ਪੰਜਾਬ ’ਚ ਦੂਸਰੇ ਦਿਨ ਵੀ ਬਾਰਿਸ਼, ਕਸ਼ਮੀਰ ਵਾਦੀ ’ਚ ਬਰਫ਼ਬਾਰੀ

image ਚੰਡੀਗੜ੍ਹ/ਨਵੀਂ ਦਿੱਲੀ, 1 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਤੇ ਹਰਿਆਣਾ ਵਿਚ ਅੱਜ ਲਗਾਤਾਰ ਦੂਸਰੇ ਦਿਨ ਵੀ ਭਰਵੀਂ ਬਾਰਿਸ਼ ਹੋਈ। ਸਵੇਰੇ ਸ਼ੁਰੂ ਹੋਈ ਬਾਰਿਸ਼ ਸ਼ਾਮ ਤੱਕ ਜਾਰੀ ਰਹੀ। ਬਾਰਿਸ਼ ਕਾਰਨ ਜਗ੍ਹਾ-ਜਗ੍ਹਾ ਪਾਣੀ ਖੜ੍ਹਾ ਹੋ ਗਿਆ ਅਤੇ ਕਈ ਥਾਈਂ ