ਪਾਤੜਾਂ, 11 ਜੁਲਾਈ (ਪ੍ਰੇਮ ਵਧਵਾ)- ਇਕ ਜੂਨ ਨੂੰ ਲੱਖਾਂ ਸੰਗਤਾਂ ਬਰਗਾੜੀ ਵਿਖੇ ਇਕੱਤਰ ਹੋਈਆਂ, ਉਪਰੰਤ ਸੰਗਤਾਂ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਜੀ ਮੰਡ ਅਤੇ ਦੂਸਰੇ ਤਖਤਾਂ ਦੇ ਜਥੇਦਾਰ ਸਹਿਬਾਨ ਵੱਲੋਂ ਲਗਾਤਾਰ 40-41 ਦਿਨਾਂ ਤੋਂ ਬਰਗਾੜੀ ਵਿਖੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਰੋਸ ਧਰਨਾ ਚੱਲ ਰਿਹਾ ਹੈ। ਤਿੰਨ ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਉਪਰੰਤ ਸਤਿਗੁਰ ਜੀ ਦੇ ਅੰਗ ਬਰਗਾੜੀ ਦੀਆਂ ਸਾਰੀਆਂ ਗਲੀਆਂ ਵਿੱਚ ਖਿਲਾਰੇ ਗਏ, ਗੁਰੂ ਸਾਹਿਬ ਜੀ ਦੀ ਘੋਰ ਬੇਅਦਬੀ ਕੀਤੀ ਗਈ ਅਤੇ ਖਾਲਸਾ ਪੰਥ ਨੂੰ ਵੰਗਾਰ ਦਿੱਤੀ ਕਿ ਆਪਣੇ ਗੁਰੂ ਸਾਹਿਬ ਨੂੰ ਲੱਭ ਕੇ ਦਿਖਾਓ’ ਤੁਹਾਨੂੰ ਇਨਾਮ ਦਿੱਤੇ ਜਾਣਗੇ। ਜਿਲ਼ਾ ਪਟਿਆਲਾ ਤੋਂ 15 ਜੁਲਾਈ ਐਤਵਾਰ ਨੂੰ ਸਵੇਰੇ 07:00 ਵਜੇ ਸ਼ੁਤਰਾਣਾ-ਪਾਤੜਾਂ ਤੋਂ ਬਹੁੱਤ ਵੱਡੀ ਗਿਣਤੀ ਵਿੱਚ ਕਾਫਲਾ ਬਰਗਾੜੀ ਵਿੱਖੇ ਇਨਸਾਫ ਮਾਰਚ ਵਿੱਚ ਸ਼ਾਮਿਲ ਹੋਵੇਗਾ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਜਥੇਦਾਰ ਬਲਕਾਰ ਸਿੰਘ ਭੁੱਲਰ ਨੇ ਪ੍ਰੈਸ ਨਾਲ ਰੋਸ ਭਰੇ ਮਨ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਜਾਪ ਕਰ ਰਹੀਆਂ ਸ਼ਾਂਤ ਮਈ ਰੋਸ ਵਿੱਚ ਬੈਠੀਆਂ ਸੰਗਤਾਂ ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਉਪਰੰਤ ਦੋ ਸਿੰਘ ਸ਼ਹੀਦ ਹੋ ਗਏ ਅਤੇ ਬਹੁੱਤ ਸਾਰੇ ਜਖਮੀ ਹੋ ਗਏ। ਉਨ੍ਹਾਂ ਕਿਹਾ ਕਿ ਜੇਲਾਂ ਵਿੱਚ ਆਪਣੀ ਸਜਾ ਪੂਰੀ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਗਿਆ, ਉਨ੍ਹਾਂ ਨੁੰ ਤੁਰੰਤ ਰਿਹਾ ਕੀਤਾ ਜਾਵੇ। ਜਥੇ: ਭੁੱਲਰ ਨੇ ਕਿਹਾ ਕਿ ਉਸ ਦਿਨ ਤੋਂ ਲਗਾਤਾਰ ਹਜਾਰਾਂ ਸੰਗਤਾਂ ਹਰ ਰੋਜ ਧਰਨੇ ਵਿੱਚ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਅਜੇ ਤੱਕ ਸਰਕਾਰਾਂ ਨੇ ਏਨਾਂ ਸਮਾਂ ਬੀਤਣ ਤੇ ਵੀ ਕੋਈ ਗ੍ਰਿਫਤਾਰੀਆਂ ਕਰਕੇ ਸਜਾਵਾਂ ਨਹੀਂ ਦਿੱਤੀਆਂ ਗਈਆਂ। ਉਨ੍ਹਾ ਕਿਹਾ ਕਿ ਜਿਲ਼ਾ ਪਟਿਆਲਾ ਤੋਂ ਗ੍ਰੰਥੀ, ਪਾਠੀ, ਰਾਗੀ, ਢਾਡੀ, ਕਥਾਵਾਚਕ ਅਤੇ ਪ੍ਰਚਾਰਕ ਵੱਡੀ ਗਿਣਤੀ ਵਿੱਚ ਉਹ ਬਰਗਾੜੀ ਵਿਖੇ ਪਹੁੰਚਣ। ਇਸ ਮੌਕੇ ਜਥੇ: ਭੁੱਲਰ ਦੇ ਨਾਲ ਹੋਰ ਵੀ ਆਗੂ ਅਤੇ ਵਰਕਰਜ਼ ਹਾਜਰ ਸਨ।
ਜ਼ਿਲ੍ਹਾ ਪਟਿਆਲਾ ਤੋਂ 15 ਨੂੰ ਸਵੇਰੇ 7 ਵਜੇ ਵੱਡਾ ਕਾਫਲਾ ਇਨਸਾਫ ਮਾਰਚ ਲਈ ਰਵਾਨਾ ਹੋਵੇਗਾ : ਜਥੇ. ਭੁੱਲਰ



