April 19, 2026 12:28 am

20ਵੀਂ ਸਦੀ ਦੇ ਮਹਾਂ ਪੁਰਸ਼ : ਬ੍ਰਹਮ ਗਿਆਨੀ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ

ਬ੍ਰਹਮ ਗਿਆਨੀ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵੀਹਵੀਂ ਸਦੀ ਦੇ ਸਰਵਉਚ ਮਹਾਂ ਪੁਰਸ਼ ਸਨ, ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਗੁਰਮਤਿ ਵਿਚਾਰਧਾਰਾ ਉਪਰ ਪਹਿਰਾ ਦੇਂਦਿਆਂ ਮਾਨਵਤਾ ਦੀ ਭਲਾਈ ਦੇ ਲੇਖੇ ਲਾ ਦਿੱਤਾ। ਉਹ ਇਨਸਾਨੀਅਤ ਦੇ ਪੁਜਾਰੀ, ਸ਼ਾਂਤੀ ਦੇ ਪੁੰਜ, ਗੁਰਮਤਿ ਸਿਧਾਂਤ ਦੇ ਧਾਰਨੀ ਅਤੇ ਸਿੱਖੀ ਵਿਚਾਰਧਾਰਾ ਦੇ ਮਾਰਗ ਉਪਰ ਚਲਣ ਵਾਲੇ ਗੁਰਮੁੱਖ ਮਹਾਂ ਪੁਰਸ਼ ਸਨ। ਉਹ ਅਜਿਹੇ ਪਹਿਲੇ ਸੰਤ ਮਹਾਂ ਪੁਰਸ਼ ਹਨ, ਜਿਨ੍ਹਾਂ ਨੇ ਇਹ ਮਹਿਸੂਸ ਕੀਤਾ ਕਿ ਸਿੱਖ ਸੰਗਤਾਂ ਨੂੰ ਗੁਰਬਾਣੀ ਅਤੇ ਗੁਰਮਤਿ ਦੀ ਵਿਚਾਰਧਾਰਾ ਨਾਲ ਜੋੜਨ ਲਈ ਆਉਣ ਵਾਲੀ ਪਨੀਰੀ ਨੂੰ ਸਿਖਿਆ ਵਿਸ਼ੇਸ਼ ਤੌਰ ’ਤੇ ਸਾਇੰਸ ਦੀ ਸਿੱਖਿਆ ਦੇਣੀ ਅਤਿਅੰਤ ਜ਼ਰੂਰੀ ਹੈ। ਉਹ ਕਹਿੰਦੇ ਸਨ ਕਿ ਦੁਨਿਆਵੀ ਅਤੇ ਅਧਿਆਤਮਿਕ ਵਿਦਿਆ ਦਾ ਸੰਬੰਧ ਗੂੜ੍ਹਾ ਹੈ। ਇਨ੍ਹਾਂ ਦੋਹਾਂ ਤੋਂ ਬਿਨਾ ਮਨੁੱਖ ਅਧੂਰਾ ਹੈ। ਜੇ ਲੋਕ ਸਿਖਿਅਕ ਹੋਣਗੇ ਤਾਂ ਹੀ ਗੁਰਬਾਣੀ ਦੀ ਦਾਰਸ਼ਨਿਕਤਾ ਨੂੰ ਸਮਝਣ ਦੇ ਸਮਰੱਥ ਹੋਣਗੇ। ਇਹ ਵਿਦਿਆ ਵੀ ਅਜਿਹੇ ਢੰਗ ਨਾਲ ਦਿੱਤੀ ਜਾਵੇ, ਜਿਹੜੀ ਆਧੁਨਿਕ ਤਕਨੀਕ ਨਾਲ ਮੇਲ ਖਾਂਦੀ ਹੋਵੇ। ਪ੍ਰੰਪਰਾਦਾਇਕ ਸਿਖਿਆ ਨਹੀਂ ਸਗੋਂ ਬੱਚਿਆਂ ਨੂੰ ਕਿੱਤਾ ਮੁੱਖੀ ਸਿਖਿਆ ਦੇਣ ਨੂੰ ਤਰਜੀਹ ਦਿੱਤੀ ਜਾਵੇ ਤਾਂ ਹੀ ਸਿੱਖਾਂ ਦੀ ਮਾਨਸਿਕਤਾ ਦਾ ਵਿਕਾਸ ਹੋ ਸਕਦਾ ਹੈ। ਭਾਵੇਂ ਸੰਤ ਅਤਰ ਸਿੰਘ ਜੀ ਆਪ ਬਹੁਤੇ ਪੜ੍ਹੇ ਲਿਖੇ ਨਹੀਂ ਸਨ ਪ੍ਰੰਤੂ ਉਹ ਪੜ੍ਹਾਈ ਦੀ ਲੋੜ ਨੂੰ ਸਮਝਦੇ ਸਨ। ਉਹ ਖ਼ੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਪ ਕਰਦੇ ਸਨ। ਉਹ ਪਿੰਡਾਂ ਦੇ ਲੋਕਾਂ ਵਿਚ ਜਾਗ੍ਰਿਤੀ ਪੈਦਾ ਕਰਨ ਲਈ ਵਿਦਿਅਕ ਲਹਿਰ ਚਲਾਉਣ ਦੇ ਮੋਢੀ ਵਜੋਂ ਜਾਣੇ ਜਾਂਦੇ ਰਹਿਣਗੇ। ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਉਨ੍ਹਾਂ ਦਾ ਮੇਲ ਸੰਤ ਤੇਜਾ ਸਿੰਘ ਨਾਲ ਹੋਇਆ। 1901 ਵਿਚ ਉਹ ਮਸਤੂਆਣਾ ਦੇ ਜੰਗਲਾਂ ਵਿਚ ਆ ਕੇ ਟਿਕ ਗਏ। ਇੀੇ ਇਕ ਗੁਰਦੁਆਰਾ ਸਥਾਪਤ ਕੀਤਾ, ਜਿਸਦਾ ਨਾਮ ਗੁਰਸਾਗਰ ਸਾਹਿਬ ਮਸਤੂਆਣਾ ਰੱਖਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਉਹ ਕਿਸੇ ਮਨੁੱਖੀ ਜਾਮੇ ਵਾਲੇ ਵਿਅਕਤੀ ਨੂੰ ਮੱਥਾ ਟੇਕਣ ਨਹੀਂ ਦਿੰਦੇ ਸਨ। ਕੀਰਤਨ ਵੀ ਉਹ ਸੰਗਤਾਂ ਵਿਚ ਬੈਠਕੇ ਸੁਣਦੇ ਸਨ, ਅੱਜ ਕਲ੍ਹ ਦੇ ਸੰਤਾਂ ਦੀ ਤਰ੍ਹਾਂ ਵੱਖਰੀ ਉਚੀ ਸਟੇਜ ਨਹੀਂ ਬਣਾਉਂਦੇ ਸਨ। 14 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ। ਇਨ੍ਹਾਂ ਪ੍ਰਾਣੀਆਂ ਵਿਚ ਮਾਸਟਰ ਤਾਰਾ ਸਿੰਘ, ਡਾ.ਭਾਈ ਜੋਧ ਸਿੰਘ, ਭਾਈ ਹਰਕਿਸ਼ਨ ਸਿੰਘ, ਮਲਕ ਮੋਹਨ ਸਿੰਘ, ਮਲਕ ਹਰਦਿਤ ਸਿੰਘ ਅਤੇ ਸਿੱਖ ਰਿਆਸਤਾਂ ਦੇ ਰਾਜੇ ਮਹਾਰਾਜੇ ਸ਼ਾਮਲ ਹਨ। ਇਸਤਰੀਆਂ ਨੂੰ ਅੰਮ੍ਰਿਤ ਛਕਾਉਣ ਦੀ ਪ੍ਰੰਪਰਾ ਦੀ ਪਹਿਲ ਸੰਤ ਅਤਰ ਸਿੰਘ ਨੇ ਹੀ ਕੀਤੀ ਸੀ। 1906 ਵਿਚ ਉਨ੍ਹਾਂ ਮਸਤੂਆਣਾ ਸਾਹਿਬ ਵਿਖੇ ਲੜਕੀਆਂ ਦਾ ਸਕੂਲ ਸਥਾਪਤ ਕੀਤਾ। ਫਿਰ ਭਸੌੜ ਵਿਖੇ ਸਕੂਲ ਬਣਵਾਇਆ। 1913 ਵਿਚ ਅਕਾਲ ਡਿਗਰੀ ਕਾਲਜ ਮਸਤੂਆਣੇ ਖੋਲ੍ਹਿਆ। ਸੰਤ ਤੇਜਾ ਸਿੰਘ ਨੂੰ ਵਿਗਿਆਨਕ ਸਿਖਿਆ ਪ੍ਰਾਪਤ ਕਰਨ ਲਈ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਭੇਜਿਆ। ਉਨ੍ਹਾਂ ਦਾ ਮੰਤਵ ਸੀ ਕਿ ਪੱਛਮੀ ਦੇਸ਼ਾਂ ਦੀ ਸਾਇੰਸ ਦੀ ਪੜ੍ਹਾਈ ਤੇ ਭਾਰਤ ਦੀ ਅਧਿਆਤਮਕ ਵਿਦਿਆ ਦਾ ਸੁਮੇਲ ਕਰ ਦਿੱਤਾ ਜਾਵੇ ਤਾਂ ਜੋ ਭਾਰਤੀ ਗੁਰਸਿੱਖ ਵਿਦਿਆਰਥੀ ਅੰਮ੍ਰਿਤਧਾਰੀ ਰਹਿੰਦੇ ਹੋਏ, ਉਚੇਰੀ ਵਿਦਿਆ ਪ੍ਰਾਪਤ ਕਰ ਸਕਣ ਅਤੇ ਪੱਛਮੀ ਦੇਸ਼ਾਂ ਵਿਚ ਜਾ ਕੇ ਪੜ੍ਹਨ ਸਮੇਂ ਪਤਿਤ ਨਾ ਹੋਣ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਹੁਣ ਸਾਡੇ ਬੱਚੇ ਵਿਦੇਸ਼ ਵਿਚ ਜਾਂਦਿਆਂ ਹੀ ਪਤਿਤ ਹੋ ਜਾਂਦੇ ਹਨ। ਕਈ ਸਕੂਲ ਅਤੇ ਕਾਲਜ ਖੋਲ੍ਹੇ। ਐਜੂਕੇਸ਼ਨਲ ਕਾਨਫਰੰਸਾਂ ਸ਼ੁਰੂ ਕਰਨ ਦੀ ਪ੍ਰੰਪਰਾ ਵੀ ਉਨ੍ਹਾਂ ਹੀ ਸ਼ੁਰੂ ਕੀਤੀ ਅਤੇ ਇਨ੍ਹਾਂ ਕਾਨਫਰੰਸਾਂ ਦੀ ਉਹ ਪ੍ਰਧਾਨਗੀ ਵੀ ਕਰਦੇ ਰਹੇ। ਜਦੋਂ ਅਕਾਲ ਡਿਗਰੀ ਕਾਲਜ ਦੀ ਇਮਾਰਤ ਬਣਾਈ ਗਈ ਤਾਂ ਉਨ੍ਹਾਂ ਦੀ ਮਾਤਾ ਭੋਲੀ ਦਾ ਘਰ ਇਮਾਰਤ ਦੇ ਰਸਤੇ ਵਿਚ ਅੜਿਕਾ ਬਣ ਰਿਹਾ ਸੀ। ਉਨ੍ਹਾ ਉਹ ਢਾਹ ਕੇ ਕਾਲਜ ਬਣਵਾਇਆ। ਬਾਅਇਵਿਚ ਸੰਤ ਤੇਜਾ ਸਿੰਘ ਨੇ ਮਾਤਾ ਭੋਲੀ ਲਈ ਕੁਟੀਆ ਬਣਾਕੇ ਦਿੱਤੀ। ਆਪ ਗੁਰਮਤਿ ਅਨੁਸਾਰ ਚਲਦੇ ਸਨ, ਜਦੋਂ ਆਪਦੀ ਮਾਤਾ ਦੀ ਮੌਤ ਹੋਈ ਤਾਂ ਆਪਨੇ ਪਿੰਡ ਦੇ ਲੋਕਾਂ ਨੂੰ ਅੰਗੀਠਾ ਚੁਣਨ ਤੋਂ ਰੋਕ ਦਿੱਤਾ। ਵਹਿਮਾ ਭਰਮਾ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ। ਸੰਤ ਅਤਰ ਸਿੰਘ ਦਾ ਜਨਮ 28 ਮਾਰਚ 1866 ਨੂੰ ਮਾਤਾ ਭੋਲੀ ਅਤੇ ਪਿਤਾ ਸ੍ਰ. ਕਰਮ ਸਿੰਘ ਦੇ ਘਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੀਮਾ ਵਿਖੇ ਹੋਇਆ ਸੀ। ਹੋਣਹਾਰ ਵਿਰਵਨ ਕੇ ਚਿਕਨੇ ਚਿਕਨੇ ਪਾਤ ਦੀ ਧਾਰਨਾ ਅਨੁਸਾਰ ਬਚਪਨ ਤੋਂ ਹੀ ਬਾਲਕ ਅਤਰ ਸਿੰਘ ਸੰਤ ਸੁਭਾਅ ਦੇ ਸੱਚ ਦੇ ਮਾਰਗ ਉਪਰ ਚਲਣ ਵਾਲੇ ਬੱਚੇ ਸਨ। ਫਕਰਾਂ ਦੀ ਤਰ੍ਹਾਂ ਬਚਪਨ ਵਿਚ ਵਿਚਰਦੇ ਸਨ। ਉਨ੍ਹਾਂ ਕੋਈ ਸਕੂਲੀ ਸਿੱਖਿਆ ਪ੍ਰਾਪਤ ਨਹੀਂ ਕੀਤੀ। ਪੰਜਾਬੀ ਭਾਸ਼ਾ ਦੀ ਪੜ੍ਹਾਈ ਉਨ੍ਹਾਂ ਪਿੰਡ ਚੀਮਾ ਦੇ ਨਿਰਮਲਿਆਂ ਦੇ ਡੇਰੇ ਵਿਚ ਹੀ ਭਾਈ ਬੂਟਾ ਸਿੰਘ ਤੋਂ ਪ੍ਰਾਪਤ ਕੀਤੀ। ਆਪਣੇ ਪਿਤਾ ਦੇ ਨਾਲ ਹੀ ਖੇਤੀਬਾੜੀ ਦਾ ਕੰਮ ਕਰਦੇ ਅਤੇ ਡੰਗਰ ਵੀ ਚਾਰਦੇ ਰਹੇ ਪ੍ਰੰਤੂ ਸੰਤ ਸੁਭਾਅ ਕਰਕੇ ਜਾਣੇ ਜਾਣ ਲੱਗ ਪਏ। ਕਿਸਾਨਾ, ਗ਼ਰੀਬਾਂ, ਮਜ਼ਦੂਰਾਂ ਅਤੇ ਮਿਹਨਤਕਸ਼ਾਂ ਦੇ ਹਮਦਰ ਸਨ। ਜਦੋਂ ਜਵਾਨ ਹੋਏ, ਜ਼ਿੰਦਗੀ ਵਿਚ ਕੁਝ ਵਿਲੱਖਣ ਕਾਰਜ ਕਰਨ ਦੇ ਸਪਨੇ ਸਿਰਜਦਿਆਂ ਆਪਣੀ ਮਾਤਾ ਤੋਂ ਫ਼ੌਜ ਵਿਚ ਭਰਤੀ ਹੋਣ ਦੀ ਇਜ਼ਾਜਤ ਮੰਗੀ। ਮਾਤਾ ਭੋਲੀ ਨੇ ਕਿਹਾ ਕਿ ਘਰ ਵਿਚ ਕਿਸੇ ਚੀਜ਼ ਦੀ ਘਾਟ ਨਹੀਂ, ਇਸ ਲਈ ਖੇਤੀਬਾੜੀ ਦਾ ਪਿਤਾ ਪੁਰਖੀ ਕਿਤਾ ਕਰਕੇ ਰੋਜੀ ਰੋਟੀ ਕਮਾਈ ਜਾ ਸਕਦੀ ਹੈ। ਅਖ਼ੀਰ 1883 ਵਿਚ ਮਹਿਜ 17 ਸਾਲ ਦੀ ਅਲ੍ਹੜ੍ਹ ਉਮਰ ਵਿਚ ਮਾਤਾ ਭੋਲੀ ਤੋਂ ਇਜ਼ਾਜਤ ਲੈ ਕੇ ਫ਼ੌਜ ਦੇ ਤੋਪਖ਼ਾਨੇ ਵਿਚ ਭਰਤੀ ਹੋ ਕੇ ਕੋਹਾਟ ਚਲੇ ਗਏ। ਅੱਜ ਕਲ੍ਹ ਕੋਹਾਟ ਪਾਕਿਸਤਾਨ ਵਿਚ ਹੈ। ਫਿਰ 54 ਪਲਟਨ ਵਿਚ ਉਨ੍ਹਾਂ ਦੀ ਬਦਲੀ ਹੋ ਗਈ। ਫ਼ੌਜ ਵਿਚ ਹੀ ਉਨ੍ਹਾਂ ਅੰਮ੍ਰਿਤ ਛੱਕ ਲਿਆ। ਪਲਟਨ ਵਿਚ ਹੀ ਭਾਈ ਜੋਧ ਸਿੰਘ ਕੋਲੋਂ ਨਾਮ ਸਿਮਰਨ ਕਰਨ ਦੀ ਪ੍ਰੇਰਨਾ ਲਈ। ਮਾਤਾ ਨੇ ਮੰਗਣੀ ਕਰਨ ਲਈ ਚਿੱਠੀ ਪਾਈ ਪ੍ਰੰਤੂ ਆਪਨੇ ਸਾਫ ਜਵਾਬ ਦੇ ਦਿੱਤਾ। ਈੜ੍ਹੇ ਚਿਰ ਬਾਅਦ ਆਪ ਦੇ ਪਿਤਾ ਦੀ ਮੌਤ ਹੋ ਗਈ। ਫ਼ੌਜ ਤੋਂ ਛੁੱਟੀ ਲੈ ਕੇ ਪੈਦਲ ਹੀ ਹਜ਼ੂਰ ਸਾਹਿਬ ਲਈ ਚਲ ਪਏ ਪ੍ਰੰਤੂ ਆਪਣੇ ਪਿੰਡ ਨਹੀਂ ਗਏ। ਹਜ਼ੂਰ ਸਾਹਿਬ ਨਗੀਨਾ ਘਾਟ ਉਪਰ 2 ਸਾਲ ਨਾਮ ਸਿਮਰਨ ਕੀਤਾ ਪ੍ਰੰਤੂ ਉਦਾਸੀ ਨੇ ਸਾਥ ਨਾ ਛੱਡਿਆ। ਉਸ ਤੋਂ ਬਾਅਦ ਹਰਿਦੁਆਰ, ਰਿਸ਼ੀ ਕੇਸ਼ ਚਲੇ ਗਏ ਅਤੇ 1 ਸਾਲ ਉਥੇ ਨਾਮ ਸਿਮਰਨ ਕੀਤਾ। ਇੀੇ ਉਨ੍ਹਾਂ ਦਾ ਮੇਲ ਸੰਤ ਰਾਮ ਸਿੰਘ ਮਾਲ੍ਹੀ ਵਾਲਿਆਂ ਨਾਲ ਹੋਇਆ। ਰਾਮ ਸਿੰਘ ਦੀ ਸਿਆਲਕੋਟ ਵਿਚ ਆਪਣੀ ਜਾਇਦਾ ਸੀ। ਉਥੋਂ ਉਹ ਧਾਰਮਿਕ ਸਥਾਨਾ ਦੀ ਯਾਤਰਾ ਉਪਰ ਚਲ ਪਏ। ਪਾਉਂਟਾ ਸਾਹਿਬ ਅਤੇ ਹੋਰ ਗੁਰਦੁਅਰਿਆਂ ਦੇ ਦਰਸ਼ਨ ਕਰਦੇ ਹੋਏ ਅੰਮ੍ਰਿਤਸਰ ਸਾਹਿਬ ਪਹੁੰਚ ਗਏ। ਕੁਝ ਸਮਾਂ ਉਥੇ ਰਹਿਣ ਤੋਂ ਬਾਅਦ ਦਮਦਮਾ ਸਾਹਿਬ ਆ ਗਏ, ਜਿਥੇ ਉਨ੍ਹਾਂ ਨੂੰ ਆਪਣੀ ਮਾਂ ਦੀ ਯਾਦ ਸਤਾਉਣ ਲੱਗੀ। ਅਖ਼ੀਰ ਆਪਣੇ ਪਿੰਡ ਆਕੇ ਖੇਤਾਂ ਵਿਚ ਰਹਿਣ ਲੱਗ ਪਏ ਕਿਉਂਕਿ ਉਹ ਮੋਹ ਮਾਇਆ ਦਾ ਤਿਆਗ ਕਰ ਚੁੱਕੇ ਸਨ। ਮਾਤਾ ਦੇ ਜ਼ੋਰ ਪਾਉਣ ਦੇ ਬਾਵਜੂਦ ਵੀ ਘਰ ਨਹੀਂ ਗਏ। ਫ਼ੌਜ ਵਿਚੋਂ ਗ਼ੈਰਹਾਜ਼ਰ ਰਹਿਣ ਕਰਕੇ ਫ਼ੌਜ ਤੋਂ ਬੁਲਾਵਾ ਵੀ ਆ ਗਿਆ। ਖੇਤਾਂ ਵਿਚ ਰਹਿਣਾ ਵੀ ਤਾਂ ਪ੍ਰਵਾਨ ਕੀਤਾ ਜੇਕਰ ਮਾਂ ਵਿਆਹ ਲਈ ਜ਼ੋਰ ਨਹੀਂ ਪਾਵੇਗੀ। ਇਕ ਦਿਨ ਮਾਂ ਨੇ ਫਿਰ ਵਿਆਹ ਕਰਵਾਉਣ ਦੀ ਜਿੱਦ ਕੀਤੀ ਤਾਂ ਆਪ ਚੁੱਪ ਚੁਪੀਤੇ ਉਥੋਂ ਸੰਤ ਰਾਮ ਸਿੰਘ ਕੋਲ ਸਿਆਲਕੋਟ ਚਲੇ ਗਏ। ਸਿਆਲਕੋਟ ਤੋਂ ਫ਼ੌਜ ਵਿਚ ਆਪਣੇ ਕਰਨਲ ਗੈਸਲੇ ਕੋਲ ਨਾਂ ਕਟਵਾਉਣ ਲਈ ਚਲੇ ਗਏ। ਪ੍ਰੰਤੂ ਕਰਨਲ ਗੈਸਲੇ ਨੇ ਅਤਰ ਸਿੰਘ ਨੂੰ ਚੰਗੇ ਨਿਸ਼ਾਨਚੀ ਹੋਣ ਕਰਕੇ ਫ਼ੌਜ ਦੀ ਡਿਊਟੀ ਤੇ ਹਾਜ਼ਰ ਹੋਣ ਲਈ ਜ਼ੋਰ ਪਾਇਆ ਪ੍ਰੰਤੂ ਆਪ ਨਹੀਂ ਮੰਨੇ, ਜਿਸ ਕਰਕੇ ਆਪਨੂੰ ਕੋਰਟ ਮਾਰਸ਼ਲ ਕਰ ਦਿੱਤਾ। ਆਪਦਾ ਨਾਮ ਸਿਮਰਨ ਦਾ ਹਠ ਵੇਖਕੇ ਆਪਨੂੰ ਫ਼ੌਜ ਵਿਚੋਂ ਚੰਗਾ ਨਿਸ਼ਾਨਚੀ ਹੋਣ ਕਰਕੇ 100 ਰੁਪਏ ਦਾ ਇਨਾਮ ਦੇ ਕੇ ਕਰਨਲ ਗੈਸਲੇ ਨੇ ਵਾਪਸ ਭੇਜ ਦਿੱਤਾ। ਉਹ 100 ਰੁਪਏ ਉਨ੍ਹਾਂ ਗ਼ਰੀਬਾਂ ਵਿਚ ਵੰਡ ਦਿੱਤੇ। ਫਿਰ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਚਾਲੇ ਪਾ ਦਿੱਤੇ ਪ੍ਰੰਤੂ ਰਸਤੇ ਵਿਚ ਹੀ ਭਾਈ ਸੁੰਦਰ ਸਿੰਘ ਦੇ ਘਰ ਢੇਰੀ ਪਿੰਡ ਵਿਚ ਠਹਿਰ ਗਏ ਅਤੇ ਉਥੇ ਸਿਮਰਨ ਕਰਦੇ ਰਹੇ। ਪੰਜਾ ਸਾਹਿਬ ਦਰਸ਼ਨ ਕਰਕੇ ਕੋਹਮਰੀ ਕੋਲ ਇਕ ਇਕਾਂਤ ਪਹਾੜੀ ਉਪਰ ਬੈਠ ਕੇ ਸਿਮਰਨ ਕਰਦੇ ਰਹੇ। 