ਜਦੋਂ ਅਸੀਂ ਸਾਰੇ ਭਾਰਤ ਵਾਸੀ ਅਗਲੇ ਵਰ੍ਹੇ ਜ਼ਲਿਆਂਵਾਲੇ ਬਾਂਗ ਦੇ ਖ਼ੂਨੀ ਸਾਕੇ ਦੀ ਸ਼ਤਾਬਦੀ ਮੌਕੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੇ ਹੋਵਾਂਗੇ ਤਾਂ ਉਸ ਸਮੇਂ ਸਾਡੇ ਦਿਲਾਂ ਅੰਦਰ ਜਿਥੇ ਉਸ ਜ਼ਾਲਮ ਅੰਗਰੇਜ਼ੀ ਹਕੂਮਤ ਪ੍ਰਤੀ ਗ਼ੁਸਾ,ਰੋਹ ਅਤੇ ਰੋਸ ਹੋਵੇਗਾ ਉਥੇ ਹੀ ਅਸੀਂ ਉਸ ਮਹਾਨ ਸੂਰਬੀਰ ਯੋਧੇ ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ ਦੀ ਕੁਰਬਾਨੀ ਨੂੰ ਵੀ ਸਜਦਾ ਕਰਾਂਗੇ ਜਿਸ ਨੇ ਸਾਡੇ ਦੇਸ਼ ਦੀ ਅਣਖ ਗ਼ੈਰਤ ਨੂੰ ਵੰਗਾਰਨ ਵਾਲੇ ਉਸ ਹੰਕਾਰੀ ਅਫ਼ਸਰ ਨੂੰ ਸਤ ਸਮੁੰਦਰ ਪਾਰ ਜਾ ਕੇ ਮਾਰ ਮੁਕਾਇਆ ਸੀ।
ਸ਼ਹੀਦ ਊਧਮ ਸਿੰਘ ਜੀ ਦਾ ਜਨਮ 26 ਦਸੰਬਰ 1899 ਨੂੰ ਜ਼ਿਲ੍ਹਾ ਸੰਗਰੂਰ ਦੇ ਨਗਰ ਸੁਨਾਮ ਵਿਖੇ ਪਿਤਾ ਚੂਹੜ ਰਾਮ ਤੇ ਮਾਤਾ ਨਰਾਇਣੀ (ਅੰਮ੍ਰਿਤ ਛਕਣ ਤੋਂ ਬਾਅਦ ਇਹ ਨਾਮ ਸ.ਟਹਿਲ ਸਿੰਘ ਤੇ ਮਾਤਾ ਹਰਨਾਮ ਕੌਰ ਰਖ ਗਏ) ਜੀ ਦੇ ਘਰ ਕੰਬੋਜ ਪਰਿਵਾਰ ਵਿਚ ਹੋਇਆ।ਆਪ ਜੀ ਦੇ ਪਿਤਾ ਜੀ ਰੇਲਵੇ ਫਾਟਕ ਤੇ ਨੌਕਰੀ ਕਰਦੇ ਸਨ।ਸਰਦਾਰ ਊਧਮ ਸਿੰਘ ਜੀ ਦੇ ਬਚਪਨ ਦਾ ਨਾਮ ਸ਼ੇਰ ਸਿੰਘ ਸੀ।ਆਪ ਜੀ ਦੇ ਮਾਤਾ-ਪਿਤਾ ਆਪ ਨੂੰ ਬਚਪਨ ਵਿਚ ਹੀ ਸਦੀਵੀ ਵਿਛੋੜਾ ਦੇ ਗਏ।