ਨਵੀਂ ਦਿੱਲੀ, 8 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਆਮ ਆਦਮੀ ਪਾਰਟੀ ਨੂੰ ਇੱਕ ਵਾਰ ਫਿਰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ‘ਆਪ’ ਨੇਤਾ ਯੋਗਿੰਦਰ ਯਾਦਵ ’ਤੇ ਕਾਲਖ ਮਲੀ ਗਈ ਹੈ। ਯੋਗਿੰਦਰ ਯਾਦਵ ‘ਆਪ’ ਦੇ ਦੂਜੇ ਨੇਤਾਵਾਂ ਨਾਲ ਜੰਤਰ-ਮੰਤਰ ’ਤੇ ਇੱਕ ਸਮਾਰੋਹ ਵਿੱਚ ਹਿੱਸਾ ਲੈਣ ਪਹੁੰਚੇ ਸਨ, ਤਾਂ ਉਸ ਸਮੇਂ ਪਿੱਛੋਂ ਆ ਕੇ ਇਕ ਸ਼ਖਸ ਨੇ ਉਨ੍ਹਾਂ ਦੇ ਚਿਹਰੇ ’ਤੇ ਕਾਲਖ ਮਲ ਦਿੱਤੀ। ਇਹ ਵਿਅਕਤੀ ਕੋਈ ਹੋਰ ਨਹੀਂ ਪਾਰਟੀ ਦਾ ਹੀ ਇੱਕ ਵਰਕਰ ਦੱਸਿਆ ਜਾਂਦਾ ਹੈ, ਜਿਸ ਦੀ ਪਛਾਣ ਸ਼ਾਲੀਮਾਰ ਬਾਗ ਨਿਵਾਸੀ ਸਾਗਰ ਭੰਡਾਰੀ ਵਜੋਂ ਹੋਈ ਹੈ। ਸਾਗਰ ਵੱਲੋਂ ਇਹ ਹਰਕਤ ਕੀਤੇ ਜਾਣ ਦੇ ਬਾਅਦ ਉਥੇ ਮੌਜੂਦ ਪਾਰਟੀ ਦੇ ਹੋਰਨਾਂ ਵਰਕਰਾਂ ਨੇ ਉਸ ਉੱਪਰ ਜੁੱਤੀਆਂ, ਚੱਪਲਾਂ ਅਤੇ ਲੱਤਾਂ, ਮੁੱਕਿਆਂ ਅਤੇ ਚਪੇੜਾਂ ਦੀ
ਬਾਰਿਸ਼ ਕਰ ਦਿੱਤੀ। ਪੁਲਿਸ ਦੇ ਆਉਣ ਤੱਕ ਪਾਰਟੀ ਵਰਕਰ ਉਸ ਦੀ ਚੰਗੀ ‘ਸੇਵਾ’ ਕਰਦੇ ਰਹੇ। ਬਾਅਦ ਵਿੱਚ ਪੁਲਿਸ ਉਸ ਨੂੰ ਹਿਰਾਸਤ ਵਿੱਚ ਲੈ ਕੇ ਸੰਸਦ ਮਾਰਗ ਥਾਣੇ ਲੈ ਗਈ।
ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ’ਤੇ ‘ਆਪ’ ਦੇ ਕਈ ਨੇਤਾ ਇੱਕ ਸਮਾਰੋਹ ਵਿੱਚ ਹਿੱਸਾ ਲੈਣ ਜੰਤਰ-ਮੰਤਰ ’ਤੇ ਮੌਜੂਦ ਸਨ ਤਾਂ ਉਸ ਸਮੇਂ ਇਹ ਘਟਨਾ ਹੋਈ। ਘਟਨਾ ਦੇ ਉੱਪਰ ਪ੍ਰਤੀਕਿਰਿਆ ਦਿੰਦੇ ਹੋਏ ਯੋਗਿੰਦਰ ਯਾਦਵ ਨੇ ਕਿਹਾ ਕਿ ਜਿਸ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਪਰਮਾਤਮਾ ਉਸ ਨੂੰ ਬੁੱਧੀ ਬਖਸ਼ੇ। ਮੌਕੇ ‘ਤੇ ਮੌਜੂਦ ‘ਆਪ’ ਵਰਕਰਾਂ ਮੁਤਾਬਕ ਇੱਕ ਸ਼ਖਸ ਦੋ ਲੋਕਾਂ ਨਾਲ ਇੱਥੇ ਪਹੁੰਚਿਆਂ ਅਤੇ ਅਚਾਨਕ ਮੀਡੀਆ ਨਾਲ ਗੱਲ ਕਰ ਰਹੇ ਯੋਗਿੰਦਰ ਯਾਦਵ ਦੇ ਚਿਹਰੇ ‘ਤੇ ਕਾਲਖ ਮਲ ਦਿੱਤੀ। ਪੁਲਸ ਨੇ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੂੰ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਕੁਝ ਸਮਾਂ ਪਹਿਲਾਂ ਵੀ ‘ਆਪ‘ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਉੱਪਰ ਭਰੀ ਸਭਾ ਵਿੱਚ ਸਿਆਹੀ ਸੁੱਟੀ ਗਈ ਸੀ।