9 ਪੜਾਵਾਂ ’ਚ ਹੋਵੇਗਾ ਮਤਦਾਨ, 16 ਮਈ ਨੂੰ ਹੋਵੇਗੀ ਵੋਟਾਂ ਦੀ ਗਿਣਤੀ
ਨਵੀਂ ਦਿੱਲੀ, 5 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਮੁੱਖ ਚੋਣ ਕਮਿਸ਼ਨਰ ਸ਼੍ਰੀ ਵੀ.ਐਸ. ਸੰਪਤ ਨੇ ਚੋਣ ਜ਼ਾਬਤੇ ਦਾ ਐਲਾਨ ਕਰਦਿਆਂ ਦੱਸਿਆ ਕਿ 16ਵੀਂ ਲੋਕ ਸਭਾ ਦੀਆਂ ਚੋਣਾਂ 9 ਪੜ੍ਹਾਵਾਂ ਵਿੱਚ 7 ਅਪ੍ਰੈਲ ਤੋਂ 12 ਮਈ ਤੱਕ ਕਰਵਾਏ ਜਾਣਗੇ। ਵੋਟਾਂ ਦੀ ਗਿਣਤੀ 16 ਮਈ ਨੂੰ ਹੋਵੇਗੀ। ਮਤਦਾਨ ਦੇ ਪਹਿਲੇ ਪੜਾਅ 7 ਅਪ੍ਰੈਲ ਨੂੰ ਆਸਾਮ ਦੇ ਪੰਜ ਲੋਕ ਸਭਾ ਖੇਤਰਾਂ ਅਤੇ ਤ੍ਰਿਪੁਰਾ ਦੇ ਇੱਕ ਚੋਣ ਖੇਤਰ ਵਿੱਚ ਵੋਟਾਂ ਪਾਈਆਂ ਜਾਣਗੀਆਂ।ਦੂਜੇ ਪੜਾਅ ਹੇਠ 9 ਅਪ੍ਰੈਲ ਨੂੰ ਅਰੁਣਾਚਲ ਪ੍ਰਦੇਸ਼, ਮਨੀਪੁਰ, ਮੇਘਾਲਿਆ, ਮਿਜ਼ੋਰਮ ਅਤੇ ਨਾਗਾਲੈਂਡ ਦੇ 7 ਚੋਣ ਖੇਤਰਾਂ ਵਿੱਚ ਮਤਦਾਨ ਹੋਵੇਗਾ। ਤੀਜੇ ਪੜਾਅ ਹੇਠ 10 ਅਪ੍ਰੈਲ ਵਿੱਚ ਬਿਹਾਰ, ਉਤਰ ਪ੍ਰਦੇਸ਼, ਹਰਿਆਣਾ, ਕੇਰਲ, ਉੜੀਸ਼ਾ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਸਮੇਤ 14 ਰਾਜਾਂ ਵਿੱਚ 92 ਚੋਣ
ਹਲਕਿਆਂ ਵਿੱਚ ਵੋਟਾਂ ਪਾਈਆਂ ਜਾਣਗੀਆਂ।ਚੌਥੇ ਪੜ੍ਹਾਅ ਹੇਠ 12 ਅਪ੍ਰੈਲ ਨੂੰ ਆਸਾਮ ਸਮੇਤ ਤਿੰਨ ਰਾਜਾਂ ਦੇ ਪੰਜ ਚੋਣ ਖੇਤਰਾਂ ਵਿੱਚ ਮਤਦਾਨ ਹੋਵੇਗਾ। ਪੰਜਵੇਂ ਪੜਾਅ ਦੌਰਾਨ 17 ਅਪ੍ਰੈਲ ਨੂੰ 13 ਰਾਜਾਂ ਦੇ 122 ਲੋਕ ਸਭਾ ਸੀਟਾਂ ਉਤੇ ਮਤਦਾਨ ਹੋਵੇਗਾ, ਛੇਵੇਂ ਪੜਾਅ ਦੌਰਾਨ 24 ਅਪ੍ਰੈਲ ਨੂੰ ਕਰਨਾਟਕ, ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਉੜੀਸਾ ਅਤੇ ਬਿਹਾਰ ਸਮੇਤ 12 ਰਾਜਾ ਵਿੱਚ 117 ਲੋਕ ਸਭਾ ਸੀਟਾਂ ਉਤੇ ਮਤਦਾਨ ਹੋਵੇਗਾ।
ਸੱਤਵੇਂ ਪੜਾਅ ਹੇਠ 30 ਅਪ੍ਰੈਲ ਨੂੰ ਆਂਧਰਾ ਪ੍ਰਦੇਸ਼, ਗੁਜਰਾਤ, ਪੰਜਾਬ , ਉਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਸਮੇਤ 9 ਰਾਜਾਂ ਦੇ 89 ਲੋਕ ਸਭਾ ਸੀਟਾਂ ਉਤੇ ਮਤਦਾਨ ਹੋਵੇਗਾ।