ਮਾਤਾ ਪਿਤਾ ਦੇ ਦਿਹਾਤ ਤੋਂ ਬਾਅਦ ਸ਼ੇਰ ਸਿੰਘ ਅਤੇ ਉਸਦੇ ਭਰਾ ਮੁਕਤਾ ਸਿੰਘ ਦਾ ਪਾਲਣ ਪੋਸ਼ਣ ਅੰਮ੍ਰਿਤਸਰ ਸ਼ਹਿਰ ਵਿਚ ਸਥਿਤ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਪੁਤਲੀਘਰ ਵਿਖੇ ਹੋਇਆ। ਇਥੇ ਆ ਕੇ ਸ਼ੇਰ ਸਿੰਘ ਅਤੇ ਮੁਕਤਾ ਸਿੰਘ ਦੇ ਨਵੇਂ ਨਾਮ ਊਧਮ ਸਿੰਘ ਅਤੇ ਮੁਕਤਾ ਸਿੰਘ ਰਖ ਦਿਤੇ ਗਏ। ਆਪ ਜੀ ਨੂੰ ਇਸ ਯਤੀਮਖ਼ਾਨੇ ਵਿਚ ਕੁਰਬਾਨੀਆਂ ਭਰਿਆ ਸਿਖ ਇਤਿਹਾਸ ਪੜ੍ਹਨ ਦਾ ਮੌਕਾ ਮਿਲਿਆ ਜੋ ਕਿ ਅਗਾਂਹ ਜਾਂ ਕੇ ਆਪ ਜੀ ਦੇ ਜੀਵਨ ਸੰਘਰਸ਼ ਅਤੇ ਅਜ਼ਾਦੀ ਲਹਿਰ ਵਿਚ ਸ਼ਹਾਦਤ ਦੇਣ ਤਕ ਆਪ ਦੀ ਅਗਵਾਈ ਕਰਦਾ ਰਿਹਾ।
10 ਅਪ੍ਰੈਲ 1919 ਨੂੰ ਭਾਰਤ ਸੁਤੰਤਰਤਾ ਸੈਨਾਨੀ ਸਤਿਆਪਾਲ ਅਤੇ ਡਾ.ਸੈਫੂਦੀਨ ਕਿਚਲੂ ਨੂੰ ਬ੍ਰਿਟਿਸ਼ ਸਰਕਾਰ ਵਲੋਂ ਬਣਾਏ ਗਏ ਕਾਲੇ ਕਾਨੂੰਨ ਰੋਲਟ ਐਕਟ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ। ਜਿਸ ਦੇ ਵਿਰੋਧ ਵਿਚ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਜਲਿਆ ਵਾਲੇ ਬਾਂਗ ਵਿਖੇ ਨਿਹਥੇ ਤਕਰੀਬਨ ਵੀਹ ਹਜ਼ਾਰ ਸਿਖ,ਹਿੰਦੂ,ਮੁਸਲਮਾਨ ਆਮ ਲੋਕ ਸ਼ਾਂਤਮਈ ਜਲਸਾ ਕਰ ਰਹੇ ਸਨ। ਸ. ਊਧਮ ਸਿੰਘ ਅਤੇ ਉਸ ਦੇ ਸਾਥੀ ਇਸ ਜਲਸੇ ਵਿਚ ਲੋਕਾਂ ਨੂੰ ਜਲ ਪਿਲਾਉਣ ਦੀ ਸੇਵਾ ਕਰ ਰਹੇ ਸਨ। ਸ਼ਾਮ ਦੇ 5.15 ਵਜੇ ਇਸ ਜਲਸੇ ਵਿਚ ਮੌਜੂਦ ਲੋਕਾਂ ਉਤੇ ਬਿਨਾ ਕੋਈ ਚੇਤਾਵਨੀ ਦਿਤੇ ਮੌਕੇ ਦੇ ਅਫ਼ਸਰ ਜਨਰਲ ਡਾਇਰ ਨੇ ਪੰਜਾਬ ਦੇ ਗਵਰਨਰ ਮਾਈਕਲ ਉਡਵਾਇਰ ਦੇ ਨਿਰਦੇਸ਼ਾਂ ਅਨੁਸਾਰ ਆਪਣੇ 90 ਸਿਪਾਹੀਆ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿਤਾ। ਬਾਂਗ ਵਿਚ ਬਾਹਰ ਜਾਣ ਦਾ ਇਕੋ ਇਕ ਰਸਤਾ ਬੰਦ ਕਰ ਦਿਤਾ ਗਿਆ ਜਿਸ ਕਾਰਨ ਆਮ ਲੋਕ ਜਿੰਨਾ ਵਿਚ ਬਜ਼ੁਰਗ,ਔਰਤਾਂ ਅਤੇ ਬਚੇ ਵੀ ਸ਼ੁਮਾਰ ਸਨ ਨੇ ਆਪਣੀ ਜਾਨ ਬਚਾਉਣ ਲਈ ਬਾਂਗ ਦੀ ਹਦੂਦ ਅੰਦਰ ਸਥਿਤ ਖੂਹ ਵਿਚ ਛਾਲਾ ਮਾਰਨ ਦਿਤੀਆਂ। ਇਕ ਅੰਕੜੇ ਅਨੁਸਾਰ ਇਥੇ 10 ਮਿੰਟ ਵਿਚ 1650 ਗੋਲੀਆਂ ਨਿਰਦੋਸ਼ ਅਤੇ ਨਿਹਥੇ ਭਾਰਤੀਆ ਤੇ ਚਲਾਈਆਂ ਗਈਆਂ ਜਿਸ ਨਾਲ 1500 ਤੋਂ ਜ਼ਿਆਦਾ ਜਾਨਾਂ ਗਈਆਂ ਅਤੇ ਲਗਭਗ 1200 ਲੋਕ ਜ਼ਖ਼ਮੀ ਹੋਏ ਜਦੋਂ ਕਿ ਸਰਕਾਰੀ ਅੰਕੜਿਆਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 381 ਹੀ ਦਸੀ ਗਈ ਸੀ।
ਇਸ ਖੋਫਨਾਕ ਮੰਜਰ ਨੇ ਊਧਮ ਸਿੰਘ ਦੇ ਮਨ ਤੇ ਡੂੰਘੀ ਸਟ ਮਾਰੀ । ਲੇਖਕ ਸ.ਖੁਸ਼ਵੰਤ ਸਿੰਘ ਅਨੁਸਾਰ ਊਧਮ ਸਿੰਘ ਇਸ ਕਤਲੇਆਮ ਤੋਂ ਕੁਝ ਦਿਨ ਬਾਅਦ ਦਰਬਾਰ ਸਾਹਿਬ ਅੰਮ੍ਰਿਤਸਰ ਗਿਆ ਅਤੇ ਉਸ ਨੇ ਅਹਿਦ ਕਰ ਲਿਆ ਕਿ ਉਹ ਇਸ ਸਾਕੇ ਦਾ ਬਦਲਾ ਇਸ ਦੇ ਜ਼ਿੰਮੇਵਾਰ ਲੋਕਾਂ ਕੋਲੋਂ ਇਕ ਦਿਨ ਜ਼ਰੂਰ ਲਵੇਗਾ।ਆਪਣੇ ਇਸ ਮਕਸਦ ਲਈ ਸ਼ਹੀਦ ਊਧਮ ਸਿੰਘ ਕਈ ਦੇਸ਼ਾਂ ਵਿਚ ਵਖ ਵਖ ਨਾਵਾਂ(ਸ਼ੇਰ ਸਿੰਘ,ਉਦੇ ਸਿੰਘ,ਫਰੈਂਕ ਬਰਾਜ਼ੀਲ,ਰਾਮ ਮੁਹੰਮਦ ਸਿੰਘ ਅਜ਼ਾਦ) ਨਾਲ ਭਾਰਤ ਦੀ ਅਜ਼ਾਦੀ ਲਈ ਲੜ ਰਹੀਆਂ ਜਥੇਬੰਦੀਆਂ (ਗ਼ਦਰ ਪਾਰਟੀ, ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਅਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ) ਨਾਲ ਜੁੜਿਆ ਰਿਹਾ ਪਰ ਉਸ ਦੇ ਦਿਲ ਅੰਦਰ ਹਮੇਸ਼ਾ ਆਪਣੇ ਦੁਆਰਾ ਅੰਮ੍ਰਿਤਸਰ ਵਿਖੇ ਕੀਤਾ ਪ੍ਰਣ ਇਕ ਹੂਕ ਬਣ ਕੇ ਧੜਕਦਾ ਸੀ।ਇਸ ਸਮੇਂ ਦੌਰਾਨ ਉਸ ਦਾ ਮੇਲ ਦੇਸ਼ ਦੇ ਸਿਰਮੌਰ ਅਜ਼ਾਦੀ ਘੁਲਾਟੀਆ ਨਾਲ ਵੀ ਹੋਇਆ ਜਿਨ੍ਹਾਂ ਵਿਚ ਉਸ ਦੇ ਆਦਰਸ਼ ਸ਼ਹੀਦ ਭਗਤ ਸਿੰਘ ਵੀ ਸ਼ਾਮਿਲ ਸਨ।ਆਪਣੇ ਇਸ ਪ੍ਰਣ ਨੂੰ ਪੂਰਾ ਕਰਨ ਲਈ ਉਹ ਫ਼ਰਜ਼ੀ ਨਾਮ ਤੇ ਪਾਸਪੋਰਟ ਬਣਾ ਕੇ 1934 ‘ਚ ਲੰਡਨ ਪਹੁੰਚ ਗਿਆ। 1927 ਵਿਚ ਜਨਰਲ ਡਾਇਰ ਦੀ ਲੰਮੀ ਬਿਮਾਰੀ ਕਾਰਨ ਮੌਤ ਹੋ ਗਈ ਜਿਸ ਕਾਰਨ ਹੁਣ ਸ਼ਹੀਦ ਊਧਮ ਸਿੰਘ ਦਾ ਨਿਸ਼ਾਨਾ ਉਸ ਸਮੇਂ ਪੰਜਾਬ ਦਾ ਲੈਫ਼ਟੀਨੈਂਟ ਗਵਰਨਰ ਰਿਹਾ ਮਾਈਕਲ ਉਡਵਾਇਰ ਸੀ ਜੋ ਕਿ ਆਪਣੀ ਨੌਕਰੀ ਦੇ ਕਾਰਜਕਾਲ ਤੋਂ ਬਾਅਦ ਲੰਡਨ ਵਿਖੇ ਰਹਿ ਰਿਹਾ ਸੀ।
ਆਖ਼ਰ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿਚ ਈਸਟ ਇੰਡੀਆ ਐਸੋਸੀਏਸ਼ਨ ਵਲੋਂ ਸੈਂਟਰਲ ਏਸ਼ੀਅਨ ਸੁਸਾਇਟੀ ਦੇ ਸਹਿਯੋਗ ਨਾਲ ਇਕ ਮੀਟਿੰਗ ਕੀਤੀ ਜਾਣ ਦੀ ਖ਼ਬਰ, ਜਿਸ ਵਿਚ ਮਾਈਕਲ ਉਡਵਾਇਰ ਨੂੰ ਵਿਸ਼ੇਸ਼ ਕਰਕੇ ਬੁਲਾਇਆ ਗਿਆ ਸੀ, ਸ਼ਹੀਦ ਊਧਮ ਸਿੰਘ ਤਕ ਪਹੁੰਚੀ ਤਾਂ ਉਨ੍ਹਾਂ ਇਸ ਸਮਾਗਮ ਵਿਚ ਹੀ ਮਾਈਕਲ ਉਡਵਾਇਰ ਨੂੰ ਮਾਰ ਮੁਕਾਉਣ ਦਾ ਫ਼ੈਸਲਾ ਕੀਤਾ।