ਲਟਕਦੀਆਂ ਮੰਗਾਂ ਮਨਵਾਉਣ ਲਈ ਕਿਸਾਨ ਅੱਜ ਹਜ਼ਾਰਾਂ ਦੀ ਗਿਣਤੀ ’ਚ ਮੁਹਾਲੀ ਪੁੱਜ ਕੇ ਗਵਰਨਰ ਹਾਊਸ ਵੱਲ ਮਾਰਚ ਕਰਨਗੇ

image ਸਮਰਾਲਾ, 5 ਮਾਰਚ (ਕਮਲਜੀਤ)-ਕਿਸਾਨਾਂ ਦੀਆਂ ਫਸਲਾਂ ਦੇ ਭਾਅ ਪ੍ਰੋ: ਸਵਾਮੀਨਾਥ ਦੀ ਰਿਪੋਰਟ ਮੁਤਾਬਿਕ ਤੈਅ ਕਰਨ ਲਈ, ਕਿਸਾਨਾਂ ਨੂੰ ਪਛੜੀਆਂ ਸ਼੍ਰੇਣੀਆਂ ਦੀ ਤਰ੍ਹਾਂ ਰਾਖਵਾਂਕਰਨ ਦੀਆਂ ਸਹੂਲਤਾਂ ਦਿਵਾਉਣ ਲਈ, ਕਿਸਾਨਾਂ ਨੂੰ ਬੁਢਾਪਾ ਪੈਨਸ਼ਨ ਲਾਗੂ ਕਰਾਉਣ, ਪੰਜਾਬ ਦੇ ਦਰਿਆਈ ਪਾਣੀਆਂ ਨੂੰ ਪੰਜਾਬ ਦੇ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਇਸ ਪਾਣੀ ਦੀ ਹੋ ਰਹੀ ਲੁੱਟ ਬੰਦ ਕਰਾਉਣ ਦੇ ਨਾਲ ਨਾਲ ਜੇਲ੍ਹਾਂ ਵਿਚ ਬੰਦ ਫਾਸੀ ਦੀ ਸਜਾ ਵਾਲੇ ਸਿੱਖ ਨੌਜਵਾਨਾਂ ਦੀਆਂ ਸਜਾਵਾਂ ਨੂੰ ਉਮਰ ਕੈਦ ਵਿਚ ਬਦਲਣ ਲਈ ਤੇ ਸਜਾ ਪੂਰੀ ਕਰ ਚੁੱਕੇ ਨੌਜਵਾਨਾਂ ਦੀ ਬਿਨ੍ਹਾਂ ਸ਼ਰਤ ਰਿਹਾਈ ਲਈ ਅਤੇ ਕਿਸਾਨਾਂ ਦੀਆਂ ਹੋਰ ¦ਮੇ ਸਮੇਂ ਤੋਂ ਲਟਕਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਦਾ ਕਿਸਾਨ 6 ਮਾਰਚ ਨੂੰ ਹਜ਼ਾਰਾਂ ਦੀ ਗਿਣਤੀ

ਵਿਚ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਪਹੁੰਚਕੇ 12 ਵਜੇ ਠੀਕ ਗਵਰਨਰ ਹਾਊਸ ਨੂੰ ਮਾਰਚ ਕਰੇਗਾ। ਉਕਤ ਵਿਚਾਰਾ ਦਾ ਪ੍ਰਗਟਾਵਾ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਕੱਤਰ ਸ: ਹਰਿੰਦਰ ਸਿੰਘ ਲੱਖੋਵਾਲ ਨੇ ਕੀਤਾ। ਸ: ਲੱਖੋਵਾਲ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਦੇ ਜ਼ੋਰਦਾਰ ਸੰਘਰਸ਼ ਤੋਂ ਬਾਅਦ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਡੇਢ ਕੁ ਸਾਲ ਪਹਿਲਾਂ ਕੇਂਦਰ ਸਰਕਾਰ ਵੱਲੋਂ ਇੱਕ ਕਮੇਟੀ ਗਠਤ ਕੀਤੀ ਗਈ ਸੀ। ਜਿਸ ਵਿਚ ਖੇਤੀਬਾੜੀ ਮਾਹਿਰ ਅਤੇ ਕਿਸਾਨ ਦੇ ਨਮਾਇੰਦੇ ਸ਼ਾਮਲ ਸਨ। ਉਸ ਕਮੇਟੀ ਵਿਚ ਵਿਚਾਰ ਅਧੀਨ ਮੁੱਦਿਆ ਸਦਕਾ ਕਿਸਾਨਾਂ ਦੇ ਹਿੱਤ ਵਿਚ ਚੰਗੇ ਨਤੀਜੇ ਨਿਕਲਣ ਦੀ ਆਸ ਸੀ, ਪਰ ਹੁਣ ਕੇਂਦਰ ਸਰਕਾਰ ਵੱਲੋਂ ਉਸ ਕਮੇਟੀ ਦਾ ਸਾਰਾ ਕਾਰਜ ਠੱਪ ਕਰ ਦਿੱਤਾ ਹੈ।  ਜਿਸ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਵਿਚ ਹੋਰ ਵਾਧਾ ਹੋਇਆ। ਉਹਨਾਂ ਦੱਸਿਆ ਕਿ ਖੇਤੀ ਉਤਪਾਦਕ ਲਾਗਤ ਵਿਚ ਕਈ ਗੁਣਾ ਵਾਧਾ ਹੋਣ ਦੇ ਮੁਕਾਬਲੇ ਕਿਸਾਨੀ ਜਿਨਸਾਂ ਦੇ ਭਾਅ ਬਹੁਤ ਘੱਟ ਵਧੇ ਹਨ। ਜਿਸ ਕਰਕੇ ਕਿਸਾਨ ਗੰਭੀਰ ਆਰਥਿਕ ਸੰਕਟ ਦਾ ਸ਼ਿਕਾਰ ਹਨ ਅਤੇ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ। ਅਸੀਂ ਸਰਕਾਰਾਂ ਦੇ ਬੋਲੇ ਕੰਨਾਂ ਤੱਕ ਜੋਰਦਾਰ ਆਵਾਜ਼ ਦੇਣ ਲਈ ਹੀ ਇੱਕ ਵੱਡਾ ਕਿਸਾਨ ਇਕੱਠ 6 ਮਾਰਚ ਨੂੰ ਬੁਲਾਇਆ ਹੈ ਜੇਕਰ ਫਿਰ ਵੀ ਸਾਡੇ ਮੁਲਕ ਦੇ ਹਾਕਮਾਂ ਨੂੰ ਜਾਗ ਨਾ ਆਈ ਤਾਂ ਫਿਰ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਸਾਡੀ ਮਜ਼ਬੂਰੀ ਹੋਵੇਗੀ।  ਖੰਡ ਮਿਲਾਂ ਕੋਲ ਗੰਨੇ ਦੀ ਬਕਾਇਆ ਰਕਮ ਫੋਰੀ ਤੌਰ ਤੇ ਸਰਕਾਰ ਦੇਵੇ, ਕਿਸਾਨਾਂ ਦਾ ਬਕਾਇਆ, ਮਿਲਾਂ ਵੱਲ 250 ਕਰੋੜ ਬਣਦਾ ਹੈ ਅਤੇ ਇਕੱਲੀ ਬੁੱਢੇਵਾਲ ਖੰਡ ਮਿਲ ਦਾ ਬਕਾਇਆ 18 ਕਰੋੜ ਬਣਦਾ ਹੈ ਜਿਸ ਦੀ 16 ਜਨਵਰੀ ਤੋਂ ਬਾਅਦ ਕੋਈ ਅਦਾਇਗੀ ਨਹੀਂ ਹੋਈ। ਬੌਂਦਲੀ ਕਾਲਜ ਸਮਰਾਲਾ ਤੋਂ 200 ਵਾਹਨਾਂ ਦਾ ਜਥਾ ਸਵੇਰੇ 9 ਵਜੇ ਗੁਰਦੁਆਰਾ ਅੰਬ ਸਾਹਿਬ ਲਈ ਰਵਾਨਾ ਹੋਵੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ਼ੇਰ ਸਿੰਘ ਮੁਸ਼ਕਾਬਾਦ ਐਗਜੈਕਟਿਵ ਮੈਂਬਰ ਪੰਜਾਬ, ਪਰਮਿੰਦਰ ਸਿੰਘ ਪਾਲਮਾਜਰਾ ਸਕੱਤਰ ਜਨਰਲ ਲੁਧਿਆਣਾ, ਸ਼ੇਰ ਸਿੰਘ ਮਲਮਾਜਰਾ, ਹਰਗੁਰਮੁਖ ਸਿੰਘ ਦਿਆਲਪੁਰਾ ਪ੍ਰਧਾਨ ਸਮਰਾਲਾ, ਸੁਰਿੰਦਰ ਸਿੰਘ ਭਰਥਲਾ, ਰਣਜੀਤ ਸਿੰਘ ਉਟਾਲਾਂ, ਸਤਵੰਤ ਸਿੰਘ ਪਾਲਮਾਜਰਾ, ਰਜਿੰਦਰ ਸਿੰਘ ਪਾਲਮਾਜਰਾ, ਮੇਜਰ ਸਿੰਘ ਮਲਮਾਜਰਾ, ਕੁਲਵਿੰਦਰ ਸਰਵਰਪੁਰ, ਤੇਜਿੰਦਰ ਸਿੰਘ ਮਲਮਾਜਰਾ ਅਤੇ ਹੋਰ ਮੈਂਬਰ ਆਦਿ ਸ਼ਾਮਲ ਹੋਏ।

Send this to a friend