ਮੁੱਖ ਮੰਤਰੀ ਦੇ ਅਸਤੀਫੇ ਤੋਂ ਬਾਅਦ ਸੂਬੇ ’ਚ ਅਨਿਸ਼ਚਿਤਤਾ ਦੇ ਹਾਲਾਤ
ਸ਼੍ਰੀਨਗਰ/ਨਵੀਂ ਦਿੱਲੀ, 19 ਜੂਨ- ਭਾਰਤੀ ਜਨਤਾ ਪਾਰਟੀ ਨੇ ਮੰਗਲਵਾਰ ਨੂੰ ਅਚਾਨਕ ਜੰਮੂ-ਕਸ਼ਮੀਰ ਦੀ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਨਾਲ ਆਪਣਾ ਤਿੰਨ ਸਾਲ ਪੁਰਾਣਾ ਗੱਠਜੋੜ ਤੋੜ ਦਿੱਤਾ ਅਤੇ ਪੀਡੀਪੀ ਦੀ ਅਗਵਾਈ ਹੇਠਲੀ ਜੰਮੂ-ਕਸ਼ਮੀਰ ਸਰਕਾਰ ਤੋਂ ਸਮਰਥਨ ਵਾਪਿਸ ਲੈ ਲਿਆ। ਇਸ ਹਾਲਤ ਵਿੱਚ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਆਪਣੇ ਮੰਤਰੀ ਮੰਡਲ ਸਮੇਤ ਅਸਤੀਫਾ ਦੇਣਾ ਪਿਆ। ਪੀਡੀਪੀ ਭਾਜਪਾ ਦੇ ਇਸ ਫੈਸਲੇ ਤੋਂ ਹੈਰਾਨ ਹੈ। ਪੀਡੀਪੀ ਨਾਲ ਨਾਤਾ ਤੋੜਣ ਅਤੇ ਜੰਮੂ-ਕਸ਼ਮੀਰ ਦੀ ਸਰਕਾਰ ਨੂੰ ਡੇਗਣ ਸਬੰਧੀ ਫੈਸਲਾ ਭਾਜਪਾ ਦੀ ਨਵੀਂ ਦਿੱਲੀ ਵਿਖੇ ਸਵੇਰੇ ਹੋਈ ਬੈਠਕ ਵਿੱਚ ਲਿਆ ਗਿਆ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅਜ ਹੀ ਦਿੱਲੀ ’ਚ ਜੰਮੂ ਕਸ਼ਮੀਰ ਦੇ ਸਾਰੇ ਵੱਡੇ ਨੇਤਾਵਾਂ ਅਤੇ ਮੰਤਰੀਆਂ ਨੂੰ ਬੈਠਕ ਲਈ ਨਵੀਂ ਦਿੱਲੀ ਬੁਲਾਇਆ ਸੀ। ਇਸ ਬੈਠਕ ਦੌਰਾਨ ਭਾਰਤ ਸਰਕਾਰ ਦੇ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਨਾਲ ਵੀ ਸਲਾਹ ਮਸ਼ਵਰਾ ਕੀਤਾ ਗਿਆ। ਬੈਠਕ ਵਿੱਚ ਸਾਰੇ ਮੰਤਰੀਆਂ ਨੂੰ ਆਪਣੇ ਅਸਤੀਫੇ ਦੇਣ ਲਈ ਕਿਹਾ ਗਿਆ। ਬਾਅਦ ਵਿੱਚ ਭਾਜਪਾ ਦੀ ਤਰਫੋਂ ਸੂਬੇ ਦੇ ਰਾਜਪਾਲ ਸ੍ਰੀ ਐਨ.ਐਨ. ਵੋਹਰਾ ਨੂੰ ਪੀਡੀਪੀ ਤੋਂ ਸਮਰਥਨ ਵਾਪਸੀ ਦਾ ਪੱਤਰ ਭੇਜ ਦਿੱਤਾ ਗਿਆ। ਸਮਰਥਨ ਵਾਪਸੀ ਤੋਂ ਬਾਅਦ ਮਜਬੂਰੀ ਵਿੱਚ ਮਹਿਬੂਬਾ ਮੁਫਤੀ ਨੂੰ ਅਸਤੀਫਾ ਦੇਣਾ ਪਿਆ।
ਭਾਜਪਾ ਦੇ ਜਨਰਲ ਸਕੱਤਰ ਅਤੇ ਜੰਮੂ-ਕਸ਼ਮੀਰ ਦੇ ਇੰਚਾਰਜ ਸ੍ਰੀ ਰਾਮ ਮਾਧਵ ਨੇ ਕਿਹਾ ਕਿ ਅਸੀਂ ਗ੍ਰਹਿ ਮੰਤਰਾਲੇ, ਜੰਮੂ ਕਸ਼ਮੀਰ ਦੇ ਤਿੰਨ ਸਾਲ ਦੇ ਕੰਮਕਾਜ, ਸਾਰੇ ਏਜੰਸੀਆਂ ਨਾਲ ਸੁਲਾਹ ਕਰਕੇ ਫੈਸਲਾ ਕੀਤਾ ਹੈ, ਜਿਸ ਤੋਂ ਬਾਅਦ ਇਹ ਤੈਅ ਹੋਇਆ ਹੈ ਕਿ ਭਾਜਪਾ ਆਪਣਾ ਸਮਰਥਨ ਵਾਪਸ ਲੈ ਰਹੀ ਹੈ।ਰਾਮ ਮਾਧਵ ਨੇ ਕਿਹਾ ਹੈ ਕਿ ਤਿੰਨ ਸਾਲ ਪਹਿਲਾਂ ਜੋ ਜਨਅਦੇਸ਼ ਆਇਆ ਸੀ, ਉਸ ਸਮੇਂ ਅਜਿਹੇ ਹਾਲਾਤ ਸਨ ਜਿਸ ਕਾਰਨ ਸੀ ਜਿਸ ਕਾਰਨ ਇਹ ਗੱਠਜੋੜ ਕਾਰਨ ਹੋਇਆ ਸੀ ਪਰ ਜੋ ਹਾਲਾਤ ਬਣਦੇ ਜਾ ਰਹੇ ਸਨ, ਉਸ ਨੂੰ ਗਠਜੋੜ ’ਚ ਅੱਗੇ ਚਲਣਾ ਮੁਸ਼ਕਿਲ ਹੋ ਗਿਆ ਸੀ।



