April 24, 2026 1:17 pm

ਪੰਜਾਬ ‘ਚ ਦੇਸ਼ ਦੀ ਸਰਬੋਤਮ ਸਨਅਤੀ ਨੀਤੀ ਲਾਗੂ ਕਰਾਂਗੇ: ਸੁੰਦਰ ਸ਼ਾਮ ਅਰੋੜਾ

ਬੀਮਾਰ ਸਨਅਤਾਂ ਨੂੰ ਮਿਲੇਗਾ ਯਕਮੁਸ਼ਤ ਸਮਝੌਤੇ ਦਾ ਮੌਕਾ

ਦਸੰਬਰ ਤੱਕ ਵੈਟ ਰਿਫੰਡ ਦੇ ਬਕਾਇਆ ਕੇਸਾਂ ਦਾ ਹੋਵੇਗਾ ਨਿਬੇੜਾ

ਚੰਡੀਗੜ੍ਹ, 29 ਜੁਲਾਈ:

ਪੰਜਾਬ ਦੇ ਸਨਅਤ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਪੰਜਾਬ ‘ਚ ਸਨਅਤ ਨੂੰ ਹੁਲਾਰਾ ਦੇਣ ਲਈ ਦੇਸ਼ ਦੀ ਸਰਬੋਤਮ ਸਨਅਤੀ ਨੀਤੀ ਜਲਦ ਹੀ ਲਾਗੂ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਵੀਂ ਨੀਤੀ ‘ਚ ਉਦਯੋਗਿਕ ਇਕਾਈਆਂ ਨੂੰ ਸਟੇਟ ਜੀ.ਐਸ.ਟੀ., ਪ੍ਰਾਪਰਟੀ ਟੈਕਸ, ਬਿਜਲੀ ਡਿਊਟੀ ਅਤੇ ਸਟੈਂਪ ਡਿਊਟੀ ਤੋਂ ਛੋਟ ਵਰਗੀਆਂ ਵੱਡੀਆਂ ਰਾਹਤਾਂ ਦਿੱਤੀਆਂ ਜਾਣਗੀਆਂ।

ਇਹ ਪ੍ਰਗਟਾਵਾ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਨਵੀਂ ਸੋਧੀ ਹੋਈ ਨੀਤੀ ‘ਚ ਬੀਮਾਰ ਸਨਅਤਾਂ ਨੂੰ ਯਕਮੁਸ਼ਤ ਸਮਝੌਤੇ (ਵੰਨ ਟਾਈਮ ਸੈਟਲਮੈਂਟ) ਦਾ ਮੌਕਾ ਦਿੱਤਾ ਜਾਵੇਗਾ। ਵੈਟ ਰਿਫੰਡ ਦੇ ਬਕਾਇਆ ਪਏ ਕੇਸਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿੱਤ ਵਿਭਾਗ ਨਾਲ ਮਾਮਲਾ ਵਿਚਾਰਿਆ ਜਾ ਚੁੱਕਾੱ ਹੈ ਅਤੇ ਸਰਕਾਰ ਵਲੋਂ ਹਰ ਦੋ ਮਹੀਨੇ ਦੇ ਸਮੇਂ ਦੌਰਾਨ 300 ਕਰੋੜ ਰੁਪਏ ਦਾ ਫੰਡ ਜਾਰੀ ਕਰਕੇ ਦਸੰਬਰ 2018 ਤੱਕ ਸਮੁੱਚੀ ਬਕਾਇਆ ਰਕਮ ਦਾ ਭੁਗਤਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਵੀਂ ਸਨਅਤੀ ਨੀਤੀ ਵੱਖ-ਵੱਖ ਧਿਰਾਂ ਤੋਂ ਸੁਝਾਅ ਲੈ ਕੇ ਤਿਆਰ ਕੀਤੀ ਗਈ ਹੈ ਅਤੇ ਇਸ ਨੂੰ ਵਿਚਾਰਨ ਤੇ ਪ੍ਰਵਾਨ ਕਰਨ ਹਿੱਤ ਜਲਦ ਹੀ ਮੰਤਰੀ ਮੰਡਲ ਦੇ ਸਨਮੁੱਖ ਪੇਸ਼ ਕੀਤਾ ਜਾਵੇਗਾ।

ਸ੍ਰੀ ਅਰੋੜਾ ਨੇ ਕਿਹਾ ਕਿ ਨਵੀਂ ਸਨਅਤੀ ਨੀਤੀ ਵਿੱਚ ਛੋਟੀਆਂ ਅਤੇ ਮੱਧਮ ਸਨਅਤਾਂ ਨੂੰ ਪ੍ਰਫੁੱਲਿਤ ਕਰਨ ‘ਤੇ ਵਧੇਰੇ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਸਨਅਤਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਟੈਕਸਟਾਈਲ ਸਮੇਤ ਹੋਰ ਖੇਤਰਾਂ ਵਿੱਚ ਪੰਜਾਬ ਵਿੱਚ ਨਿਵੇਸ਼ ਕਰਨ ਲਈ ਅੱਗੇ ਆਉਣ ਕਿਉਂਜੋ ਨਵੀਂ ਨੀਤੀ ਤਹਿਤ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਅਤੇ ਇਨਸੈਂਟਿਵ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਲਈ ਪਾਵਰਕੌਮ ਨੂੰ 1440 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।

ਸੂਬੇ ਦੀ ਕਿਸੇ ਵੀ ਉਦਯੋਗਿਕ ਇਕਾਈ ਨੂੰ ਪੰਜਾਬ ਤੋਂ ਬਾਹਰ ਤਬਦੀਲ ਨਾ ਹੋਣ ਦੇਣ ਪ੍ਰਤੀ ਦ੍ਰਿੜਤਾ ਜ਼ਾਹਰ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਸਨਅਤ ਵਿਭਾਗ ਵੱਲੋਂ ਸਾਰਾ ਕੰਮ ਆਨ ਲਾਈਨ ਕਰਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਵਿੱਚ ਜਿੱਥੇ ਸਮੇਂ ਤੇ ਪੈਸੇ ਦੀ ਬੱਚਤ ਹੋਵੇਗੀ, Àੁੱਥੇ ਹਰ ਅਧਿਕਾਰੀ ਤੇ ਸਨਅਤਕਾਰ ਨੂੰ ਉਸਦੀ ਫਾਈਲ ਦੇ ਸਟੇਟਸ ਦੀ ਜਾਣਕਾਰੀ ਮਿਲਦੀ ਰਹੇਗੀ।

ਸ੍ਰੀ ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਬੀਤੇ ਲਗਭੱਗ ਇੱਕ ਵਰ੍ਹੇ ਦੌਰਾਨ ਸਰਕਾਰੀ ਤੇ ਗੈਰ ਸਰਕਾਰੀ ਖੇਤਰਾਂ ਵਿੱਚ 1 ਲੱਖ 56 ਹਜਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਸੂਬੇ ‘ਚ ਹੁਣ ਤੱਕ 9200 ਕਰੋੜ ਰੁਪਏ ਦੇ ਪੂੰਜੀ ਨਿਵੇਸ਼ ਨਾਲ ਉਦਯੋਗ ਸਥਾਪਤ ਕਰਨ ਲਈ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ, ਜਿਸ ਨਾਲ ਸੂਬੇ ਦੇ 50 ਹਜ਼ਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਹਾਸਲ ਹੋਣ ਦੀ ਸੰਭਾਵਨਾ ਹੈ।

Send this to a friend