ਦਿਲੀ ਕਮੇਟੀ ਨੇ ਔਰੇਗਨ ਸੂਬੇ ਦੀ ਸੰਘੀ ਜੇਲ੍ਹ ’ਚ ਬੰਦ 52 ਭਾਰਤੀਆਂ ਦਾ ਮਾਮਲਾ ਚੁਕਿਆ
ਨਵੀਂ ਦਿਲੀ, 28 ਜੂਨ- ਸੰਯੁਕਤ ਰਾਸ਼ਟਰ ’ਚ ਅਮਰੀਕੀ ਸਫੀਰ ਨਿਕੀ ਹੇਲੀ ਨੇ ਅੱਜ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਗੁਰੂ ਮਹਾਰਾਜ ਜੀ ਦੇ ਚਰਨਾਂ ’ਚ ਅਕੀਦਾ ਭੇਟ ਕੀਤਾ।ਭਾਰਤ ਯਾਤਰਾ ’ਤੇ ਆਈ ਹੇਲੀ ਨੇ ਗੁਰਦੁਆਰਾ ਸਾਹਿਬ ’ਚ ਲੰਗਰ ਪਕਾਉਣ ਦੀ ਸੇਵਾ ਦੀ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਹਥੀ ਸੇਵਾ ਵੀ ਕੀਤੀ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕਤਰ ਮਨਜਿੰਦਰ ਸਿੰਘ ਸਿਰਸਾ ਨੇ ਹੇਲੀ ਅਤੇ ਭਾਰਤ ‘ਚ ਅਮਰੀਕੀ ਸਫੀਰ ਕੇਨੀਥ ਜੇਸ਼ਟਰ ਨੂੰ ਸਿਰਪਾਉ, ਸ਼ਾਲ, ਨਾਨਕਸ਼ਾਹੀ ਸਿਕਾ ਤੇ ਇਤਿਹਾਸਿਕ ਪੁਸਤਕਾਂ ਦਾ ਸੈਟ ਭੇਟ ਕਰਕੇ ਸਨਮਾਨਿਤ ਕੀਤਾ।ਕਮੇਟੀ ਪ੍ਰਬੰਧਕਾਂ ਨੇ ਅਮਰੀਕਾ ਦੀ ਔਰੇਗਨ ਸੂਬੇ ਦੀ ਸੰਘੀ ਜੇਲ੍ਹ ’ਚ ਬੰਦ 52 ਭਾਰਤੀਆਂ ਸਣੇ ਅਮਰੀਕੀ ਸਿਖਾਂ ਦੇ ਮਸਲਿਆਂ ਨੂੰ ਚੁਕਦੇ ਹੋਏ ਇਸ ਮਾਮਲੇ ’ਚ ਹੇਲੀ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਹੇਲੀ ਨੇ ਇਸ ਮਸਲੇ ‘ਚ ਜੇਸਟਰ ਨਾਲ ਮੁਲਾਕਾਤ ਕਰਨ ਦੀ ਕਮੇਟੀ ਪ੍ਰਬੰਧਕਾਂ ਨੂੰ ਸਲਾਹ ਦਿਤੀ ਹੈ। ਇਸ ਮੁਲਾਕਾਤ ਬਾਰੇ ਮੀਡੀਆ ਨੂੰ ਜਾਣਕਾਰੀ ਦੇਣ ਲਈ ਜੀ.ਕੇ. ਅਤੇ ਸਿਰਸਾ ਨੇ ਪਤਰਕਾਰਾਂ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸੰਬੋਧਿਤ ਕੀਤਾ।ਦਰਅਸਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਅਮਰੀਕਾ ‘ਚ ਅਵੈਧ ਤਰੀਕੇ ਨਾਲ ਵੀਜਾ ਪ੍ਰਾਪਤ ਕਰਨ ਲਈ ਆਉਣ ਵਾਲੇ ਦੂਜੇ ਦੇਸ਼ਾਂ ਦੇ ਨਾਗਰਿਕਾਂ ਖਿਲਾਫ਼ ਕਾਰਵਾਈ ਕਰਨ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਵੇਲੇ ਅਮਰੀਕਾ ਦੇ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (ਆਈ.