12290 ਮੈਗਾਵਾਟ ਪ੍ਰਤੀਦਿਨ ਬਿਜਲੀ ਦੀ ਅਨੁਮਾਨਿਤ ਮੰਗ ਦੇ ਬਦਲੇ 13073 ਮੈਗਾਵਾਟ ਊਰਜਾ ਦਾ ਕੀਤਾ ਪ੍ਰਬੰਧ
ਚੰਡੀਗੜ੍ਹ, 19 ਜੂਨ- ਸੂਬੇ ਵਿਚ ਬਿਜਲੀ ਦੀ ਕਿਲਤ ਸਬੰਧੀ ਕਿਸਾਨਾਂ ਦੀਆਂ ਸ਼ੰਕਿਆਂ ਨੂੰ ਦੂਰ ਕਰਦੇ ਹੋਏ ਬਿਜਲੀ ਮੰਤਰੀ ਪੰਜਾਬ, ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਯਮਿਤ ਤੌਰ ‘ਤੇ ਬਿਜਲੀ ਦੀ ਸਪਲਾਈ ਕੀਤੀ ਜਾਵੇਗੀ। ਕਿਸਾਨਾਂ ਨੂੰ ਭਰੋਸਾ ਦਿਵਾਉਂਦਿਆਂ ਮੰਤਰੀ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੀਆਂ ਜ਼ਰੂਰਤਾਂ ਲਈ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਦਿਸ਼ਾ ਵਲ ਢੁਕਵੇਂ ਪ੍ਰਬੰਧ ਕੀਤੇ ਜਾ ਚੁਕੇ ਹਨ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਕਿਸਾਨਾਂ ਦੀਆਂ ਰੋਜਾਨਾ ਜਰੂਰਤਾਂ ਅਤੇ 8 ਘੰਟੇ ਨਿਰਵਿਘਨ ਊਰਜਾ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। 20 ਜੂਨ ਤੋਂ ਸੂਬੇ ਵਿਚ ਸ਼ੁਰੂ ਹੋਣ ਵਾਲੀ ਝੋਨੇ ਦੀ ਬਿਜਾਈ ਸਬੰਧੀ ਬਿਜਲੀ ਸਪਲਾਈ ਨੂੰ ਨਿਰਵਿਘਨ ਬਣਾਉਣ ਲਈ ਪਾਵਰ ਕਾਮ ਦੇ ਅਧਿਕਾਰੀਆਂ ਨਾਲ ਚੰਡੀਗੜ੍ਹ ਵਿਚ ਹੋਈ ਮੀਟਿੰਗ ਦੇ ਦੌਰਾਨ ਸ੍ਰੀ ਕਾਂਗੜ ਨੇ ਇਹ ਵਿਚਾਰ ਰਖੇ। ਮੀਟਿੰਗ ਵਿਚ ਪਹਿਲਾਂ ਉਹਨਾਂ ਪੀ.ਐਸ.ਈ.ਬੀ. ਇੰਜੀਨੀਅਰ ਐਸੋਸੀਏਸ਼ਨ, ਪੀ.ਐਸ.ਈ.ਬੀ. ਇੰਮਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਪ੍ਰਤੀਨਿਧੀਆਂ ਦੀਆਂ ਮੰਗਾਂ ਨੂੰ ਸੁਣੀਆਂ ਅਤੇ ਉਹਨਾਂ ਦੀ ਸਕਰਾਤਮਕ ਹਲ ਦੇ ਲਈ ਹਰ ਸੰਭਵ ਕੋਸ਼ਿਸ਼ ਦਾ ਭਰੋਸਾ ਵੀ ਦਵਾਇਆ। ਇਸ ਮੌਕੇ ਤੇ ਪਾਵਰ ਕਾਮ ਦੇ ਸੀ.ਐਮ.