‘ਪੰਜਾਬ ਸਰਕਾਰ ਤੰਬਾਕੂ ਦੀ ਹੋਮ ਡਲਿਵਰੀ ਵੀ ਯਕੀਨੀ ਬਣਾਵੇ’

ਹਰਜਿੰਦਰ ਸਿੰਘ ਖਹਿਰਾ

ਸਾਬਕਾ ਦਫੇਦਾਰ
ਪ੍ਰੈੱਸ ਸਕੱਤਰ ਸੂਬਾ ਸਾਬਕਾ ਸੈਨਿਕ ਸੇਵਾ ਸੰਘ  (ਸੇਵਾ) ਪੰਜਾਬ
ਪਿੰਡ ਅਗੋਲ, ਤਹਿ ਨਾਭਾ, ਜਿਲ੍ਹਾ ਪਟਿਆਲਾ,
ਸੰਪਰਕ : 94630-38047

ਪੰਥਕ ਸਬਦ ਜਦੋਂ ਦਿਮਾਗ ਵਿੱਚ ਉਕਰ ਜਾਂਦਾ ਹੈ, ਤਾਂ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਸਾਰੇ ਸਿੱਖ ਪੰਥ ਦਾ ਚੜ੍ਹਦੀ ਕਲਾ ਵਿੱਚ ਠਾਠਾਂ ਮਾਰਦਾ ਸਮੁੰਦਰ ਦੀ ਤਰ੍ਹਾਂ ਵਿਸਾਲ ਬੜ੍ਹਾ ਵੱਡਾ ਇਕੱਠ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦਾ ਹੋਵੇ। ਇਸ ਸਿੱਖ ਪੰਥ ਦੇ ਲਾ-ਮਿਸਾਲ ਲਸਕਰ ਦਾ ਕੋਈ ਇੱਕ ਸਕਤੀਸਾਲੀ ਯੋਧਾ ਜਾਂ ਆਗੂ ਸਿੱਖ ਪੰਥ ਦੀ ਆਗੂਆਈ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਤਰ੍ਹਾਂ ਧਰਤੀ ਦੀ ਹਿੱਕ ਤੇ ਅਠਾਰਾਂ ਸੇਰ ਦੇ ਖੰਡੇ ਨਾਲ ਲਕੀਰ ਖਿੱਚ ਕੇ ਸਿੱਖ ਪੰਥ ਦੀ ਰਾਖੀ ਲਈ ਨੌਜਵਾਨ ਸਿੱਖ ਸੂਰਮਿਆਂ ਦੀ ਅਣਖ ਨੂੰ ਵੰਗਰ ਕੇ ਕਹਿ ਕਿਹਾ ਹੋਵੇ ਕਿ :- ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹੇਤੂ। ਪੁਰਜਾ ਪੁਹਜਾ ਕਟਿ ਮਰੈ ਕਬਹੁ ਨਾ ਛਾਡੇ ਖੇਤੂ॥ਜਾਂ ਫਿਰ ਸਿੱਖਾਂ ਦੀ ਸਰਵ ਉੱਚ ਸਕਤੀ ਸ੍ਰੀ ਅਕਾਲ ਤਖਤ ਸਾਹਿਬ ਦਾ ਨਿਧੱੜਕ ਅਤੇ ਜੱਥੇਦਾਰ ਜੁਝਾਰੂ ਸੂਰਮਾ ਜੱਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ ਤਰ੍ਹਾਂ ਕੌਮ ਦੇ ਹਿੱਤਾਂ ਦੀ ਰਾਖੀ ਲਈ ਜੁੱਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੀਤੇ ਅਰਦਾਸੇ ਤੇ ਪੂਰਣ ਤੌਰ ਤੇ ਅਮਲ ਕਰਦੇ ਹੋਏ। ਸਿੱਖ ਪੰਥ ਕਈ ਕੋਈ ਨਿਵੇਕਲਾ ਸੰਦੇਸ ਜਾਂ ਹੁਕਮਨਾਮਾ ਜਾਰੀ ਕਰਦਾ ਹੋਵੇ। ਜਿਸ ਦੀ ਉਡੀਕ ਸਾਰਾ ਸਿੱਖ ਪੰਥ ਬੜੀ ਬੇ ਸਬਰੀ ਨਾਲ ਕਰਦਾ ਹੋਵੇ  ਅਤੇ ਉਸ ਹੁਕਮ ਜਾਂ ਸੰਦੇਸ ਅੱਗੇ ਸਾਰਾ ਪੰਥ ਸਿਰ ਝੁਕਾਉਂਦਾ ਹੋਵੇ। ਸਾਈਦ …………… !
ਅਜਿਹੀਆਂ ਹਸਤੀਆਂ ਸਿੱਖ ਕੌਮ ਦੇ ਇਤੀਹਾਸ ਦੇ ਪੰਨਿਆਂ ਤੱਕ ਹੀ ਸੀਮਤ ਹੋ ਗਈਆਂ ਹੋਣ। ਜੇਕਰ ਅੱਜ ਸਿੱਖ ਪੰਥ ਦੇ ਧਾਰਮਿਕ ਅਤੇ ਸਿਆਸੀ ਆਗੂਆਂ ਦੇ ਵੱਲ ਗੌਰ ਨਾਲ ਵਿਚਾਰ ਕਰਕੇ ਵੇਖਿਆਂ ਤਾਂ ਅਚੰਬਾ ਜਿਹਾ ਹੁੰਦਾ ਹੈ ਕਿ ਮੈਂ ਜੋ ਅੱਜ ਤੱਕ ਪੜ੍ਹਿਆਂ ਅਤੇ ਸੁਣਿਆ ਹੈ ਕੀ ਉਹ ਸੱਚ

ਹੈ ………….. ? ਜਾਂ ਫਿਰ ਅੱਜ ਦੇ ਆਗੂ ਵੀ ਉਸੇ ਤਰ੍ਹਾਂ ਦੇ ਹਨ, ਜਿਹੜੀਆਂ ਵਿਰਾਸਤਾਂ ਦੀਆਂ ਬਾਤਾਂ ਪਾਈਆਂ ਜਾਦੀਆਂ ਹਨ ? ਮੈਂ ਸਿੱਖ ਪੰਥ ਦੀਆਂ ਵਿਰਾਸਤਾਂ ਅਤੇ ਬਾਤਾਂ ਨੂੰ ਝੂੱਠਾ ਕਹਾਂ, ਜਾਂ ਫਿਰ ਸਿੱਖ ਪੰਥ ਦੇ ਜੁਝਾਰੂ ਆਗੂਆਂ ਪ੍ਰਤੀ ਥੋੜਾ ਜਿਹਾ ਵੀ ਅਜਿਹਾ ਸੋਚਣ ਦੀ ਗੁਰਤਾਖੀ ਕਰਾਂ, ਤਾਂ ਮੇਰੀ ਇਹ ਔਕਾਤ ਹੀ ਨਹੀਂ ਹੈ। ਪਰ ਹਾਂ ………….. ? ਮੈਂ ਇਹ ਗੱਲ ਬੜੇ ਦਾਆਵੇ ਨਾਲ ਕਹਿ ਸਕਦਾ ਹਾਂ ਕਿ ਮੈਂ ਕਿ ਮੈਂ ਸਿੱਖ ਜਰਨੈਲਾਂ ਬਾਰੇ ਬਚਪਨ ਤੋਂ ਹੀ ਆਪਣੇ ਪਿਤਾ ਜੀ (ਸੂਬੇਦਾਰ ਸ੍ਰ. ਨਰੰਜਣ ਸਿੰਘ ਜੀ) ਕੋਲੋਂ ਸੁਣ ਅਤੇ ਪੜ੍ਹ ਦੇ ਵੱਡਾ ਹੋਇਆ ਹਾਂ । ਜਿਸ ਵਿੱਚ ਮੈਂ ਦੇਸ਼ ਦੀ ਅਜਾਦੀ ਦੀ ਲੜ੍ਹਾਈ ਅਤੇ ਉਸ ਤੋਂ ਬਾਅਦ ਪੰਜਾਬ ਅਤੇ ਪੰਥ ਲਈ ਵਿੱਢੇ ਸੰਘਰਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਰੋਲ ਬਾਰੇ ਭਰਭੂਰ ਜਾਣਕਾਰੀ ਰੱਖਦਾ ਹਾਂ। ਇੰਦਰਾ ਗਾਂਧੀ ਵਲੋਂ ਲਾਈ ਐਮਰਜੈਸੀ ਤੜਵਾਉਣ ਵਿੱਚ ਸ਼੍ਰੋਮਣੀ ਅਕਾਲੀ ਦਲ ਪੂਰੇ ਦੇਸ ਵਿੱਚੋਂ ਮੂਹਰਲੀ ਕਤਾਰ ਵਿੱਚ ਸੀ।
ਰਿਆਸਤ ਨਾਭਾ ਦੇ ਮਹਾਰਾਜ ਰਿਪੁਦਮਣ ਸਿੰਘ ਜੀ ਨੂੰ ਅੰਗਰੇਜਾਂ ਵਲੋਂ ਜਲਾਵਤਨ ਕਰਨ ਦੇ ਰੋਸ ਵਜੋਂ ਸਿੱਖ ਕੌਮ ਵੱਲੋਂ ਲਗਾਏ ਸਭ ਤੋਂ ਲੰਮੇ ਮੋਹਚੇ ਜਿਸ ਨੂੰ ਜੈਤੋਂ ਦੇ ਮੋਰਚੇ ਵਜੋਂ ਜਾਣਿਆ ਜਾਦਾ ਹੈ ਵਿੱਚ ਵੀ ਅਕਾਲੀ ਦਲ ਦਾ ਸਲਾਘਾ ਯੋਗ ਰੋਲ ਰਿਹਾ ਹੈ। ਮੇਰਾ ਮਤਲਬ ਸ੍ਰੋ:ਅਕਾਲੀ ਦਲ ਇੱਕ ਦੇਸ ਭਗਤਾਂ ਅਤੇ ਸੂਰਮਿਆਂ ਦੀ ਜੁਝਾਰੂ ਜਮਾਤ ਹੈ ਇਸ ਦੇ ਮਰਜੀਵੜੇ ਹਮੇਸਾ ਦੇਸ਼ ਅਤੇ ਧਰਮ ਦੀ ਰਾਖੀ ਲਈ ਜਾਨ ਦੀ ਬਾਜੀ ਲਗਾਉਣ ਵਾਲੇ ਯੋਧਿਆਂ ਦੀ ਗਿਣਤੀ ਵਿੱਚ ਸਾਮਿਲ ਰਹੇ ਹਨ। ਪਰ ਅੱਜ ਵੇਖਣ ਵਿੱਚ ਹੀ ਨਹੀਂ, ਨੀਤੀਆਂ ਦੇ ਹਿਸਾਬ ਨਾਲ ਵੀ ਅੱਜ ਦਾ ਅਕਾਲੀ ਦਲ ਆਪਣੇ ਗੋਰਵ ਮਈ ਵਿਰਸੇ ਨਾਲ ਮੇਲ ਖਾਂਦਾ ਨਜ਼ਰ ਨਹੀਂ ਆਉਦਾ। ਇੰਝ ਜਾਪਦਾ ਹੈ ਅੱਜ ਦਾ ਅਕਾਲੀ ਦਲ ਸਤਾ ਦਾ ਸੁੱਖ ਭੋਗਣ ਵਿੱਚ ਜਿਆਦਾ ਯਕੀਨ ਰੱਖਦਾ ਹੈ। ਜਦੋਂ ਕਿ ਪਹਿਲਾਂ ਅਕਾਲੀ ਦਲ ਕੁਰਬਾਨੀ ਕਰਨ ਵਿੱਚ ਜਿਆਦਾ ਵਿਸਵਾਸ ਤੇ ਚਲਦਾ ਸੀ।  ਮੌਜੂਦਾ ਸਮੇਂ ਭਾਵੇਂ ਸ੍ਰੋ: ਅਕਾਲੀ ਦਲ ਦੀ ਵਾਂਗਡੋਰ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਹੈ। ਪਰ ਔਖੇ  ਸਮੇਂ ਸੰਕਟ ਮੋਚਨ ਤਾਂ ਅਕਾਲੀ ਦਲ ਦੇ ਬਾਬਾ ਬੋਹੜ ਮੁੱਖ ਮੰਤਰੀ ਸ੍ਰ. ਪ੍ਰਕਾਸ ਸਿੰਘ ਬਾਦਲ ਹੀ ਹਨ। ਇਸ ਲਈ ਅਕਾਲੀ ਦਲ ਅਤੇ ਸਰਕਾਰ ਦਾ ਹਰ ਫੈਸਲਾ ਮੁੱਖ ਮੰਤਰੀ ਸ੍ਰ. ਪ੍ਰਕਾਸ ਸਿੰਘ ਬਾਦਲ ਵੱਲੋਂ ਲਿਆ ਫੈਸਲਾਂ ਮੰਨਿਆ ਜਾਦਾ ਹੈ । ਅੱਜ ਸ੍ਰ: ਪ੍ਰਕਾਸ ਸਿੰਘ ਬਾਦਲ ਪੰਜਾਬ ਅਤੇ ਸਿੱਖ ਕੌਮ ਦੇ ਅਜਿਹੇ ਸਿਆਸੀ ਆਗੂ ਹਨ। ਜਿਨ੍ਹਾਂ ਦਾ ਨਾਂਮ ਦੇਸ ਦੇ ਸਿਆਸੀ ਪਿੜ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ । ਇੱਥੋਂ ਤੱਕ ਕਿ ਵਿਰੋਧੀ ਵੀ ਬਦਲ ਸਾਹਿਬ ਦਾ ਸਤਿਕਾਰ ਕਰਦੇ ਹਨ। ਪੰਜਾਬ ਅਤੇ ਪੰਥ ਦੇ ਮਸਲੇ ਤੇ ਸ੍ਰ: ਬਾਦਲ ਸਾਹਿਬ ਨੇ ਲੰਮੀਆਂ ਜੇਲਾਂ ਦੀ ਕੱਟੀਆਂ ਹਨ। ਇਹਨਾ ਦੀ ਪੰਥ ਅਤੇ ਕੁਰਬਾਨੀ ਨੂੰ ਵੇਖਦਿਆਂ ਹੀ ਪੰਜਾਬੀਆਂ ਨੇ ਇਹਨਾਂ ਨੂੰ ਐਨਾ ਪਿਆਰ ਬਖਸਿਆ ਕਿ 5 ਵਾਰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮਾਣ ਪੰਜਾਬ ਵਿੱਚੋ ਸਿਰਫ ਬਾਦਲ ਸਾਹਿਬ ਦੇ ਹਿੱਸੇ ਹੀ ਆਇਆ ਹੈ। ਟਕਸਾਲੀ ਅਕਾਲੀ ਪਰੀਵਾਰ ਵਿੱਚੋਂ ਹੋਣ ਕਰਕੇ ਮੈਂ ਵੀ ਬਾਦਲ ਸਾਹਿਬ ਦਾ ਦਿਲੋਂ ਪੂਰਾ ਸਤਿਕਾਰ ਕਰਦਾ ਹਾਂ। ਫੌਜ ਵਿੱਚ ਰਹਿੰਦੇ ਹੋਏ ਇੱਕ ਫੋਜੀ ਹੁੰਦੇ ਹੋਏ ਵੀ ਕਈ ਵਾਰ ਸਾਥੀ ਫੌਜੀਆਂ ਨਾਲ ਬਹਿਸ ਕਰਦੇ ਸਮੇਂ ਮੈਂ ਬਾਦਲ ਸਾਹਿਬ ਦੇ ਹੱਕ ਵਿੱਚ ਡੱਕ ਕੇ ਨਿੱਤਰ ਜਾਂਦਾ ਸੀ।
