀ. ਦੀ ਸ਼ੁਰੂਆਤ ਹੀ ਕਾਂਗਰਸ ਨੇ ਕੀਤੀ ਸੀ। ਇਸ ’ਤੇ ਸ਼ਾਹ ਨੇ ਕਿਹਾ ਕਿ ਕਾਂਗਰਸ, ਟੀ.ਐਮ.ਸੀ. ਵਰਗੀਆਂ ਪਾਰਟੀਆਂ ਨੂੰ ਬੰਗਲਾਦੇਸ਼ੀ ਘੁਸਪੈਠੀਆਂ ‘ਤੇ ਆਪਣਾ ਰੁਖ ਦੇਸ਼ ਨੂੰ ਦਸਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅਮਿਤ ਸ਼ਾਹ ਨੇ ਕਿਹਾ ਕਿ ਦੋ ਦਿਨਾਂ ਤੋਂ ਐਨ.ਆਰ.ਸੀ. ‘ਤੇ ਬਹਿਸ ਛਿਡੀ ਹੋਈ ਹੈ ਅਤੇ ਉਨ੍ਹਾਂ ਨੇ ਇਸ ਨਾਲ ਸੰਬੰਧਿਤ ਸਾਰੇ ਨੇਤਾਵਾਂ ਦੇ ਬਿਆਨ ਪੜ੍ਹੇ ਹਨ। ਅਖ਼ਬਾਰਾਂ ਦੀਆਂ ਸੁਰਖ਼ੀਆਂ ਪੜ੍ਹੀਆਂ ਹਨ, ਹਰ ਥਾਂ ਚਰਚਾ ਇਹੀ ਹੈ ਕਿ 40 ਲਖ ਭਾਰਤੀ ਨਾਗਰਿਕਾਂ ਨੂੰ ਗੈਰ ਕਾਨੂੰਨੀ ਐਲਾਨਿਆ ਗਿਆ ਹੈ। ਜਦ ਕਿ ਅਸਲੀਅਤ ਤਾਂ ਇਹ ਹੈ ਕਿ ਐਨ.ਆਰ.ਸੀ. ‘ਚੋਂ ਜੋ ਨਾਂਅ ਹਟਾਏ ਗਏ ਹਨ ਉਹ ਸ਼ੁਰੂਆਤੀ ਜਾਂਚ ਤੋਂ ਹੀ ਘੁਸਪੈਠੀਏ ਹਨ। ਇਸ ਦੇ ਨਾਲ ਹੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਆਖ਼ਰੀ ਲਿਸਟ ਨਹੀਂ ਹੈ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲੋਕ-ਸਭਾ ‘ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰੋਹਿੰਗੀਆਂ ਦੀ ਘੁਸਪੈਠ ਨੂੰ ਰੋਕਣ ਲਈ ਬਾਰਡਰ ਸਕਿਉਰਿਟੀ ਫੋਰਸ (ਬੀ.ਐਸ.ਐਫ) ਅਤੇ ਅਸਮ ਰਾਈਫ਼ਲਜ਼ ਦੀ ਤਾਇਨਾਤੀ ਕੀਤੀ ਗਈ ਹੈ। ਗ੍ਰਹਿ ਮੰਤਰੀ ਨੇ ਦਸਿਆ ਕਿ ਸੂਬਿਆਂ ਨੂੰ ਇਹ ਸਲਾਹ ਦਿਤੀ ਗਈ ਹੈ ਕਿ ਜੋ ਰੋਹਿੰਗੀਆਂ ਪਹਿਲਾਂ ਤੋਂ ਆ ਚੁਕੇ ਹਨ, ਉਨ੍ਹਾਂ ‘ਤੇ ਨਜ਼ਰ ਰਖੀ ਜਾਵੇ ਅਤੇ ਉਨ੍ਹਾਂ ਦੀ ਜਾਣਕਾਰੀ ਗ੍ਰਹਿ ਮੰਤਰਾਲੇ ਨੂੰ ਦਿਤੀ ਜਾਵੇ। ਕੇਂਦਰੀ ਗ੍ਰਹਿ ਮੰਤਰੀ ਦੇ ਅਨੁਸਾਰ, ਸੂਬਿਆਂ ਨੂੰ ਰੋਹਿੰਗੀਆਂ ਨੂੰ ਡਿਪੋਰਟ ਕਰ ਵਾਪਸ ਭੇਜਣ ਦਾ ਵੀ ਅਧਿਕਾਰ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕ ਸਭਾ ‘ਚ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ) ਦੇ ਸੰਸਦ ਸੁਗਤ ਬੋਸ ਦੇ ਬਿਆਨ ਨੂੰ ਮੰਦਭਾਗਾ ਦਸਦੇ ਹੋਏ ਕਿਹਾ ਕਿ ਭਾਰਤ ਇਕ ਅਜਿਹਾ ਦੇਸ਼ ਹੈ ਜਿਸ ਨੇ ਸ਼ਰਨਾਰਥੀਆਂ ਦੇ ਪ੍ਰਤੀ ਨਰਮ ਰਵੈਈਆ ਅਪਣਾਇਆ ਹੈ। ਕੇਂਦਰੀ ਗ੍ਰਹਿ ਮੰਤਰੀ ਦੇ ਮੁਤਾਬਿਕ, ਸਰਕਾਰ ਨੇ ਮਿਆਂਮਾਰ ਨੂੰ ਇਹ ਭਰੋਸਾ ਦਿਤਾ ਹੈ ਕਿ ਭਾਰਤ ਉਨ੍ਹਾਂ ਰੋਹਿੰਗੀਆਂ ਨੂੰ ਸੇਵਾ ਮੁਹਈਆ ਕਰਵਾਉਣ ਲਈ ਤਿਆਰ ਹੈ ਜੋ ਵਾਪਸ ਮਿਆਂਮਾਰ ਆਉਣਗੇ।

Send this to a friend