ਫਰੀਦਕੋਟ ਲੋਕ ਸਭਾ ਹਲਕੇ ਲਈ ਕਾਂਗਰਸ ਉਮੀਦਵਾਰ ਦੁਚਿੱਤੀ ’ਚ

ਕੋਟਕਪੂਰਾ/ਫਰੀਦਕੋਟ (ਕਾਕਾ ਗੁਰਜੀਤ ਰੋਮਾਣਾ) ਮਾਲਵੇ ਦੇ ਦਿੱਗਜਾਂ ਸਾਬਕਾ ਰਾਸ਼ਟਰਪਤੀ ਸਵ. ਗਿਆਨੀ ਜ਼ੈਲ ਸਿੰਘ ਸੰਧਵਾਂ, ਸਾਬਕਾ ਮੁੱਖ ਮੰਤਰੀ ਸਵ. ਹਰਚਰਨ ਸਿੰਘ ਬਰਾੜ, ਮੌਜੂਦਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੈਂਬਰ ਪਾਰਲੀਮੈਂਟ ਅਤੇ ਚੀਫ ਵਿੱਪ ਸ. ਜਗਮੀਤ ਸਿੰਘ ਬਰਾੜ ਦੀ ਕਰਮ ਭੂਮੀ ਰਹੇ ਲੋਕ ਸਭਾ ਹਲਕਾ ਫਰੀਦਕੋਟ (ਪੰਜਾਬ) ਨੂੰ  ਸਾਲ 1977 ਵਿੱਚ 9 ਵਿਧਾਨ ਸਭਾ ਹਲਕੇ ਵਾਲਾ ਜਨਰਲ ਲੋਕ ਸਭਾ ਹਲਕਾ ਨਿਯੁਕਤ ਕੀਤਾ ਗਿਆ ਸੀ। ਜਨਰਲ ਹੁੰਦਿਆਂ ਹਲਕੇ ਵਿੱਚ ਕੁੱਲ 8 ਚੋਣਾਂ ਹੋਈਆਂ ਜਿਸ ਵਿੱਚ ਅਕਾਲੀ ਦਲ (ਬਾਦਲ) ਨੇ 5, ਕਾਂਗਰਸ ਨੇ 2, ਅਤੇ ਅਕਾਲੀ ਦਲ (ਮਾਨ) ਨੇ 1 ਵਾਰ ਜਿੱਤ ਹਾਸਲ ਕੀਤੀ ਅਤੇ 2009 ਵਿੱਚ ਹਲਕਾ ਐੱਸ.ਸੀ. ਲਈ ਰਾਖਵਾਂ ਕਰ ਦਿੱਤਾ ਗਿਆ। ਜਿੱਥੇ ਪਹਿਲੀ ਵਾਰ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਸਿੰਘ ਨੂੰ ਅਕਾਲੀ ਦਲ ਬਾਦਲ ਦੀ ਉਮੀਦਵਾਰ ਪਰਮਜੀਤ ਕੌਰ ਗੁਲਸ਼ਨ ਨੇ 62,042 ਹਜ਼ਾਰ ਵੋਟਾਂ ਦੇ ਫਰਕ ਨਾਲ