ਫੌਜ ਵਿੱਚੋ ਸੇਵਾ ਮੁਕਤ ਹੋ ਕੇ ਮੈਂ ਸਾਬਕਾ ਫੌਜੀਆਂ ਵੱਲੋਂ ਵਿੱਢੇ ਇੱਕ ਰੈਂਕ ਇੱਕ ਪੈਨਸ਼ਨ ਦੇ ਸੰਘਰਸ ਵਿੱਚ ਕੁੱਦ ਗਿਆ। ਸ੍ਰ: ਬਾਦਲ ਸਾਹਿਬ ਵਲੋਂ ਸਾਬਕਾ ਫੋਜੀਆਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਜਾਣ ਤੇ ਮੈਨੂੰ ਵੀ ਹੋਰ ਫੌਜੀਆਂ ਦੀ ਤਰ੍ਹਾਂ ਪੰਜਾਬ ਸਰਕਾਰ ਅਤੇ ਬਾਦਲ ਸਾਹਿਬ ਤੇ ਗਿਲਾ ਹੈ। ਪਰ ਮੈਨੂੰ ਅੱਜ ਜੋ ਬਾਦਲ ਸਾਹਿਬ ਅਤੇ ਪੰਜਾਬ ਸਰਕਾਰ ਤੇ ਸੱਭ ਤੋਂ ਵੱਧ ਗਿਲਾ ਹੈ ਤਾਂ ਤੰਬਾਕੂ ਤੇ ਵੈਟ ਘੱਟ ਕਰਨ ਤੇ ਹੈ। ਇਥੋਂ ਤੱਕ ਕਿ ਫੌਜੀਆਂ ਨੂੰ ਪ੍ਰਾਪਟੀ ਟੈਕਸ ਲਗਾਉਣ ਨਾਲੋਂ ਵੀ ਜਿਆਦਾ । ਹੱਦ ਹੋ ਗਈ……. ਬਾਦਲ ਸਾਹਿਬ…..! ਆਹ ਤੰਬਾਕੂ ਤੇ ਵੈਟ ਖਤਮ ਕਰਨ ਦਾ ਫੁਰਨਾ ਤੁਹਾਨੂੰ ਕਿਥੋ ਫੁੱਰ ਗਿਆ….? ਬਾਦਲ ਸਾਹਿਬ ਤੁਸੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਹੀ ਨਹੀ ਵਹਿੰਦਾ, ਸਗੋਂ ਪੰਜਾਬ ਬੇ-ਰੋਜਗਾਰੀ ਅਤੇ ਨਸਿਆਂ ਦੇ ਮਾਮਲੇ ਵਿੱਚ ਬਾਰੂਦ ਦੇ ਢੇਰ ਤੇ ਬੈਠਾ ਹੈ। ਪਰ ਮੈਨੂੰ ਹੈਰਾਨੀ ਹੈ ਕਿ ਪੰਜਾਬ ਅਤੇ ਪੰਥ ਲਈ ਲੜਨ ਵਾਲੇ ਬਾਦਲ ਸਾਹਿਬ! ਪੰਜਾਬੀਆਂ ਦੀ ਨੋਜਵਾਨੀ ਨੂੰ ਨਸਿਆਂ ਰਾਹੀਂ ਵਾਢ ਪਾਉਣ ਵਾਲੇ ਕੁਲਹਾੜੇ ਦਾ ਦਸਤਾ ਕਿਵੇਂ ਬਣ ਬੈਠੇ…..? ਇੱਕ ਪਾਸੇ ਪੰਜਾਬ ਦੇ ਜਿਲਿਆ ਨੂੰ ਤੰਬਾਕੂ ਰਹਿਤ ਕਰਨ ਲਈ ਸਰਕਾਰੀ ਖਜਾਨੇ ਵਿਚੋਂ ਕਰੋੜਾ ਦਰਜ ਕੀਤੇ ਜਾ ਰਹੇ ਹਨ, ਦੂਜੇ ਪਾਸੇ ਸਰਕਾਰ ਤੰਬਾਕੂ ਤੇ ਵੈਟ ਘੱਟ ਕਰਕੇ ਤਬੰਾਕੂ ਨੂੰ ਉਤਸਾਹਿਤ ਕਰ ਰਹੀ ਹੈ। ਇੱਕ ਪਾਸੇ ਤੁਹਾਡੇ ਜਥੇਦਾਰ ਸਾਹਿਬ ਅਤੇ ਐਮ. ਐਲ.