ਸ਼ਹੀਦ ਊਧਮ ਸਿੰਘ ਉਸ ਦਿਨ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਕੇ ਲੰਡਨ ਦੇ ਕੈਕਸਟਨ ਹਾਲ ਵਲ ਆਪਣੇ ਪ੍ਰਣ ਨੂੰ ਹਕੀਕਤ ਵਿਚ ਬਦਲਣ ਲਈ ਕਿਤਾਬ ਵਿਚ ਪਿਸਤੌਲ ਰਖ ਕੇ ਤੁਰ ਪਿਆ।ਕੈਕਸਟਨ ਹਾਲ ਵਿਚ ਜਦੋਂ ਮਾਈਕਲ ਉਡਵਾਇਰ ਨੂੰ ਬੋਲਣ ਦਾ ਸਮਾ ਦਿਤਾ ਗਿਆ ਤਾਂ ਉਸ ਨੇ ਜਲਿਆ ਵਾਲੇ ਬਾਂਗ ਦੇ ਖ਼ੂਨੀ ਸਾਕੇ ਨੂੰ ਸਹੀ ਠਹਿਰਾਇਆ ਤਦ ਹੀ ਊਧਮ ਸਿੰਘ ਨੇ ਆਪਣੇ ਅਮਰੀਕਨ ਪਿਸਤੌਲ ਦਾ ਨਿਸ਼ਾਨਾ ਉਡਵਾਇਰ ਨੂੰ ਬਣਾਇਆ ਤੇ ਤਾੜ ਤਾੜ ਕਰਦੀਆਂ ਦੋ ਗੋਲੀਆਂ ਉਸ ਦੀ ਛਾਤੀ ਵਿਚ ਦਾਗ਼ ਦਿਤੀਆਂ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।ਇਕ ਗੋਲੀ ਲਾਰਡ ਜੈਟਲੈਂਡ ਜੋ ਕਿ ਇੰਡੀਆ ਸਟੇਟ ਦਾ ਸਕਤਰ ਸੀ ਅਤੇ ਇਕ ਗੋਲੀ ਸਰ ਲੂਈਸ ਡੈਨ ਨੂੰ ਲਗੀ ਇਹ ਦੋਵੇਂ ਜਾਣੇ ਜ਼ਖ਼ਮੀ ਹੋ ਗਏ।ਸ਼ਹੀਦ ਊਧਮ ਸਿੰਘ ਉਥੋਂ ਦੋੜੇ ਨਹੀਂ ਅਤੇ ਖ਼ੁਸ਼ੀ-ਖ਼ੁਸ਼ੀ ਆਪਣੀ ਗ੍ਰਿਫ਼ਤਾਰੀ ਦੇ ਦਿਤੀ।ਸ਼ਹੀਦ ਊਧਮ ਸਿੰਘ ਵਲੋਂ ਮਾਈਕਲ ਉਡਵਾਇਰ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਇਸ ਘਟਨਾ ਨੂੰ ਦੁਨੀਆ ਦੇ ਵਖ ਵਖ ਅਖ਼ਬਾਰਾਂ ਨੇ ਪ੍ਰਕਾਸ਼ਿਤ ਕੀਤਾ।