1894 ਵਿਚ ਭਾਈ ਰਾਮ ਸਿੰਘ ਦਮਾਲੇ ਵਾਲਿਆਂ ਕੋਲ ਪਹੁੰਚ ਗਏ। ਉਥੇ ਕਨੋਹੇ ਪਿੰਡ ਵਿਚ ਡੇਢ ਸਾਲ ਸਿਮਰਨ ਕਰਦੇ ਰਹੇ। ਉਨ੍ਹਾਂ ਦੀ ਚਾਰੇ ਪਾਸੇ ਪ੍ਰਸੰਸਾ ਹੁੰਦੀ ਵੇਖ ਕੇ ਲੋਕਾਂ ਨੇ ਉਨ੍ਹਾਂ ਨਾਲ ਕਈ ਕਰਾਮਾਤਾਂ ਜੋੜ ਦਿੱਤੀਆਂ। ਗੁਰਮਤਿ ਦੇ ਧਾਰਨੀ ਅਤੇ ਵਿਦਿਅਕ ਸੰਸਥਾਵਾਂ ਖੋਲ੍ਹਕੇ ਲੋਕਾਂ ਵਿਚ ਜਾਗ੍ਰਤੀ ਪੈਦਾ ਕਰਨ ਕਰਕੇ ਸਮੁੱਚੇ ਦੇਸ਼ ਵਿਚ ਆਪਦੀ ਪ੍ਰਸੰਸਾ ਹੋ ਰਹੀ ਸੀ। ਜਦੋਂ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣਾ ਸੀ ਤਾਂ ਪੰਡਤ ਮਦਨ ਮੋਹਨ ਮਾਲਵੀਆ ਨੂੰ ਉਥੋਂ ਦੇ ਸੰਤਾਂ ਮਹਾਤਮਾ ਅਤੇ ਰਾਜੇ ਮਹਾਰਾਜਿਆਂ ਨੇ ਇਹ ਨੀਂਹ ਪੱਥਰ ਸੰਤ ਅਤਰ ਸਿੰਘ ਤੋਂ ਰਖਵਾਉਣ ਲਈ ਕਿਹਾ। ਸੰਤ ਅਤਰ ਸਿੰਘ ਨੇ ਉਨ੍ਹਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਇਸ ਯੂਨੀਵਰਸਿਟੀ ਦੇ ਪਹਿਲੇ ਕਾਲਜ ਦਾ ਨੀਂਹ ਪੱਥਰ ਸੋਨੇ ਦੀ ਕਰੰਡੀ ਨਾਲ ਰੱਖਿਆ। ਚਾਂਦੀ ਦਾ ਤਸਲਾ ਵਰਤਿਆ ਗਿਆ। ਸੰਤ ਅਤਰ ਸਿੰਘ ਨਮਰਤਾ ਦੇ ਪੁੰਜ ਅਤੇ ਹਓਮੈ ਤੋਂ ਕੋਹਾਂ ਦੂਰ ਸਨ। ਹਮੇਸ਼ਾ ਹੱਕ ਸੱਚ ਉਪਰ ਪਹਿਰਾ ਦੇਣ ਅਤੇ ਮਿਹਨਤ ਮੁਸ਼ੱਕਤ ਕਰਨ ਦੀ ਪ੍ਰੇਰਨਾ ਦਿੰਦੇ ਸਨ। ਸਾਰੇ ਦੇਸ ਵਿਚ ਉਨ੍ਹਾਂ ਗੁਰਬਾਣੀ ਅਤੇ ਸਿੱਖ ਸਿਧਾਂਤਾਂ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਉਨ੍ਹਾਂ ਦੀ ਮੌਤ 2 ਫਰਵਰੀ 1927 ਨੂੰ ਸੰਗਰੂਰ ਵਿਖੇ ਹੋਈ। ਆਪ ਵੱਲੋਂ ਆਧੁਨਿਕ ਸਿਖਿਆ ਦੀ ਚਲਾਈ ਪਰੰਪਰਾ ਨੂੰ ਕਲਗੀਧਰ ਟਰੱਸਟ ਬੜੂ ਸਾਹਿਬ ਰਾਹੀਂ ਪਹਿਲਾਂ ਸੰਤ ਤੇਜਾ ਸਿੰਘ ਚਲਾਉਂਦੇ ਰਹੇ ਅਤੇ ਹੁਣ ਬਾਬਾ ਇਕਬਾਲ ਸਿੰਘ ਬਾਖ਼ੂਬੀ ਚਲਾ ਰਹੇ ਹਨ।

Send this to a friend