ਡੀ. ਸ੍ਰੀ ਬਲਦੇਵ ਸਿੰਘ ਸਰਾਂ, ਪ੍ਰਿੰਸੀਪਲ ਸਕਤਰ ਸ੍ਰੀ ਏ ਵੇਨੂੰ ਪ੍ਰਸਾਦ, ਪਾਵਰ ਕਾਮ ਦੇ ਡਾਇਰੈਕਟਰ ਪ੍ਰਸ਼ਾਸਨ ਸ਼੍ਰੀ ਆਰ. ਵੀ ਪਾਂਡਵ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਸ੍ਰੀ ਕਾਂਗੜ ਨੇ ਕਿਹਾ ਕਿ ਪੰਜਾਬ ਇਕ ਖੇਤੀਬਾੜੀ ਪ੍ਰਧਾਨ ਸੂਬਾ ਹੈ ਜਿਥੇ ਕਿ ਗਰਮੀ ਦੇ ਸਿਖਰਾਂ ਅਤੇ ਝੌਨੇ ਦੇ ਸੀਜ਼ਨ ਦੌਰਾਨ ਊਰਜਾ ਲੋਡ ਬਾਕੀ ਸਮੇਂ ਨਾਲੋਂ ਕਾਫੀ ਜਿਆਦਾ ਹੁੰਦਾ ਹੈ। ਪਿਛਲੇ ਸਾਲ ਜੁਲਾਈ ਮਹੀਨੇ ਵਿਚ 11705 ਮੈਗਾਵਾਟ ਦੀ ਸਭ ਤੋਂ ਵਧ ਊਰਜਾ ਮੰਗ ਦਰਜ ਕੀਤੀ ਗਈ ਸੀ ਜਿਸਨੂੰ ਪੂਰਾ ਕਰਨਾ ਇਕ ਚੁਣੌਤੀ ਸੀ, ਪਰ ਉਪਲਬਧ ਊਰਜਾ ਸੋਮਿਆਂ ਦੀ ਉਤਮ ਵਰਤੋਂ ਨਾਲ ਇਸ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ। ਸਾਲ 2018 ਵਿਚ ਵਧ ਤੋਂ ਵਧ 12290 ਮੈਗਾਵਾਟ ਪ੍ਰਤੀ ਦਿਨ ਊਰਜਾ ਮੰਗ ਦਾ ਅਨੁਮਾਨ ਲਗਾਇਆ ਗਿਆ ਹੈ। 20 ਜੂਨ ਤੋਂ ਸ਼ੁਰੂ ਹੋਣ ਵਾਲੇ ਝੋਨਾ ਬਿਜਾਈ ਸੀਜ਼ਨ ਲਈ ਊਰਜਾ ਮੰਗ ਦੇ ਵੇਰਵੇ ਦਿੰਦਿਆਂ ਸ੍ਰੀ ਕਾਂਗੜ ਨੇ ਕਿਹਾ ਕਿ ਇਸ ਸਾਲ ਊਰਜਾ ਦੀ ਮੰਗ ਨੂੰ ਪੂਰਾ ਕਰਨ ਲਈ ਕੇਂਦਰ ਤੋਂ 700 ਮੈਗਾਵਾਟ ਹਾਈਡਰੋ, 1510 ਮੈਗਾਵਾਟ ਥਰਮਲ ਤੇ 4567 ਮੈਗਾਵਾਟ ਦੀ ਮੰਗ ਸਮੇਤ ਤਲਵੰਡੀ ਸਾਬੋ, ਨਾਭਾ ਪਾਵਰ ਅਤੇ ਗੋਇੰਦਬਾਲ ਸਾਹਿਬ ਥਰਮਲ ਪਲਾਂਟਾਂ ਤੋਂ 3187 ਮੈਗਾਵਾਟ, ਪੇਡਾ/ਕੋ ਜਨਰੇਸ਼ਨ/ਬਾਈਓ ਮਾਸ ਤੋਂ 150 ਮੈਗਾਵਾਟ, 669 ਮੈਗਾਵਾਟ ਸੋਲਰ, 1990 ਮੈਗਾਵਾਟ ਬੈਕਿੰਗ ਵਿਵਸਥਾ ਅਤੇ ਹਿਮਾਚਲ ਤੋਂ 300 ਮੈਗਾਵਾਟ ਨਵਿਆਉਣਯੋਗ ਊਰਜਾ ਦਾ ਪ੍ਰਬੰਧ ਕੀਤਾ ਗਿਆ ਹੈ।ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਕਾਂਗੜ ਨੇ ਕਿਹਾ ਕਿ ਕੁਝ ਲੋਕ ਕਿਸਾਨਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਦੇ ਹੋਏ ਉਨ੍ਹਾਂ ਨੂੰ ਗੁੰਮਰਾਹ ਕਰ 16 ਘੰਟੇ ਬਿਜਲੀ ਮੰਗ ਰਹੇ ਹਨ।