ਲੰਡਨ ਤੋਂ ਹੀ ਪ੍ਰਕਾਸ਼ਿਤ ਹੁੰਦੇ ਪ੍ਰਸਿਧ ਅਖ਼ਬਾਰ ‘ਟਾਈਮਜ਼ ਆਫ਼ ਲੰਡਨ‘ਨੇ ਸ਼ਹੀਦ ਊਧਮ ਸਿੰਘ ਨੂੰ ‘ਅਜ਼ਾਦੀ ਦਾ ਲੜਾਕਾ‘ ਅਤੇ ਉਸ ਦੇ ਇਸ ਦਲੇਰੀ ਭਰੇ ਕਾਰਨਾਮੇ ਨੂੰ ਗ਼ੁਲਾਮ ਭਾਰਤੀ ਲੋਕਾਂ ਦੇ ਗ਼ੁਸੇ ਦਾ ਪ੍ਰਗਟਾਵਾ ਕਿਹਾ।ਜਰਮਨ ਰੇਡੀਉ ਤੋਂ ਵਾਰ ਵਾਰ ਇਹੀ ਪ੍ਰਸਾਰਿਤ ਹੁੰਦਾ ਰਿਹਾ ਕਿ ਠਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣ ਨੂੰ ਕਦੇ ਵੀ ਮਾਫ਼ ਨਹੀਂ ਕਰਦੇ ਭਾਵੇਂ ਉਨ੍ਹਾਂ ਨੂੰ ਬਦਲਾ ਲੈਣ ਲਈ ਵੀਹ ਸਾਲ ਤੋਂ ਵਧ ਸਮਾਂ ਕਿਉਂ ਨਾ ਲਗ ਜਾਵੇ ੂ।ਉਥੇ ਹੀ ਸਾਡੇ ਆਪਣੇ ਦੇਸ਼ ਦੇ ਸਿਰਮੌਰ ਆਗੂ ਮਹਾਤਮਾ ਗਾਂਧੀ ਅਤੇ ਪੰਡਿਤ ਨਹਿਰੂ ਨੇ ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦਾ ਬੇਹਦ ਅਫ਼ਸੋਸ ਹੈ।ਸਿਰਫ਼ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਸ਼ਹੀਦ ਊਧਮ ਸਿੰਘ ਦੇ ਇਸ ਦਲੇਰੀ ਅਤੇ ਕੁਰਬਾਨੀ ਭਰੇ ਕਦਮ ਦੀ ਸ਼ਲਾਘਾ ਕੀਤੀ।
ਆਪ ਜੀ ਨੂੰ ਗ੍ਰਿਫ਼ਤਾਰ ਕਰਕੇ ਬ੍ਰਿਕਸਟਨ ਜੇਲ੍ਹ ਵਿਚ ਰਖਿਆ ਗਿਆ।ਆਪ ਜੀ ਨੇ ਜੇਲ੍ਹ ਵਿਚ ਸਜ਼ਾ ਕਟਦੇ ਹੋਏ ਹਕੀ ਮੰਗਾਂ ਦੀ ਪ੍ਰਾਪਤੀ ਲਈ 42 ਦਿਨ ਲੰਮੀ ਭੁਖ ਹੜਤਾਲ ਵੀ ਕੀਤੀ ਅਤੇ ਜ਼ੈਲ ਦੇ ਅੰਦਰ ਤੋਂ ਹੀ ਸ਼ਿਵ ਸਿੰਘ ਜੌਹਲ ਅਤੇ ਅਮਰੀਕਾ ਵਿਚ ਵਸਦੇ ਦੇਸ਼ ਭਗਤ ਗਦਰੀਆਂ ਨੂੰ 14 ਚਿਠੀਆਂ ਲਿਖੀਆਂ ਜਿੰਨਾ ਨੂੰ ਪੜ੍ਹਨ ਤੇ ਸ਼ਹੀਦ ਊਧਮ ਸਿੰਘ ਜੀ ਦੀ ਸ਼ਖ਼ਸੀਅਤ ਅਤੇ ਆਪਣੇ ਦੇਸ਼ ਪ੍ਰਤੀ ਉਨ੍ਹਾਂ ਦੇ ਪਿਆਰ ਅਤੇ ਕੁਰਬਾਨੀ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।