ਨਸ਼ਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਵਧੀਆ ਤਾਲਮੇਲ ਦੀ ਲੋੜ ’ਤੇ ਜ਼ੋਰ
ਚੰਡੀਗੜ੍ਹ, 24 ਜੁਲਾਈ- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਕਾਂਗਰਸ ਨੂੰ 2019 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਕਿਸੇ ਗਠਜੋੜ ਦੀ ਜ਼ਰੂਰਤ ਨਹੀਂ ਹੈ ਅਤੇ ਇਹ ਖੁਦ ਸੁਖਾਲੇ ਢੰਗ ਨਾਲ ਹੀ ਇਨ੍ਹਾਂ ਚੋਣਾਂ ਦੌਰਾਨ ਜਿਤ ਹਾਸਲ ਕਰੇਗੀ। ਗੁਰਦਾਸਪੁਰ ਅਤੇ ਸ਼ਾਹਕੋਟ ਸਣੇ ਹਾਲ ਹੀ ਵਿਚ ਹੋਈਆਂ ਵਖ ਵਖ ਚੋਣਾਂ ਦੌਰਾਨ ਕਾਂਗਰਸ ਨੂੰ ਵਡੀ ਜਿਤ ਹਾਸਲ ਹੋਣ ਦੇ ਸਬੰਧ ਵਿਚ ਲੋਕ ਭਾਵਨਾਵਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਕਿਸੇ ਵੀ ਗਠਜੋੜ ਦੀ ਜ਼ਰੂਰਤ ਨਹੀਂ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਆਧਾਰ ਪੂਰੀ ਤਰ੍ਹਾਂ ਖਿਸਕ ਜਾਣ ਦਾ ਜ਼ਿਕਰ ਕਰਦੇ ਹੋਏ ਮੁਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਕਦੀ ਵੀ ਪੰਜਾਬ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਗਠਜੋੜ ਦੀ ਗਲ ਨਹੀ ਆਖੀ। ਉਨ੍ਹਾਂ ਕਿਹਾ ਕਿ ਅਸਲ ਵਿਚ ਕਾਂਗਰਸ ਨੇ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਈਆਂ ਸਾਰੀਆਂ ਚੋਣਾਂ ਦੌਰਾਨ ਹੂੰਝਾ ਫੇਰੂ ਜਿਤ ਹਾਸਲ ਕੀਤੀ ਹੈ ਅਤੇ ਕਾਂਗਰਸ ਨੂੰ ਅਗਲੇ ਸਾਲ ਦੀਆਂ ਸੰਸਦੀ ਚੋਣਾਂ ਵਿਚ ਕਿਸੇ ਵੀ ਗਠਜੋੜ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਦੇ ਨਾਲ ਹੀ ਮੁਖ ਮੰਤਰੀ ਨੇ ਦੁਹਰਾਇਆ ਕਿ ਚੋਣਾਂ ਤੋਂ ਪਹਿਲਾਂ ਗਠਜੋੜ ਬਾਰੇ ਅੰਤਿਮ ਫੈਸਲਾ ਕਾਂਗਰਸ ਹਾਈ ਕਮਾਂਡ ਵਲੋਂ ਕੀਤਾ ਜਾਣਾ ਹੈ ਅਤੇ ਉਸ ਵਲੋਂ ਲਿਆ ਗਿਆ ਫੈਸਲਾ ਪੰਜਾਬ ਸਣੇ ਸਾਰੇ ਸੂਬਿਆਂ ਦੀਆਂ ਇਕਾਈਆਂ ਵਲੋਂ ਪ੍ਰਵਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਆਸੀ ਗਠਜੋੜ ਕਾਇਮ ਕਰਨਾ ਪਾਰਟੀ ਦੀ ਰਾਸ਼ਟਰੀ ਲੀਡਰਸ਼ਿਪ ਦੇ ਅਧਿਕਾਰ ਖੇਤਰ ਵਿਚ ਹੈ ਅਤੇ ਉਸ ਵਲੋਂ ਇਸ ਸਬੰਧੀ ਫੈਸਲਾ ਢੁਕਵੇ ਸਮੇਂ ’ਤੇ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਬਹੁਤ ਸਾਰੇ ਕਾਰਕ ਭੂਮਿਕਾ ਨਿਭਾਉਂਦੇ ਹਨ ਜਿਨ੍ਹਾਂ ਵਿਚ ਜਿਤਣ ਦੀ ਸਮਰਥਾ ਵੀ ਸ਼ਾਮਲ ਹੈ। ਇਸ ਕਰਕੇ ਗਠਜੋੜ ਤੋਂ ਪਹਿਲਾਂ ਆਮ ਤੌਰ ’ਤੇ ਪਾਰਟੀ ਵਲੋਂ ਇਨ੍ਹਾਂ ਗਲਾਂ ਨੂੰ ਧਿਆਨ ਵਿਚ ਰਖਿਆ ਜਾਂਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਥੋਂ ਤਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਬੰਧ ਹੈ ਇਸ ਵਲੋਂ ਆਪਣੇ ਵਿਚਾਰ ਪਾਰਟੀ ਹਾਈ ਕਮਾਂਡ ਦੇ ਸਾਹਮਣੇ ਉਸ ਵੇਲੇ ਰਖੇ ਜਾਣਗੇ ਜਦੋ ਹਾਈ ਕਮਾਂਡ ਇਸ ਵਾਸਤੇ ਕਹੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਦੇ ਵਾਂਗ ਪਾਰਟੀ ਦੀ ਰਾਸ਼ਟਰੀ ਲੀਡਰਸ਼ਿਪ ਹਰ ਸੂਬੇ ਵਿਚ ਜ਼ਮੀਨੀ ਸਥਿਤੀਆਂ ਨੂੰ ਧਿਆਨ ਵਿਚ ਰਖੇਗੀ ਅਤੇ ਕੋਈ ਵੀ ਗਠਜੋੜ ਕਰਨ ਤੋਂ ਪਹਿਲਾਂ ਸੂਬਾ ਇਕਾਈਆਂ ਦੀ ਰਾਇ ਪ੍ਰਾਪਤ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੀ ਇਸ ਮੁਦੇ ਬਾਰੇ ਅੰਦਰੂਨੀ ਵਿਚਾਰ ਕਰ ਰਹੀ ਹੈ ਅਤੇ ਜ਼ਰੂਰਤ ਪੈਣ ’ਤੇ ਇਸ ਮਾਮਲੇ ’ਤੇ ਆਮ ਸਹਮਤੀ ਤਿਆਰ ਕੀਤੀ ਜਾਵੇਗੀ।
ਸੂਬੇ ‘ਚੋਂ ਨਸ਼ਿਆਂ ਦੇ ਖਾਤਮੇ ਦੀਆਂ ਸਰਕਾਰੀ ਕੋਸ਼ਿਸ਼ਾਂ ਨੂੰ ਹੋਰ ਹੁਲਾਰਾ ਦਿੰਦੇ ਹੋਏ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਅਤੇ ਨਿਜੀ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਦੇ ਨਾਲ ਓ.ਓ.ਏ.ਟੀ ਦੇ ਨੈਟਵਰਕ ਨੂੰ ਮਜ਼ਬੂਤ ਬਨਾਉਣ ਵਾਸਤੇ ਇਨਾਂ ਨੂੰ ਆਧਾਰ ਦੇ ਨਾਲ ਜੋੜਨ ਦੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿਤੇ ਹਨ। ਇਸ ਦੇ ਨਾਲ ਹੀ ੳਨਾਂ ਨੇ ਸਕਕਾਰ ਵਲੋਂ ਚਲਾਏ ਜਾਂਦੇ ਕੇਂਦਰਾਂ ਵਿਚ ਲਏ ਜਾਂਦੇ 200 ਰੁਪਏ ਦਾਖਲਾ ਚਾਰਜ ਨੂੰ ਵੀ ਮੁਆਫ ਕਰਨ ਦੇ ਹੁਕਮ ਦਿਤੇ ਹਨ।
ਵਖ-ਵਖ ਕੇਂਦਰਾਂ ਵਿਚ ਆਉਣ ਵਾਲੇ ਨਸ਼ੇ ਦੇ ਆਦੀਆਂ ਲਈ ਮੁਖ ਮੰਤਰੀ ਵਲੋਂ ਪਹਿਲਾਂ ਹੀ ਐਲਾਨੇ ਗਏ ਮੁਫ਼ਤ ਇਲਾਜ ਤੋਂ ਇਹ ਦਾਖਲਾ ਚਾਰਜਿਜ ਦੀ ਮੁਆਫੀ ਵਖਰੀ ਹੈ।
ਅਜ ਇਥੇ ਸਰਕਾਰ ਦੀ ਨਸ਼ਿਆਂ ਵਿਰੋਧੀ ਮੁਹਿੰਮ ਦੀ ਪ੍ਰਗਤੀ ਦਾ ਸਾਰੇ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸ ਐਸ ਪੀਜ਼ /ਸੀ.ਪੀਜ਼ ਨਾਲ ਜਾਇਜਾ ਲੈਂਦੇ ਹੋਏ ਮੁਖ ਮੰਤਰੀ ਨੇ ਕਿਹਾ ਕਿ ਆਧਾਰ ਦੇ ਨਾਲ ਇਨਾਂ ਕੇਂਦਰਾਂ ਨੂੰ ਜੋੜਨ ਨਾਲ ਡੁਪਲੀਕੇਟ ਰਜਿਸਟਰੇਸ਼ਨ ਤੋਂ ਬਚਿਆ ਜਾ ਸਕੇਗਾ।ਮੁਖ ਮੰਤਰੀ ਨੇ ਦਸਿਆ ਕਿ ਪੀੜਤਾਂ, ਉਨਾਂ ਦੇ ਪਰਿਵਾਰਾਂ ਅਤੇ ਸੂਹੀਆਂ ਲਈ ਸੁਖਾਲੀ ਅਤੇ ਭਰੋਸੇਮੰਦ ਪਹੁੰਚ ਵਾਸਤੇ ਦੋ ਹੈਲਪ ਲਾਈਨਾਂ 24 ਘੰਟੇ ਕੰਮ ਕਰ ਰਹੀਆਂ ਹਨ ਜਿਨਾਂ ਵਿਚ ਪੁਲਿਸ ਦੀ ਹੈਲਪ ਲਾਈਨ 181 ਅਤੇ ਸਿਹਤ ਵਿਭਾਗ ਦੀ 104 ਹੈ।