ਸੀ.ਈ.) ਵਿਭਾਗ ਨੇ 16 ਦੇਸ਼ਾਂ ਦੇ 1600 ਵਿਦੇਸ਼ੀ ਲੋਕਾਂ ਨੂੰ ਅਮਰੀਕਾ ‘ਚ ਅਵੈਧ ਤਰੀਕੇ ਰਾਹੀਂ ਦਾਖਲ ਹੋਣ ਦੇ ਜੁਰਮ ‘ਚ ਜੇਲ੍ਹਾਂ ‘ਚ ਹਿਰਾਸਤ ‘ਚ ਰਖਿਆ ਹੋਇਆ ਹੈ। ਜਿਸ ‘ਚੋਂ 52 ਭਾਰਤੀਆਂ ਸਣੇ 123 ਲੋਕ ਔਰੇਗਨ ਸੂਬੇ ਦੀ ਜੇਲ੍ਹ ‘ਚ ਨਜ਼ਰਬੰਦ ਹਨ। 52 ਭਾਰਤੀਆਂ ਦੇ ਹਿਰਾਸਤ ‘ਚ ਹੋਣ ਦਾ ਖੁਲਾਸਾ ਬੀਤੇ ਦਿਨੀਂ ਡੈਮੋਕ੍ਰੇਟ ਸਾਂਸਦਾ ਦੇ ਦਲ ਨੇ ਔਰੇਗਨ ਦੇ ਇਕ ਹਿਰਾਸਤੀ ਕੇਂਦਰ ਦਾ ਦੌਰਾ ਕਰਨ ਉਪਰੰਤ ਕੀਤਾ ਸੀ। ਇਸ ਸਬੰਧੀ ਕਾਂਗਰਸਮੈਨ ਸੁਜ਼ੈਨ ਬੋਨਾਮਿਕ ਨੇ ਬਲਾਗ ਲਿਖ ਕੇ 52 ਭਾਰਤੀਆਂ ਦੇ ਤਰਸ਼ਯੋਗ ਹਾਲਾਤਾਂ ‘ਚ ਰਹਿਣ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਬੋਨਾਮਿਕ ਅਨੁਸਾਰ ਸਮੂਹ 52 ਭਾਰਤੀ ਸਿਖ ਅਤੇ ਇਸਾਈ ਧਰਮ ਨਾਲ ਸਬੰਧ ਰਖਣ ਵਾਲੇ ਹਨ।ਭਾਰਤ ‘ਚ ਘਟਗਿਣਤੀ ਕੌਮਾਂ ਨਾਲ ਹੁੰਦੇ ਭੇਦਭਾਵ ਦਾ ਹਵਾਲਾ ਦੇ ਕੇ ਉਕਤ ਭਾਰਤੀ ਅਮਰੀਕਾ ‘ਚ ਸਿਆਸੀ ਪਨਾਹ ਮੰਗ ਰਹੇ ਹਨ। ਇਹ ਭਾਰਤੀ ਲੋਕ ਇਥੇ ਧਾਰਮਿਕ ਆਜ਼ਾਦੀ ਪ੍ਰਾਪਤ ਕਰਨ ਦੀ ਸੋਚ ਲੈ ਕੇ ਆਏ ਸਨ ਪਰ ਟ੍ਰੰਪ ਸਰਕਾਰ ਨੇ ਇਨ੍ਹਾਂ ਨੂੰ ਛੋਟੇ ਪਿੰਜ਼ਰੇਨੁਮਾ ਸੇਲ ‘ਚ ਬੰਦ ਕਰ ਦਿਤਾ ਹੈ।ਖਾਸ ਕਰਕੇ 52 ਭਾਰਤੀਆਂ ਦੀ ਹਿਰਾਸਤ ਅਤੇ ਸਿਖ ਪਛਾਣ ਬਾਰੇ ਗਲਬਾਤ ਹੋਈ। ਹੇਲੀ ਨੇ ਇਸ ਸਬੰਧੀ ਜੇਸਟਰ ਨਾਲ ਗਲਬਾਤ ਕਰਨ ਲਈ ਕਿਹਾ। ਇਸ ਲਈ ਅਸੀਂ ਛੇਤੀ ਦਿਲੀ ਸਥਿਤ ਅਮਰੀਕੀ ਦੂਤਘਰ ਨਾਲ ਸੰਪਰਕ ਕਰਾਂਗੇ।ਸਿਰਸਾ ਨੇ ਕਿਹਾ ਕਿ ਇਨ੍ਹਾਂ ਨੂੰ ਭਾਰਤੀ ਦੂਤਘਰ ਨਾਲ ਸੰਪਰਕ ਕਰਨ ਦੀ ਛੋਟ ਦੇਣ ਦੇ ਨਾਲ ਹੀ ਆਪਣਾ ਪਖ ਰਖਣ ਲਈ ਕਾਨੂੰਨੀ ਮਦਦ ਟ੍ਰੰਪ ਪ੍ਰਸ਼ਾਸਨ ਨੂੰ ਦੇਣੀ ਚਾਹੀਦੀ ਹੈ। ਅਮਰੀਕਾ ‘ਚ ਗਲਤ ਪਛਾਣ ਕਰਕੇ ਸਿਖਾਂ ‘ਤੇ ਹੋ ਰਹੇ ਨਸਲੀ ਹਮਲੇ ਬਾਰੇ ਵੀ ਅਮਰੀਕੀ ਸਫੀਰ ਨਾਲ ਮੁਲਾਕਾਤ ਦੌਰਾਨ ਸਿਰਸਾ ਨੇ ਗਲਬਾਤ ਕਰਨ ਦੀ ਗਲ ਕਹੀ।