ਏ ਜੀ ਨਸਿਆਂ ਖਿਲਾਫ ਮੁਹਿੰਮ ਵਿੱਢਣ ਦੇ ਦਾਅਵੇ ਕਰਦੇ ਹਨ। ਦੂਜੇ ਪਾਸੇ ਸਰਕਾਰ ਦੇ ਐਸੇ ਐਲਾਨ……? ਮੈਨੂੰ ਹੈਰਾਨੀ ਅਤੇ ਦੁੱਖ ਇਹ ਵੀ ਹੈ ਕਿ ਅਕਾਲੀ ਦਲ ਅਤੇ ਭਾਜਪਾ ਵਿਚੋਂ ਸਿਰਫ ਡਾ: ਨਵਜੋਤ ਕੌਰ ਸਿੱਧੂ ਵਿਧਾਇਕ ਅੰਮ੍ਰਿਤਸਰ ਪੂਰਬੀ ਤੋਂ ਇਲਾਵਾ ਕਿਸੇ ਨੇ ਸਰਕਾਰ ਦਾ ਮਲਵੀ ਜੀਭ ਨਾਲ ਵੀ ਵਿਰੋਧ ਨਹੀ ਕੀਤਾ। ਬਾਦਲ ਸਾਹਿਬ ਜੀ ਇਹ ਤਾਂ ਤੁਸੀ ਚੰਗੀ ਤਰ੍ਹਾਂ ਜਾਣਦੇ ਹੀ ਹੋ, ਕਿ ਤੰਬਾਕੂ ਪੰਜਾਬ ਦੇ ਸੱਤ ਸਟੇਟਾਂ ਵਿੱਚ ਨੇੜੇ ਤੇੜੇ ਵੀ ਪੈਦਾ ਨਹੀ ਹੁੰਦਾ। ਪਰ ਤਬੰਾਕੂ ਦੀ ਖਪਤ ਸਾਰੇ ਦੇਸ਼ ਨਾਲੋਂ ਪੰਜਾਬ ਵੱਧ ਹੈ। ਕਦੇ ਕਿਸੇ ਨੇ ਸੋਚਿਆ ਹੈ ਅਜਿਹਾ ਕਿਉਂ……? ਜਦੋਂ ਫਿਰ ਪਹਿਲਾਂ ਹੀ ਪੰਜਾਬ ਵਿੱਚ ਤੰਬਾਕੂ ਦੀ ਖਪਤ ਦੇਸ ਨਾਲੋਂ ਵੱਧ ਹੈ ਤਾਂ ਫਿਰ ਹੋਰ ਇਸ ਗੰਦਗੀ ਨੂੰ ਉਤਸਾਹਿਤ ਕਰਨ ਦੀ ਆਪ ਜੀ ਨੂੰ ਕਿਵੇ ਤੇ ਕਿਥੋਂ ਸੁੱਝ ਗਈ। ਬਾਦਲ ਸਾਹਿਬ ਜੀ ਅਜਿਹੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਆਪ ਜੀ ਨੂੰ ਬੜੇ ਸਖਤ ਫੈਸਲੇ ਲੈਣੇ ਚਾਹਿੰਦੇ ਸਨ। ਜਿਨ੍ਹਾ ਪੰਜਾਬੀਆਂ ਲਈ ਤੁਸੀ ਮੋਰਚੇ ਲਾਉਦੇ ਰਹੇ ਅੱਜ ਉਹਨਾਂ ਦੀਆਂ ਜੜ੍ਹਾਂ ਨੂੰ ਤੰਬਾਕੂ ਵਰਗੇ ਨਸਿਆਂ ਤੇ ਵੈਟ ਘੱਟ ਕਰਕੇ ਉਹਨਾਂ ਦੀ ਜਵਾਨੀ ਨੂੰ ਕਿਉਂ ਗਾਲ ਕੇ ਖਲਨਾਈਕ ਦਾ ਰੋਲ ਅਦਾ ਕਰ ਰਹੇ ਹੋ। ਬਾਦਲ ਸਾਹਿਬ ਜੀ ਪੰਜਾਬੀਆਂ ਨੇ ਆਪ ਜੀ ਨੂੰ ਪੰਜ ਵਾਰ ਮੁੱਖ ਮੰਤਰੀ ਹੀ ਨਹੀ ਬਣਾਇਆ ਸਗੋਂ ਸਿੱਖ ਪੰਥ ਵੱਲੋ ਵੀ ਆਪ ਜੀ ਨੂੰ ਕੌਮ ਦੇ ਬੜੇ ਸਤਿਕਾਰ ਯੋਗ ਅਵਾਰਡ ਦੇ ਕੇ ਸਨਮਾਨਿਆ ਗਿਆ ਹੈ।
ਪੰਥ ਰਤਨ,  ਫਖਰ-ਏ-ਕੋਮ ਵਰਗੇ ਪ੍ਰਾਪਤ ਸਨਮਾਨਾਂ ਨਾਲ ਨਵਾਜੇ ਪੰਜਾਬ ਦੇ ਹੱਕਾਂ ਅਤੇ ਧਰਮ ਲਈ ਮੋਰਚੇ ਲਗਾਉਣ ਵਾਲੇ ਪੰਜਾਬ ਸਰਕਾਰ ਦੇ ਮੁੱਖੀ ਨੂੰ ਕਿ ਮਜਬੂਰੀ ਸੀ ਕਿ ਉਹ ਤਬੰਾਕੂ ਤੋਂ ਵੈਟ ਘੱਟ ਕਰੇ। ਸਗੋ ਪੰਜਾਬ ਵਿੱਚ ਨਸਿਆਂ ਨੂੰ ਨਕੇਲ ਪਾਉਣ ਲਈ  ਇਸ ਨੁੰ ਜਿੱਥੇ ਹੋਰ ਮਹਿੰਗਾ ਕਰਨਾ ਚਾਹੀਦਾ ਸੀ ਉਥੇ ਹੀ ਤਬਾਕੂ ਰੋਧੀ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨ ਲਈ ਹੁਕਮ ਚਾੜੇ ਹੁੰਦੇ ਤਾਂ ਪੰਥਕ ਹਲਕਿਆਂ ਵਿੱਚ ਵੀ ਖੁਸ਼ੀ ਦੀ ਲਹਿਰ ਦੌੜ ਜਾਂਦੀ ਅਤੇ ਸਰਕਾਰ ਦੀ ਵੀ ਵਾਹ-ਵਾਹ ਹੋ ਜਾਂਦੀ। ਚਲੋ…..! ਖੈਰ……..! ਤੁਸੀ ਤਾਂ ਆਪ ਬੜੇ ਸਿਆਣੇ ਹੋ। ਜੋ ਫੈਸਲਾ ਲਿਆ ਹੈ ਸੋਚ ਸਮਝ ਕੇ ਹੀ ਲਿਆ ਹੋਵੇਗਾ। ਸਾਡਾ ਕੀ ਹੈ ਮੇਰੇ ਵਰਗੇ ਤਾਂ ਐਵੇ ਲਿਖਣ ਬੈਠ ਜਾਂਦੇ ਹਨ। ਵੈਸੇ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਸਾਈਦ ਆਪ ਜੀ ਨੂੰ ਚੰਗੀ ਵੀ ਨਾ ਲੱਗੇ ਜਾਂ ਫਿਰ ਹੋਰ ਥੋੜੀ ਜਹੀ ਦਲੇਰੀ ਵਿਖਾ ਕੇ ਉਸ ਨੂੰ ਅਸਲੀ ਰੂਪ ਵੀ ਦੇ ਸਕਦੇ ਹੋ। ਮੇਰਾ ਖਿਆਲ ਹੈ ਕਿ ਆਪ ਜੀ ਦੀ ਪੰਜਾਬ ਸਰਕਾਰ ਨੂੰ ਕਹਿਣ ਦਾ ਭਾਵ ਪੰਥਕ ਸਰਾਕਰ ਨੂੰ ਇਹ ਯਕੀਨੀ ਬਣਾਉਣਾ ਚਾਹਿੰਦਾ ਹੈ ਕਿ ਵੈਟ ਤਾਂ ਤੰਬਾਕੂ ਤੇ ਘੱਟ ਹੋ ਹੀ ਗਿਆ ਹੈ। ਹੁਣ ਤਬਾਕੂ ਦੀ ਹੋਮ ਡਲੀਵਰੀ ਨੂੰ ਵੀ ਯਕੀਨੀ ਬਣਾਇਆ ਜਾਵੇ। ਜਦੋਂ ਟਿਉਬੈਲਾ ਦੇ ਕੁਨੈਕਸਨ ਆਪ ਜੀ ਨੇ ਜਥੇਦਾਰਾਂ, ਵਿਧਾਈਕਾਂ ਅਤੇ ਹਲਕਾ ਇੰਚਾਰਜ ਦੇ ਹੱਥ ਵਿੱਚ ਦੇ ਦਿੱਤੇ ਹਨ ਤਾਂ ਤਬੰਾਕੂ ਨੂੰ ਵੀ ਇਸੇ ਤਰਾਂ ਜਥੇਦਾਰਾਂ ਦੀ ਦੇਖ ਰੇਖ ਵਿੱਚ ਹੋਮ ਡਲੀਵਰੀ ਦੀ ਸੇਵਾ ਕਿਉਂ ਨਾ ਸੋਪੀ ਜਾਵੇ। ਨਾਲੇ ਵਿਰੋਧੀ ਵੀ ਕਹਿਣਗੇ ਵਾਹ ਬਾਦਲ ਸਾਹਿਬ……..! ਹੁਣ ਸਹੀ ਰਾਜ ਨਹੀ ਸੇਵਾ ਦਾ ਫਰਜ ਨਿਭਾਅ ਰਹੇ ਹੋਂ। ਵੈਸੇ ਬਾਦਲ ਸਾਹਿਬ ਜੀ ਇੱਕ ਗੱਲ ਹੋਰ, ਸਰਾਬ ਦੀ ਨੀਤੀ ਵੀ ਆਪ ਜੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਾਲੋਂ ਜਿਆਦਾ ਚੰਗੀ ਹੈ। ਕਿਉਂਕਿ ਉਹਨਾਂ ਨੇ ਸਰਾਬ ਦੇ ਠੇਕੇ ਪੰਜ ਕਿਲੋ ਮੀਟਰ ਤੱਕ  ਖੋਲਣ ਦੀ ਮੰਜੂਰੀ ਦਿੱਤੀ ਸੀ, ਆਪ ਜੀ ਦੀ ਸਰਕਾਰ ਨੇ ਇਹ ਦੂਰੀ ਹੋਰ ਵੀ ਘਟਾ ਦਿੱਤੀ, ਤੇ ਨਾਲੇ ਬੀਬੀਆਂ ਲਈ ਮਾਡਰਨ ਠੇਕੇ ਖੋਲਣਾ ਵੀ ਆਪ ਜੀ ਦੀ ਸਰਕਾਰ ਦੇ ਵਿਚਾਰ ਅਧੀਨ ਹੈ।  ਚਲੋ….!
ਤੰਬਾਕੂ ਦੇ ਨਾਲ ਹੀ ਸਰਾਬ ਦੀ ਹੋਮ ਡਲੀਵਰੀ ਵੀ ਨਾਲ ਹੀ ਕਰਨ ਦੇ ਪੁਖਤਾ ਪ੍ਰਬੰਧ ਕਰਵਾ ਦੇਵੋ। ਮੈਨੂੰ ਉਮੀਦ ਹੈ ਕਿ ਆਪ ਜੀ ਦੇ ਹਲਕਾ ਇੰਚਾਰਜ ਇਸ ਕਾਰਜ ਨੂੰ ਇਮਾਨਦਾਰੀ ਅਤੇ ਤਨ ਦੇਹੀ ਨਾਲ ਨਿਭਾਉਣਗੇ। ਵੈਸੇ ਬਾਦਲ ਸਾਹਿਬ ਜੀ ਮੈਨੂੰ ਤਾਂ ਪੰਥਕ ਸਰਕਾਰ ਤੋਂ ਇਹ ਉਮੀਦ ਸੀ ਕਿ ਪੰਜਾਬ ਸਰਕਾਰ ਵਿੱਚ ਤੰਬਾਕੂ ਰੋਧੀ ਕਾਨੂੰਨ ਦੇ ਮਾਮਲੇ ਵਿੱਚ ਘੱਟ ਚਲਾਣ ਕੱਟਣ ਵਾਲੇ ਜਿਲ੍ਹੇ ਦੇ ਡੀ. ਸੀ. ਸਾਹਿਬ ਨੂੰ ਤਲਬ ਕਰੇਗੀ। ਪਰ ਪੰਜਾਬ ਸਰਕਾਰ ਨੇ ਅਜਿਹੇ ਕਾਨੂੰਨਾਂ ਦੇ ਉਲਟ ਜਾਂਦੇ ਹੋਏ ਤਬੰਾਕੂ ਤੇ ਵੈਟ ਘੱਟ ਕਰਨ ਨੂੰ ਜਿਆਦਾ ਤਰਜੀਹ ਦਿੱਤੀ।
ਜਿਸ ਦੀ ਪੰਥਕ ਸਰਕਾਰ ਤੋ ਮੈਂ ਤਾਂ ਕਦੇ ਉਮੀਦ ਹੀ ਨਹੀ ਸੀ ਕੀਤੀ। ਮੈਂ ਤਾਂ ਪੰਜਾਬ ਸਰਕਾਰ ਤੋ ਇਹ ਉਮੀਦ ਲਾਈ ਬੈਠਾ ਸੀ ਕਿ ਪੰਜਾਬ ਸਰਕਾਰ ਵਿਧਾਨ ਸਭਾ ਦੇ ਚੋਣ ਮੈਨਫੇਸਟੋ ਵਿੱਚ ਕੀਤੇ ਸਾਬਕਾ ਫੌਜੀਆਂ ਨਾਲ ਵਾਅਦੇ ਪੂਰੇ ਕਰਕੇ ਫੌਜੀਆਂ ਦੇ ਮਾਣਸਨਿਮਾਨ ਨੁੰ ਬਹਾਲ ਕਰਵਾਉਦੇ ਹੋਏ ਫੌਜੀਆਂ ਦਾ ਟੌਲ ਟੈਕਸ ਮੁਆਫ ਕਰੇਗੀ ਅਤੇ ਠੇਕੇ ਤੇ ਰੱਖੇ ਸਕਿਉਰਟੀ ਗਾਰਡ ਨੂੰ ਲੇਬਰ ਦੀ ਸ੍ਰੇਣੀ ਵਿਚੋ ਕੱਢ ਕੇ ਸਕਿਲਡ ਦੀ ਸ੍ਰੇਣੀ ਵਿੱਚ ਲੈ ਕੇ ਆਵੇਗੀ। ਹੋਰ ਵੀ ਕਈ ਵਾਅਦੇ ਹਨ ਜੋ ਪੰਜਾਬ ਸਰਕਾਰ ਨੇ ਸਾਬਕਾ ਫੋਜੀਆਂ ਦੇ ਪੂਰੇ ਕਰਨੇ ਹਨ। ਉਧੱਰ ਕੇਂਦਰ ਸਰਕਾਰ ਨੇ ਇਕ ਵਾਰ ਫੌਜੀਆਂ ਦੀ ਇੱਕ ਰੈਂਕ ਇੱਕ ਪੈਨਸ਼ਨ ਪੂਰੀ ਕਰਨ ਦਾ ਐਲਾਨ ਕਰਕੇ ਇੱਕ ਵਾਰ ਫਿਰ ਸੋਸਾ ਛੱਡ ਕੇ ਸਾਬਕਾ ਫੋਜੀਆਂ ਨੂੰ ਆਪਣੇ ਹੱਕ ਵਿੱਚ ਕਰਨ ਅਤੇ ਰਾਹੁਲ ਨੂੰ ਹਿਰੋ ਬਣਾਉਣ ਦੀ ਚਾਲ ਦਾ ਪੱਤਾ ਖੇਡਿਆ ਹੈ। ਇਸ ਲਈ ਪੰਜਾਬ ਵਿੱਚ ਸ੍ਰੋ: ਅਕਾਲੀ ਦਲ ਦਾ ਸਾਬਕਾ ਸੈਨਿਕ ਵਿੰਗ ਇਸ ਲਈ ਪ੍ਰੇਸ਼ਾਨੀ ਵਿੱਚ ਹੈ ਕਿ ਬਾਦਲ ਸਾਹਿਬ ਨੇ ਸਾਬਕਾ ਫੌਜੀਆਂ ਨਾਲ ਕੀਤੇ ਵਾਅਦੇ ਪੂਰੇ ਨਹੀ ਕੀਤੇ। ਸਾਬਕਾ ਸੈਨਿਕ ਵਿੰਗ ਦੇ ਅਹੁਦੇਦਾਰ ਮੇਰੇ ਚੰਗੇ ਮਿੱਤਰ ਹਨ। ਜਦੋ ਮੈਂ ਉਹਨਾ ਨੂੰ ਕਹਿੰਦਾ ਹਾਂ ਕਿ ਗੱਲਾਂ ਅਤੇ ਜੰਗੀ ਯਾਦਗਰਾਂ ਬਣਾਉਣ ਨਾਲ ਹੀ ਫੌਜੀਆਂ ਦੇ ਪੱਲੇ ਕੁੱਝ ਨਹੀ ਪੈਣ ਵਾਲਾ ਇਸ ਲਈ ਤੁਸੀ ਵਿਧਾਨ ਸਭਾ ਦੇ ਚੌਣ ਮੈਨੀਫੈਸਟੋ ਤੇ ਅਮਲ ਕਰਦੇ ਹੋਏ ਉਸਨੂੰ ਲਾਗੂ ਕਰਵਾੳ।
ਅਗੋਂ ਉਹਨਾ ਦਾ ਕਹਿਣਾ ਹੁੰਦਾ ਹੈ ਕਿ ਬਾਦਲ ਸਾਹਬ ਸਾਡੀ ਸੁਣਦੇ ਹੀ ਨਹੀ। ਇਧਰ ਸੇਵਾ ਪੰਜਾਬ ਦੇ ਪ੍ਰਧਾਨ ਕਰਨਲ ਕੁਲਦੀਪ ਸਿੰਘ ਗਰੇਵਾਲ ਦਾ ਸਪਸਟ ਕਹਿਣਾ ਹੈ ਕਿ ਜੇ ਕਰ ਪੰਜਾਬ ਸਰਕਾਰ ਸਾਡੀਆਂ ਸਾਰੀਆਂ ਮੰਗਾ ਮੰਨ ਕੇ ਨੋਟੀ ਫਿਕੇਸਨ ਜਾਰੀ ਕਰ ਦਿੰਦੀ ਹੈ ਤਾਂ ਸਾਡੀ ਜੱਥੇ ਬੰਦੀ ਅਕਾਲੀ ਦਲ ਦਾ ਸਮਰਥਨ ਹੀ ਨਹੀ ਕਰੇਗੀ ਸਗੋ ਸਾਰੀ ਜਥੇਬਦੀ ਨੂੰ ਸਾਬਕਾ ਸੈਨਿਕ ਵਿੰਗ ਸ੍ਰੋ: ਅਕਾਲੀ ਦਲ ਵਿੱਚ ਮਰਜ ਹੋ ਸਕਦੀ ਹੈ।  ਵਰਨਾ ਅਸੀ ਆਪਣੇ ਸਟੈਂਡ ਤੇ ਰਹਿੰਦੇ ਹੋਏ ਫੌਜੀ ਹੱਕਾਂ ਲਈ ਸਾਡਾ ਸੰਘਰਸ਼ ਜਾਰੀ ਰੱਖਾਂਗੇ।
ਵੇਖਦੇ ਹਾਂ ਕਿ ਬਾਦਲ ਸਾਹਿਬ ਜੀ ਅਤੇ ਤੁਹਾਡੀ ਸਰਕਾਰ ਤੰਬਾਕੂ ਤੋਂ ਵੈਟ ਖਤਮ ਕਰਨ ਨੂੰ ਜਿਆਦਾ ਤਵੱਜੋ ਦਿੰਦੀ ਹੈ ਜਾਂ ਫਿਰ ਸਾਬਕਾ ਫੋਜੀਆਂ ਲਈ ਵੀ ਕੁੱਝ ਕਰਨ ਲਈ ਮਨੋ ਇੱਛਾ ਰੱਖਦੀ ਹੈ।

Send this to a friend