ਚੰਡੀਗੜ੍ਹ, 8 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੁੰਦੇ ਹੀ ਇਸ ਦਾ ਸਭ ਤੋਂ ਵੱਧ ਅਸਰ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ‘ਤੇ ਪੈ ਰਿਹਾ ਹੈ, ਜਿਸ ਦੇ ਚਲਦੇ ਲੋਕ ਸਭਾ ਚੋਣਾਂ ਪ੍ਰੀਖਿਆਰਥੀਆਂ ‘ਤੇ ਭਾਰੀ ਪੈਂਦੀਆਂ ਦਿਖਾਈ ਦੇ ਰਹੀਆਂ ਹਨ। ਪੰਜਾਬ ਯੂਨੀਵਰਸਿਟੀ ਵਲੋਂ ਅੰਡਰ ਗ੍ਰੈਜੂਏਟ ਕਲਾਸਾਂ ਦੀ ਡੇਟਸ਼ੀਟ ਨੂੰ ਰੱਦ ਕਰਕੇ ਇਸ ਦੇ ਸਥਾਨ ‘ਤੇ ਨਵੀਂ ਡੇਟਸ਼ੀਟ ਜਾਰੀ ਕੀਤੇ ਜਾਣ ਦੇ ਨੋਟੀਫਿਕੇਸ਼ਨ ਦੇ ਬਾਅਦ ਜਿਥੇ ਸੰਬੰਧਤ ਵਿਦਿਆਰਥੀਆਂ ਵਿਚ ਬੇਚੈਨੀ ਪੈਦਾ ਹੋ ਗਈ ਹੈ, ਉਥੇ ਹੁਣ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਇਨ੍ਹੀਂ ਦਿਨੀਂ ਚੱਲ ਰਹੀਆਂ 12ਵੀਂ ਕਲਾਸ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਕੁਝ ਵਿਸ਼ਿਆਂ ਦੀ ਡੇਟਸ਼ੀਟ ਵਿਚ ਬਦਲਾਅ ਕਰਕੇ ਵਿਦਿਆਰਥੀਆਂ ਨੂੰ ਸ਼ਸ਼ੋਪੰਜ ਵਿਚ ਪਾ ਦਿਤਾ ਹੈ। ਬੋਰਡ ਵਲੋਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਹਵਾਲਾ ਦੇ ਕੇ ਬਦਲਾਅ ਦੇ ਨਾਲ ਜਾਰੀ ਕੀਤੀ ਗਈ ਕੁਝ ਪੇਪਰਾਂ ਦੀ ਨਵੀਂ
ਡੇਟਸ਼ੀਟ ਦੀ ਸੂਚਨਾ ਮਿਲਦੇ ਹੀ ਵਿਦਿਆਰਥੀਆਂ ਦੇ ਨਾਲ ਸਕੂਲਾਂ ਦੇ ਪ੍ਰਿੰਸੀਪਲ ਵੀ ਹੈਰਾਨ ਦਿਖਾਈ ਦਿਤੇ।
