ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਸਮੈਕ ਦਾ ਧੰਦਾ ਜ਼ੋਰਾਂ ’ਤੇ

image ਸ੍ਰੀ ਅਨੰਦਪੁਰ ਸਾਹਿਬ, 3 ਮਾਰਚ (ਦਵਿੰਦਰਪਾਲ ਸਿੰਘ)-ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਜਿਸਨੂੰ ਨਸ਼ਿਆਂ ਨੇ ਘੁਣ ਵਾਂਗੂ ਖਾਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਦਾ ਸ਼ਿਕਾਰ ਹੋਈ ਇਸ ਪਵਿੱਤਰ ਨਗਰੀ ਵਿੱਚ ਵਸਦੇ ਅਨੇਕਾਂ ਨੌਜਵਾਨ ਸਮੈਕ ਵਰਗੇ ਭੈੜੇ ਨਸ਼ੇ ਦਾ ਸ਼ਿਕਾਰ ਹੋ ਗਏ ਹਨ। ਸ੍ਰੀ ਅਨੰਦਪੁਰ ਸਾਹਿਬ ਦੇ ਮੇਨ ਬਜ਼ਾਰ ਵਿੱਚ ਦਰਜਨਾਂ ਹੀ ਅਜਿਹੇ ਨੌਜਵਾਨ ਹਨ ਜਿਹੜੇ ਕਿ ਇਸ ਨਾਮੁਰਾਦ ਨਸ਼ੇ ਦੀ ਲਪੇਟ ਵਿੱਚ ਆ ਚੁੱਕੇ ਹਨ ਅਤੇ ਬਾਜ਼ਾਰ ਵਿੱਚ ਹੀ ਇਹ ਨਸ਼ਾ ਵੇਚਿਆ ਜਾਂਦਾ ਹੈ। ਪਰ ਅਫਸੋਸ ਪੁਲਿਸ ਵੱਲੋਂ ਕਾਰਗਰ ਕਦਮ ਨਹੀਂ ਚੁੱਕੇ ਜਾ ਰਹੇ, ਜਿਸ ਕਰਕੇ ਇਹ ਕਾਰੋਬਾਰ ਦਿਨ ਪ੍ਰਤੀ ਦਿਨ ਵਧੀ ਜਾ ਰਿਹਾ ਹੈ। ਹੁਣ ਇਸ ਇਲਾਕੇ ਦੇ ਕਈ ਨੌਜਵਾਨ ਨਸ਼ੇ ਛੁਡਾਉਣ ਲਈ ਨਸ਼ਾ ਛਡਾਊ ਕੇਂਦਰਾਂ ਵਿੱਚ ਜਾ

