ਸਿੱਖ ਸੰਘਰਸ਼ ਵਿੱਚ ਪਿੰਡ ਨਾਰੰਗਵਾਲ ਦਾ ਵੱਡਾ ਯੋਗਦਾਨ ਰਿਹਾ : ਸੰਤ ਦਾਦੂਵਾਲ

image ਰਾਏਕੋਟ, 1 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਪੰਥਕ ਸੇਵਾ ਲਹਿਰ ਦੇ ਮੁਖੀ ਅਤੇ ਉ¤ਘੇ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲਿਆਂ ਵੱਲੋਂ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਦੀ ਨਿਰੰਤਰ ਚੱਲ ਰਹੀ ਲੜੀ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨਾਰੰਗਵਾਲ ਵਿਖੇ ਤਿੰਨ ਰੋਜ਼ਾ ਗੁਰਮਤਿ ਚੇਤਨਾ ਸਮਾਗਮ ਸਜਾਏ ਗਏ, ਜਿਸ ਵਿੱਚ ਇਲਾਕੇ ਦੀਆਂ ਹਜ਼ਾਰਾਂ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ। ਭਾਈ ਭੁਪਿੰਦਰ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਨਾਰੰਗਵਾਲ ਵੱਲੋਂ ਪੂਰੇ ਨਗਰ ਅਤੇ ਨਗਰ ਦੇ ਵਿਦੇਸ਼ਾਂ ਵਿੱਚ ਰਹਿੰਦੇ ਗੁਰਮੁਖਾਂ ਦੇ ਸਹਿਯੋਗ ਨਾਲ ਬਹੁਤ ਸੁਚੱਜਾ ਪ੍ਰਬੰਧ ਕੀਤਾ ਗਿਆ। ਇਸ ਸਮੇਂ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਵੱਲੋਂ ਜੁੜੀਆਂ ਸਿੱਖ ਸੰਗਤਾਂ ਨੂੰ ਗੁਰਬਾਣੀ, ਇਤਿਹਾਸ, ਕਥਾ ਅਤੇ ਕੀਰਤਨ ਦੁਆਰਾ ਸੇਵਾ ਸਿਮਰਨ ਨਾਲ ਜੁੜਣ ਲਈ ਪ੍ਰੇਰਿਆ। ਬਾਬਾ ਲਹਿਣਾ ਜੀ ਅਤੇ ਬਾਬਾ ਅਮਰਦਾਸ ਜੀ ਵੱਲੋਂ ਗੁਰੂ ਬਣਨ ਤੋਂ ਪਹਿਲਾਂ ਕੀਤੀ ਅਣਥੱਕ ਸੇਵਾ ਦਾ ਜ਼ਿਕਰ ਕਰਦਿਆਂ ਸੇਵਾ ਲਈ ਪ੍ਰੇਰਿਆ।
ਨਾਰੰਗਵਾਲ ਪਿੰਡ ਦਾ ਜ਼ਿਕਰ ਕਰਦਿਆਂ ਸੰਤ ਦਾਦੂਵਾਲ ਜੀ ਨੇ ਕਿਹਾ ਕਿ ਇਸ ਨਗਰ ਨੂੰ ਪ੍ਰਸਿੱਧ ਸਿੱਖ ਹਸਤੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਮੁਖੀ ਅਖੰਡ ਕੀਰਤਨੀ ਜੱਥਾ ਦਾ ਜਨਮ ਨਗਰ ਹੋਣ ਦਾ ਮਾਣ ਹੈ। ਸਾਬਕਾ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਹੁ ਦੇ ਕਤਲ ਕੇਸ ਵਿੱਚ ਪਿਛਲੇ 18 ਸਾਲ ਤੋਂ ਬੁੜੈਲ ਜੇਲ੍ਹ ਵਿੱਚ ਬੰਦ ਭਾਈ ਲਖਵਿੰਦਰ ਸਿੰਘ ਲੱਖਾਂ ਦਾ ਵੀ ਇਹ ਜਨਮ ਨਗਰ ਹੈ। ਜਿਨ੍ਹਾਂ ਨੇ ਅੱਤ ਦਾ ਅੰਤ ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਭਾਈ ਰਣਧੀਰ ਸਿੰਘ ਜੀ ਵੱਲੋਂ ਚੜ੍ਹਦੀਕਲਾ ਵਿੱਚ ਪੰਥ ਲਈ ਕੱਟੀਆਂ ਜੇਲ੍ਹਾਂ ਅਤੇ ਭਾਈ ਲੱਖਾ ਦੀ ਕੀਤੀ ਕੁਰਬਾਨੀ ਦਾ ਵਿਸ਼ੇਸ਼ ਜ਼ਿਕਰ ਕੀਤਾ। ਇਸ ਸਮੇਂ ਹੋਏ ਅੰਮ੍ਰਿਤ ਸੰਚਾਰ ਵਿੱਚ ਬੇਅੰਤ ਪ੍ਰਾਣੀਆਂ ਨੇ ਅੰਮ੍ਰਿਤ ਛਕ ਕੇ ਗੁਰੂ ਲੜ ਲੱਗਣਾ ਕੀਤਾ।
ਪੰਜ ਪਿਆਰਿਆਂ ਵਿੱਚ ਭਾਈ ਨਿਰਮਲ ਸਿੰਘ ਲੰਙੇਆਣਾ ਦਮਦਮੀ ਟਕਸਾਲ ਨੇ ਜੱਥੇ ਦੀ ਸੇਵਾ ਕੀਤੀ। ਤਿੰਨ ਰੋਜ਼ਾ ਸਮਾਗਮਾਂ ਦੀ ਸਮਾਪਤੀ ਸਮੇਂ ਸੰਤ ਦਾਦੂਵਾਲ ਜੀ ਅਤੇ ਸਮੁੱਚੇ ਜੱਥੇ ਨੂੰ ਸਿਰਪਾਓ ਅਤੇ ਬਾਬਾ ਬੰਦਾ ਸਿੰਘ ਬਹਾਦੁਰ ਸਨਮਾਨ ਚਿੰਨ੍ਹ ਦੇ ਕੇ ਪ੍ਰਬੰਧਕਾਂ ਨੇ ਸਨਮਾਨਿਤ ਕੀਤਾ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਪੁੱਜੇ ਰੋਜ਼ਾਨਾ ਪਹਿਰੇਦਾਰ ਅਖ਼ਬਾਰ ਦੇ ਸੰਪਾਦਕ ਭਾਈ ਜਸਪਾਲ ਸਿੰਘ ਹੇਰਾਂ ਅਤੇ ਭਾਈ ਲੱਖਾ ਦੇ ਭੈਣ ਜੀ ਬੀਬੀ ਸੁਖਵਿੰਦਰ ਕੌਰ, ਜੀਜਾ ਜੀ ਭਾਈ ਜੰਗ ਸਿੰਘ ਨੂੰ ਭਾਈ ਰਣਧੀਰ ਸਿੰਘ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Send this to a friend