ਇਸਲਾਮਾਬਾਦ ਅਦਾਲਤ ’ਚ ਆਤਮਘਾਤੀ ਹਮਲੇ ਵਿੱਚ ਜੱਜ ਸਣੇ 11 ਹਲਾਕ

image ਇਸਲਾਮਾਬਾਦ, 3 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਇਸਲਾਮਾਬਾਦ ਦੇ ਇੱਕ ਕੋਰਟ ਵਿੱਚ ਸੋਮਵਾਰ ਨੂੰ ਹੋਏ ਆਤਮਘਾਤੀ ਹਮਲੇ ’ਚ ਇੱਕ ਜੱਜ ਸਮੇਤ ਗਿਆਰਾਂ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਦੋਂ ਕਿ 24 ਤੋਂ ਜ਼ਿਆਦਾ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਪੁਲਿਸ ਦੇ ਇੰਸਪੈਕਟਰ ਜਨਰਲ ਸਿਕੰਦਰ ਹਯਾਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋ ਆਤਮਘਾਤੀ ਹਮਲਾਵਰ ਕੋਰਟ ਰੂਮ ਵਿੱਚ ਵੜੇ। ਅੰਦਰ ਦਾਖਲ ਹੁੰਦੇ ਹੀ ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਕੀਤੀ ਤੇ ਇਸ ਤੋਂ ਬਾਅਦ ਆਪਣੇ ਆਪ ਨੂੰ ਉੱਡਾ ਲਿਆ। ਹਮਲੇ ਵਿੱਚ ਇੱਕ ਜੱਜ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਹਮਲੇ ਵਿੱਚ ਦੋ ਗਰਨੇਡਾਂ ਦਾ ਵੀ ਇਸਤੇਮਾਲ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ

ਫੈਲ ਗਈ ਤੇ ਪਾਕਿਸਤਾਨੀ ਰੇਂਜਰਾਂ ਨੇ ਆਸਪਾਸ ਦੇ ਇਲਾਕਿਆਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।ਮੌਤਾਂ ਦੀ ਗਿਣਤੀ ਦੀ ਪੁਸ਼ਟੀ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਪਾਕਿਸਤਾਨ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼ ਦੀ ਬੁਲਾਰਾ ਆਇਸ਼ਾ ਇਸਾਨੀ ਨੇ ਕੀਤੀ। ਇਸਾਨੀ ਅਨੁਸਾਰ ਇੰਸਟੀਟਿਊਟ ਵਿਖੇ 20 ਜ਼ਖਮੀਆਂ ਨੂੰ ਲਿਆਂਦਾ ਗਿਆ ਹੈ, ਜਿਨ੍ਹਾਂ ਵਿੱਚੋਂ ਅੱਧਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ਵਿੱਚ ਸੈਸ਼ਨਜ਼ ਜੱਜ ਸ਼ਾਮਿਲ ਹੈ। ਅਦਾਲਤ ਦੇ ਆਲੇ-ਦੁਆਲੇ ਦੀਆਂ ਸੜਕਾਂ ਸੀਲ ਕਰ ਦਿੱਤੀਆਂ ਗਈਆਂ ਹਨ। ਇਹ ਇਲਾਕਾ ਸ਼ਹਿਰ ਦੇ ਮਸ਼ਹੂਰ ਅਤੇ ਅਮੀਰ ਇਲਾਕਿਆਂ ਵਿੱਚੋਂ ਗਿਣਿਆਂ ਜਾਂਦਾ ਹੈ ਅਤੇ ਵਿਦੇਸ਼ੀਆਂ ਲਈ ਵੀ ਇੱਕ ਮਨਪਸੰਦ ਸਥਾਨ ਹੈ।
ਇਸ ਮੌਕੇ ਇੱਕ ਵਕੀਲ ਮੁਰਾਦ ਅਲੀਸ਼ਾਹ ਨੇ ਵਹਿਸ਼ੀਆਨਾ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਵੇਰੇ 9.00 ਵਜੇ ਦੇ ਕਰੀਬ 15 ਹਥਿਆਰਬੰਦ ਵਿਅਕਤੀ ਅਦਾਲਤ ਦੇ ਚੈਂਬਰ ਅੰਦਰ ਦਾਖਲ ਹੋਏ ਅਤੇ ਆਉਂਦਿਆਂ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਹਮਲਾਵਰਾਂ ਦੇ ਹੱਥਾਂ ਵਿੱਚ ਕਲਾਸ਼ਨੀਕੋਵ ਗੰਨਾਂ ਅਤੇ ਹੱਥਗੋਲੇ ਸਨ। ਉਨ੍ਹਾਂ ਨੇ ਸਲਵਾਰ ਕਮੀਜਾਂ ਪਹਿਨੀਆਂ ਹੋਈਆਂ ਸਨ ਅਤੇ ਲੰਬੀਆਂ ਦਾੜੀਆਂ ਅਤੇ ਲੰਬੇ ਵਾਲ ਰੱਖੇ ਹੋਏ ਸਨ।
ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਹੀ ਪਾਕਿਸਤਾਨ ਸਰਕਾਰ ਨੇ ਐਲਾਨ ਕੀਤਾ ਸੀ ਕਿ ਸ਼ੱਕੀ ਤਾਲੀਬਾਨਾ ਦੇ ਟਿਕਾਣਿਆਂ ’ਤੇ ਹਵਾਈ ਹਮਲੇ ਬੰਦ ਕੀਤੇ ਜਾ ਰਹੇ ਹਨ। ਸਰਕਾਰ ਨੇ ਪਿੱਛਲੇ ਮਹੀਨੇ ਤਹਿਰੀਕ-ਏ-ਤਾਲੀਬਾਨ ਨਾਲ ਸ਼ਾਂਤੀ ਵਾਰਤਾ ਸ਼ੁਰੂ ਕੀਤੀ ਸੀ ਪਰ ਇਹ ਗੱਲਬਾਤ ਉਸ ਵੇਲੇ ਟੁੱਟ ਗਈ ਸੀ ਜਦ ਖਾੜਕੂਆਂ ਨੇ 23 ਪਾਕਿਸਤਾਨੀ ਫੌਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਿਸ ਦੇ ਬਾਅਦ ਉੱਤਰ-ਪੱਛਮੀ ਕਬਾਇਲੀ ਇਲਾਕਿਆਂ ਵਿੱਚ ਹਵਾਈ ਹਮਲੇ ਕੀਤੇ  ਗਏ ਸਨ, ਜਿਨ੍ਹਾਂ ਵਿੱਚ 100 ਤੋਂ ਵੱਧ ਖਾੜਕੂ ਮਾਰੇ ਗਏ ਸਨ।

Send this to a friend