ਕੇ ਆਪਣਾ ਇਲਾਜ ਕਰਵਾ ਰਹੇ ਹਨ। ਇਸ ਸਾਰੇ ਵਰਤਾਰੇ ਵਿੱਚ ਜਿਥੇ ਬੱਚਿਆਂ ਦੇ ਮਾਂ-ਬਾਪ ਗਹਿਰੀ ਚਿੰਤਾ ਵਿੱਚ ਹਨ ਉਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਪਿੰ੍ਰ. ਸੁਰਿੰਦਰ ਸਿੰਘ ਤੇ ਸ਼ਹਿਰ ਦੀਆਂ ਹੋਰ ਕਈ ਜਥੇਬੰਦੀਆਂ ਵੀ ਹੰਭਲਾ ਮਾਰ ਰਹੀਆਂ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਨਸ਼ਿਆਂ ਦੇ ਖਾਤਮੇ ਲਈ ਸ਼ਹਿਰ ਦੇ ਕਈ ਨੌਜਵਾਨਾਂ ਦੇ ਖੂਨ ਦੇ ਸੈਂਪਲ ਭਰੇ ਗਏ ਸਨ ਤਾਂ ਕਿ ਪਤਾ ਲੱਗ ਸਕੇ ਕਿ ਇੱਥੇ ਕਿੰਨੇ ਕੁ ਨਸ਼ੇੜੀ ਹਨ। ਸੂਤਰ ਇਹ ਵੀ ਦਸਦੇ ਹਨ ਕਿ ਪੁਲਿਸ ਕੋਲ ਸ਼ਹਿਰ ਦੇ ਹੀ 150 ਦੇ ਲੱਗਭਗ ਨੌਜਵਾਨਾਂ ਦੀ ਲਿਸਟ ਹੈ ਜੋ ਸਮੈਕ ਵਰਗੇ ਮਾਰੁੂ ਨਸ਼ੇ ਕਰਨ ਦੇ ਆਦੀ ਹੋ ਗਏ ਹਨ। ਇਨ੍ਹਾਂ ਨਸ਼ੇੜੀਆਂ ਵਿੱਚ ਸਕੂਲਾਂ ਕਾਲਜਾਂ ਦੇ ਵਿਦਿਆਰਥੀ, ਵਿਹਲੇ ਬੇਰੁਜ਼ਗਾਰ ਨੌਜਵਾਨ ਤੇ ਅਮੀਰ ਘਰਾਂ ਦੇ ਕਾਕਿਆਂ ਦੀ ਬਹੁਤਾਤ ਹੈ। ਸੁੂਤਰਾਂ ਮੁਤਾਬਿਕ ਕਦੇ ਬੱਸਾਂ ਰਾਹੀਂ, ਰੇਲ ਗੱਡੀਆਂ, ਕਾਰਾਂ, ਮੋਟਰਸਾਈਕਲਾਂ ਰਾਹੀਂ ਇਹ ਕੰਮ  ਕਰਵਾਇਆ  ਜਾਂਦਾ ਹੈ। ਜਾਣਕਾਰ ਇਹ ਵੀ ਦਸਦੇ ਹਨ ਕਿ ਕਈ ਨੌਜਵਾਨ ਨਸ਼ਿਆਂ ਦੀ ਇਸ ਦਲਦਲ ਚੋਂ ਬਾਹਰ ਨਿਕਲਣਾ ਚਾਹੁੰਦੇ ਹਨ ਪਰ ਨਸ਼ਿਆਂ ਨੇ ਉਨ੍ਹਾਂ ਨੂੰ ਬਹੁਤ ਕਰਜਾਈ ਕਰ ਦਿਤਾ ਹੈ ਤੇ ਇਨ੍ਹਾਂ ਨਸ਼ਿਆਂ ਦੀ ਬਦੋਲਤ ਕਰਜਾਈ ਹੋਏ ਨੌਜਵਾਨ ਮਜਬੂਰੀ ਵਸ ਨਸ਼ੇ ਵੇਚਣ ਦੇ ਰਾਹ ਪੈ ਚੁੱਕੇ ਹਨ।  ਜਾਣਕਾਰੀ ਅਨੁਸਾਰ ਇਸ ਨਸ਼ਾ ਉਕਤ ਨਸ਼ੇੜੀਆਂ ਵੱਲੋਂ 2000 ਤੋਂ 3000 ਰੁਪਏ ਵਿੱਚ ਲੁਕਾ ਛਿੱਪੀ ਕਰਕੇ ਦੁਕਾਨਾਂ ਤੇ ਘਰਾਂ ਵਿੱਚੋਂ ਹੀ ਵੇਚਿਆ ਜਾਂਦਾ ਹੈ। ਸ਼ਹਿਰਵਾਸੀਆਂ ਦੀ ਜ਼ਿਲ੍ਹਾ ਰੂਪਨਗਰ ਦੇ ਐੱਸ.ਐੱਸ.ਪੀ. ਤੋਂ ਮੰਗ ਹੈ ਕਿ ਆਨੰਦਪੁਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਏ ਇਲਾਕੇ ਵਿੱਚ ਹੋ ਰਹੀ ਹੈਰੋਇਨ ਤੇ ਸਮੈਕ ਵਰਗੇ ਨਸ਼ਿਆਂ ਦੀ ਵਿਕਰੀ ਨੂੰ ਬੰਦ ਕਰਵਾ ਕੇ ਅਪਰਾਧੀਆਂ ਖਿਲਾਫ ਕਾਰਵਾਈ ਕੀਤੀ ਜਾਵੇ।

Send this to a friend