ਅੰਤ 31 ਜੁਲਾਈ 1940 ਭਾਰਤ ਦੇ ਇਸ ਮਹਾਨ ਸਪੂਤ ਨੂੰ ਪੈਨਟਨਵਿਲੇ ਜੇਲ੍ਹ ਵਿਚ ਫਾਸੀ ਤੇ ਲਟਕਾ ਕੇ ਸ਼ਹੀਦ ਕਰ ਦਿਤਾ ਗਿਆ।ਜ਼ੈਲ ਅਧਿਕਾਰੀਆਂ ਨੇ ਸਿਖ ਰਸਮਾਂ ਅਨੁਸਾਰ ਸੰਸਕਾਰ ਕਰਨ ਆਗਿਆ ਨਾ ਦੇਣ ਕਾਰਨ ਸ਼ਹੀਦ ਊਧਮ ਸਿੰਘ ਨੂੰ ਜੇਲ੍ਹ ਵਿਚ ਹੀ ਦਫ਼ਨ ਦਿਤਾ ਗਿਆ ਸੀ ਪਰ ਉਨ੍ਹਾਂ ਦੀ ਅੰਤਿਮ ਇਛਾ ਅਨੁਸਾਰ ਜੁਲਾਈ 1974 ਵਿਚ ਸਰਦਾਰ ਊਧਮ ਸਿੰਘ ਜੀ ਦੀਆ ਅਸਥੀਆਂ ਨੂੰ ਭਾਰਤ ਲਿਆਂਦਾ ਗਿਆ ਅਤੇ ਉਨ੍ਹਾਂ ਦੇ ਜਦੀ ਨਗਰ ਸੁਨਾਮ ਸਿਖ ਰਸਮਾਂ ਅਨੁਸਾਰ ਸੰਸਕਾਰ ਕੀਤਾ ਗਿਆ।
ਹਰ ਸਾਲ 31 ਜੁਲਾਈ ਵਾਲੇ ਦਿਨ ਸ਼ਹੀਦ ਊਧਮ ਸਿੰਘ ਦੇ ਬੁਤ ਤੇ ਸ਼ਰਧਾ ਦੇ ਫੁਲ ਭੇਟ ਕੀਤੇ ਜਾਂਦੇ ਹਨ ਪਰ ਇਸ ਦੇ ਨਾਲ ਨਾਲ ਉਸ ਮਹਾਨ ਸੂਰਬੀਰ ਯੋਧੇ ਦੀ ਵਿਚਾਰਧਾਰਾ ਦਾ ਸੁਨੇਹਾ ਵੀ ਆਮ ਲੁਕਾਈ ਤਕ ਪਹੁੰਚਾਉਣ ਦੇ ਯਤਨ ਕਰਨੇ ਚਾਹੀਦੇ ਹਨ।ਸ਼ਹੀਦ-ਏ-ਆਜ਼ਮ ਊਧਮ ਸਿੰਘ ਜੀ ਵਲੋਂ ਆਪਣੇ ਜੀਵਨ ਵਿਚ ਆਈਆਂ ਔਕੜਾ ਅਤੇ ਦੁਸ਼ਵਾਰੀਆਂ ਦੇ ਬਾਵਜੂਦ ਵੀ ਆਪਣੇ ਜੀਵਨ ਨੂੰ ਦੇਸ਼ ਦੇ ਲੇਖੇ ਲਾ ਦਿਤਾ ਤਾਂ ਜੋ ਉਸ ਦੇ ਦੇਸ਼ ਦੀ ਅਵਾਮ ਇਕ ਅਜ਼ਾਦੀ ਭਰੇ ਜੀਵਣ ਦਾ ਨਿਘ ਮਾਣ ਸਕੇ ਜਿਥੇ ਹਰ ਨਾਗਰਿਕ ਨੂੰ ਬਰਾਬਰ ਦੇ ਅਧਿਕਾਰ ਅਤੇ ਸਹੂਲਤਾਂ ਮਿਲਣ ਪਰ ਬੜੇ ਅਫ਼ਸੋਸ ਨਾਲ ਦਸਣਾ ਬਣਦਾ ਹੈ ਕਿ ਅਜ਼ਾਦੀ ਦੇ 70 ਸਾਲ ਬੀਤ ਜਾਣ ਮਗਰੋਂ ਵੀ ਸਾਡੇ ਦੇਸ਼ ਵਿਚ ਜੀਵਣ ਨਿਰਬਾਹ ਕਰਨ ਲਈ ਲੋੜੀਂਦੀਆਂ ਬੁਨਿਆਦੀ ਲੋੜਾਂ ਵੀ ਪੂਰੀ ਜਨ ਮਾਨਸ ਤਕ ਨਹੀਂ ਪਹੁੰਚ ਸਕੀਆਂ।ਦੇਸ਼ ਦੀਆ ਰਾਜਨੀਤਕ ਪਾਰਟੀਆਂ ਸਾਡੇ ਦੇਸ਼ ਦੇ ਮਹਾਨ ਸਪੂਤਾ ਦੇ ਨਾਮ ਤੇ ਵਾਹੋ-ਵਾਹੀ ਲੁਟਣ ਲਈ ਤਾਂ ਹਮੇਸ਼ਾ ਤਿਆਰ ਰਹਿੰਦੀਆਂ ਹਨ ਪਰ ਸ਼ਹੀਦ ਊਧਮ ਸਿੰਘ ਅਤੇ ਹੋਰ ਦੇਸ਼ ਭਗਤ ਸੂਰਮਿਆ ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਦੀ ਖ਼ਾਤਰ ਆਪਣੀਆਂ ਜਾਨਾਂ ਵਾਰ ਦਿਤੀਆਂ ਨੂੰ ਕੌਮੀ ਸ਼ਹੀਦ ਐਲਾਨਣ ਤੋਂ ਇਨਕਾਰੀ ਹਨ। ਹੋਣਾ ਤਾਂ ਇਹ ਚਾਹੀਦਾ ਸੀ ਕਿ ਸ਼ਹੀਦ ਊਧਮ ਸਿੰਘ ਜੀ ਦੇ ਨਾਮ ਤੇ ਦੇਸ਼ ਦੀਆ ਕੇਂਦਰੀ ਯੂਨੀਵਰਸਿਟੀਆਂ ਵਿਚ ਚੇਅਰ ਸਥਾਪਿਤ ਕੀਤੀਆਂ ਜਾਣ ਤਾਂ ਕਿ ਉਨ੍ਹਾਂ ਦਾ ਜੀਵਨ ਫ਼ਲਸਫ਼ਾ ਆਉਣ ਵਾਲੀ ਪੀੜੀ ਤਕ ਪਹੁੰਚ ਸਕੇ।ਅਜ ਦੀ ਨੌਜਵਾਨ ਪੀੜੀ ਨੂੰ ਉਨ੍ਹਾ ਦੇ ਜੀਵਨ ਤੋਂ ਇਹ ਸੇਧ ਲੈਣੀ ਚਾਹੀਦੀ ਹੈ ਕਿ ਤੁਹਾਡੇ ਜ਼ਿੰਦਗੀ ਦਾ ਨਿਸ਼ਾਨਾ ਜਾਂ ਟੀਚਾ ਭਾਵੇਂ ਕਿੰਨਾ ਵੀ ਮੁਸ਼ਕਿਲ ਜਾਂ ਵਡਾ ਹੋਵੇ ਪਰ ਜੇ ਤੁਸੀਂ ਉਸ ਟੀਚੇ ਨੂੰ ਪ੍ਰਾਪਤ ਕਰਨ ਲਈ ਆਪਣੇ ਆਪ ਨਾਲ ਇਕ ਅਹਿਦ ਕਰ ਲੈਂਦੇ ਹੋ ਤਾਂ ਦੁਨੀਆ ਦੀ ਕੋਈ ਵੀ ਮੁਸ਼ਕਿਲ ਜਾਂ ਚੁਨੌਤੀ ਤੁਹਾਨੂੰ ਉਸ ਨਿਸ਼ਾਨੇ ਦੀ ਪ੍ਰਾਪਤੀ ਤੋਂ ਵਾਂਝਾ ਨਹੀ ਰਖ ਸਕਦੀ।