ਹਰਾ ਕੇ ਜਿੱਤ ਹਾਸਿਲ ਕੀਤੀ। ਫਰੀਦਕੋਟ ਲੋਕ ਸਭਾ ਹਲਕੇ ਵਿੱਚ ਕੁੱਲ 12,71,131 ਵੋਟਾਂ ਹਨ ਜਿਨ੍ਹਾਂ ਵਿੱਚ 6,74,314 ਪੁਰਸ਼ ਅਤੇ 6,00,817 ਔਰਤ ਵੋਟਰ ਹਨ।
ਦੂਜੀ ਮੁੱਖ ਵਰੋਧੀ ਪਾਰਟੀ ਕਾਂਗਰਸ ਦੇ ਪਹਿਲੇ ਉਮੀਦਵਾਰ ਰਹੇ ਸੁਖਵਿੰਦਰ ਸਿੰਘ ਡੈਨੀ ਟਿਕਟ ਦੇ ਮੁੱਖ ਦਾਅਵੇਦਾਰ ਹਨ। ਕਾਂਗਰਸ ਦੇ ਹੋਰ ਦਾਅਵੇਦਾਰਾਂ ਵਿੱਚ ਕਰਨਲ ਬਾਬੂ ਮੋਗਾ, ਜਗਦਰਸਨ ਕੌਰ ਧਰਮਕੋਟ, ਸਾਬਕਾ ਆਈ.ਏ.ਐੱਸ. ਅਮਰ ਸਿੰਘ ਦੇ ਨਾਂਅ ਸਾਹਮਣੇ ਆਏ ਹਨ। ਅਮਰ ਸਿੰਘ ਨੇ ਫਤਿਹਗੜ੍ਹ ਸਹਿਬ ਤੋਂ ਵੀ ਟਿਕਟ ਮੰਗੀ ਹੈ। ਉਹ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਤੇ ਦਿਗਵਿਜੇ ਸਿੰਘ ਦੇ ਨਜ਼ਦੀਕੀਆਂ ਵਿੱਚੋਂ ਹਨ। ਕਾਂਗਰਸ ਅਤੇ ਸਾਂਝੇ ਮੋਰਚੇ ਦੇ ਗਠਜੋੜ ਤੋਂ ਬਾਅਦ ਪਾਰਟੀ ਵੱਲੋਂ ਇਹ ਸੀਟ ਸਾਂਝੇ ਮੋਰਚੇ ਦੇ ਉਮੀਦਵਾਰ ਲਈ ਛੱਡਣ ਦਾ ਐਲਾਨ ਕੀਤਾ ਜਾ ਚੁੱਕਾ ਹੈ ਪ੍ਰੰਤੂ ਕੁਝ ਸੀਨੀਅਰ ਕਾਂਗਰਸ ਆਗੂ ਇਸ ਗਠਜੋੜ ਤੋਂ ਨਿਰਾਸ਼ ਹਨ। ਇਸ ਕਰਕੇ ਉਮੀਦਵਾਰ ਦੁਚਿੱਤੀ ਵਿੱਚ ਹਨ।ਸੀ.ਪੀ.ਆਈ. ਦੇ ਸੀਨੀਅਰ ਨੇਤਾ ਪ੍ਰਦੇਸ਼ ਪ੍ਰਧਾਨ ਕਸ਼ਮੀਰ ਗੁਦੱਈਆ ਅਤੇ ਸਾਬਕਾ ਐੱਮ.ਪੀ. ਸਵ. ਭਾਨ ਸਿੰਘ ਭੌਰਾ ਦੀ ਪਤਨੀ ਕੁਸ਼ੱਲਿਆ ਭੌਰਾ ਸਾਂਝੇ ਮੋਰਚੇ ਵੱਲੋਂ ਟਿਕਟ ਦੇ ਪਹਿਲੇ ਦਾਅਵੇਦਾਰਾਂ ਵਿੱਚੋਂ ਹਨ। ਆਮ ਆਦਮੀ ਪਾਰਟੀ ਦੇ ਪਟਿਆਲਾ ਅਤੇ ਲੁਧਿਆਣਾ ਤੋਂ ਬਾਅਦ ਫਰੀਦਕੋਟ ਵਿੱਚ ਮੈਂਬਰਾਂ ਦੀ ਗਿਣਤੀ ਬਹੁਤ ਹੈ (ਆਪ) ਦੇ 43 ਮੈਂਬਰਾਂ ਦੀਆਂ ਅਰਜ਼ੀਆਂ ਆ ਚੁਕੀਆਂ ਹਨ। ਸ਼੍ਰੋਮਣੀ ਅਕਾਲੀ ਦਲ (ਮਾਨ) ਨੇ ਬਲਦੇਵ ਸਿੰਘ ਤੇ ਬਸਪਾ ਦੇ ਸੰਤ ਰਾਮ ਮੱਲੀਆਂ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਹੁਣ ਤੱਕ ਜੇਕਰ ਕਿਸੇ ਉਮੀਦਵਾਰ ਦਾ ਪੱਲੜਾ ਭਾਰਾ ਹੈ ਤਾਂ ਉਹ ਅਕਾਲੀ ਦਲ ਬਾਦਲ ਦੇ ਉਮੀਦਵਾਰ ਦਾ ਕਿਹਾ ਜਾ ਸਕਦਾ ਹੈ ਕਿਉਂਕਿ ਹਲਕੇ ਵਿੱਚ (ਵਿਧਾਇਕ) ਪੱਧਰ ਦੇ ਤਿੰਨ ਆਗੂਆਂ ਦੀ ਹੋਈ ਦਲ ਬਦਲੀ ਦੇ ਹਿਸਾਬ ਨਾਲ ਜੇਕਰ ਇੱਕ ਸਾਬਕਾ ਵਿਧਾਇਕ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਇਆ ਹੈ ਤਾਂ ਦੋ ਕਾਂਗਰਸ ਦੇ ਵਧਾਇਕ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ ਜਿਨ੍ਹਾਂ ਕੋਲ ਪੰਜਾਬ ਪੱਧਰ ਦੀਆਂ ਚੇਅਰਮੈਨੀਆਂ ਵੀ ਹਨ ਅਤੇ ਹਲਕਿਆਂ ਵਿੱਚ ਵੋਟਾਂ ਨਾਲ ਕਾਂਗਰਸ-ਸਾਂਝੇ ਮੋਰਚੇ ਦੇ ਉਮੀਦਵਾਰ ਨੂੰ ਵੱਡਾ ਖੋਰਾ ਲਾਉਣਗੇ ਅਤੇ ਅਕਾਲੀ ਦਲ ਦੇ ਉਮੀਦਵਾਰ ਅਤੇ ਵਰਕਰਾਂ ਨੇ ਹਲਕੇ ਵਿੱਚ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਪਹਿਲ ਦਾ ਵੀ ਅਕਾਲੀ ਪਾਰਟੀ ਨੂੰ ਲਾਭ ਮਿਲੇਗਾ।

Send this to a friend