8ਵੇਂ ਪੜਾਅ ਹੇਠ 7 ਮਈ ਨੂੰ ਬਿਹਾਰ, ਹਿਮਾਚਲ ਪ੍ਰਦੇਸ਼, ਉਤਰ ਪ੍ਰਦੇਸ਼, ਉਤਰਾਂਖੰਡ ਅਤੇ ਪੱਛਮੀ ਬੰਗਾਲ ਸਮੇਤ 7 ਰਾਜਾਂ ਦੇ 64 ਸੀਟਾਂ ਉਤੇ ਵੋਟਾਂ ਪਾਈਆਂ ਜਾਣਗੀਆਂ।
9ਵੇਂ ਅਤੇ ਅੰਤਿਮ ਪੜਾਅ ਦੌਰਾਨ 12 ਮਈ ਨੂੰ ਛਤੀਸ਼ਗੜ੍ਹ, ਉਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਸਮੇਤ 41 ਸੀਟਾਂ ਉਤੇ ਮਤਦਾਨ ਹੋਵੇਗਾ।
ਪਹਿਲੇ ਪੜਾਅ ਦੇ ਲੋਕ ਸਭਾ ਚੋਣਾਂ ਦੀ ਨੋਟੀਫਿਕੇਸ਼ਨ 14 ਮਾਰਚ ਨੂੰ ਅਤੇ ਆਖ਼ਰੀ ਅਤੇ 9ਵੇਂ ਪੜ੍ਹਾਅ ਦੀ ਨੋਟੀਫਿਕੇਸ਼ਨ 17 ਅਪ੍ਰੈਲ ਨੂੰ ਕੀਤੀ ਜਾਵੇਗੀ। ਮੁੱਖ ਚੋਣ ਕਮਿਸ਼ਨਰ ਸ਼੍ਰੀ ਵੀ.ਐਸ. ਸੰਪਤ ਨੇ ਦੱਸਿਆ ਕਿ ਲੋਕ ਸਭਾ ਦੀਆਂ 543 ਸੀਟਾਂ ਉਤੇ ਚੋਣ ਲਈ ਪੂਰੇ ਦੇਸ਼ ਵਿੱਚ ਲਗਭਗ 9 ਲੱਖ 30 ਹਜ਼ਾਰ ਪੋ¦ਿਗ ਸਟੇਸ਼ਨ ਸਥਾਪਤ ਕੀਤੇ ਜਾਣਗੇ ਜਦਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਇਨ੍ਹਾਂ ਮਤਦਾਨ ਕੇਂਦਰਾਂ ਦੀ ਗਿਣਤੀ 8 ਲੱਖ 30 ਹਜ਼ਾਰ 866 ਸੀ। ਉਨ੍ਹਾਂ ਨੇ ਦੱਸਿਆ ਕਿ ਮਤਦਾਤਾਵਾਂ ਦੀਆਂ ਸੂਚੀਆਂ ਨੂੰ ਅਪਡੇਟ ਕੀਤਾ ਜਾ ਚੁੱਕਿਆ ਹੈ, ਜਿਸ ਹੇਠ ਲਗਭਗ 81 ਕਰੋੜ 40 ਲੱਖ ਮਤਦਾਤਾਵਾਂ ਦੇ ਨਾਂ ਦਰਜ ਕੀਤੇ ਜਾ ਚੁੱਕੇ ਹਨ।
ਚੋਣ ਕਮਿਸ਼ਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਦੇਸ਼ ਵਿੱਚ 9 ਲੱਖ 30 ਹਜ਼ਾਰ ਮਤਦਾਨ ਕੇਂਦਰਾਂ ਉਤੇ 9 ਮਾਰਚ ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਜਿਥੇ ਵੋਟਰ ਆਪਣੀ ਵੋਟ ਦੇਖ ਸਕਣਗੇ ਤੇ ਜਿਹੜੇ ਯੋਗ ਵੋਟਰ ਅਜੇ ਤੱਕ ਆਪਣੀ ਵੋਟ ਨਹੀਂ ਬਣਵਾ ਸਕੇ। ਉਹ ਇਨ੍ਹਾਂ ਵਿਸ਼ੇਸ਼ ਕੈਂਪ ਵਿੱਚ ਮੌਜੂਦ ਬੀ.ਐਲ.ਓ. ਤੋਂ ਫਾਰਮ ਲੈ ਕੇ ਵੋਟ ਬਣਾਉਣ ਲਈ ਬਿਨੈ ਪੱਤਰ ਦੇ ਸਕਣਗੇ। ਮਤਦਾਤਾ ਆਪਣੇ ਵੋਟਿੰਗ ਕਾਰਡ ਵਿੱਚ ਕਿਸੇ ਵੀ ਕਮੀ ਨੂੰ ਠੀਕ ਕਰਵਾ ਸਕਦੇ ਹਨ।