ਜ਼ਿਕਰਯੋਗ ਹੈ ਕਿ ਦੇਸ਼ ਭਰ ਵਿਚ ਲੋਕ ਸਭਾ ਚੋਣਾਂ 7 ਅਪ੍ਰੈਲ ਤੋਂ ਸ਼ੁਰੂ ਹੋਣੀਆਂ ਹਨ, ਇਸ ਲਈ ਬੋਰਡ ਨੇ ਕੁਝ ਰਾਜਾਂ ਦੀਆਂ ਚੋਣਾਂ ਦੀਆਂ ਤਰੀਕਾਂ ਦੇ ਨਾਲ 12ਵੀਂ ਦੀਆਂ ਪ੍ਰੀਖਿਆ ਤਰੀਕਾਂ ਦਾ ਕਲੇਸ਼ ਹੁੰਦਾ ਦੇਖ ਉਕਤ ਤਰੀਕਾਂ ਵਾਲੇ ਦਿਨ ਹੋਣ ਵਾਲੀ ਪ੍ਰੀਖਿਆ ਨੂੰ ਮੁਲਤਵੀ ਕਰਕੇ ਉਸ ਦੇ ਸਥਾਨ ‘ਤੇ ਨਵੀਂ ਡੇਟਸ਼ੀਟ ਜਾਰੀ ਕੀਤੀ ਹੈ।
ਸੀ. ਬੀ. ਐੱਸ. ਈ. ਪ੍ਰੀਖਿਆ ਕੰਟਰੋਲਰ ਐੱਮ. ਸੀ. ਸ਼ਰਮਾ ਵਲੋਂ ਜਾਰੀ ਕੀਤੀ ਗਈ ਕੁਝ ਵਿਸ਼ਿਆਂ ਦੀ ਨਵੀਂ ਡੇਟਸ਼ੀਟ ਅਨੁਸਾਰ 9 ਅਪ੍ਰੈਲ ਬੁੱਧਵਾਰ ਨੂੰ ਹੋਣ ਵਾਲੀ ਪ੍ਰੀਖਿਆ ਹੁਣ 25 ਅਪ੍ਰੈਲ ਸ਼ੁੱਕਰਵਾਰ ਨੂੰ ਹੋਵੇਗੀ, ਜਦਕਿ 10 ਅਪ੍ਰੈਲ ਵੀਰਵਾਰ ਨੂੰ ਹੋਣ ਵਾਲੀ ਪ੍ਰੀਖਿਆ ਦੀ ਤਰੀਕ ਨੂੰ ਅੱਗੇ ਵਧਾਉਂਦੇ 21 ਅਪ੍ਰੈਲ ਸੋਮਵਾਰ, ਇਸ ਤੋਂ ਇਲਾਵਾ 12 ਅਪ੍ਰੈਲ ਸ਼ਨੀਵਾਰ ਨੂੰ ਹੋਣ ਵਾਲੀ ਪ੍ਰੀਖਿਆ ਦੀ ਤਰੀਕ ਦੇ ਲਈ 19 ਅਪ੍ਰੈਲ ਸ਼ਨੀਵਾਰ ਅਤੇ 17 ਅਪ੍ਰੈਲ ਵੀਰਵਾਰ ਵਾਲੇ ਦਿਨ ਹੋਣ ਵਾਲੀ ਪ੍ਰੀਖਿਆ ਦੇ ਲਈ 22 ਅਪ੍ਰੈਲ ਮੰਗਲਵਾਰ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਹੈ।
ਖਾਸ ਗੱਲ ਤਾਂ ਇਹ ਹੈ ਕਿ ਬੋਰਡ ਵਲੋਂ ਕੀਤੇ ਗਏ ਇਸ ਬਦਲਾਅ ਦਾ ਅਸਰ ਵਿਦਿਆਰਥੀਆਂ ਦੀਆਂ ਤਿਆਰੀਆਂ ‘ਤੇ ਪਵੇਗਾ ਕਿਉਂਕਿ ਹੁਣ ਤੋਂ ਕੁਝ ਵਿਦਿਆਰਥੀ ਮੁਸ਼ਕਲ ਵਿਸ਼ਿਆਂ ਦੇ ਸਿਲੇਬਸ ਦੀ ਤਿਆਰੀ ਨੂੰ ਪੂਰਾ ਕਰਨ ਵਿਚ ਲੱਗੇ ਹੋਏ ਹਨ, ਜਿਨ੍ਹਾਂ ਵਿਚ ਮੁੱਖ ਤੌਰ ‘ਤੇ ਹੁਣ 21 ਅਪ੍ਰੈਲ ਨੂੰ ਹੋਣ ਵਾਲੀ ਸਮਾਜ ਸ਼ਾਸਤਰ ਅਤੇ 19 ਅਪ੍ਰੈਲ ਨੂੰ ਹੋਣ ਵਾਲੀ ਫਿਲਸਫੀ ਦੀ ਪ੍ਰੀਖਿਆ ਸ਼ਾਮਲ ਹੈ।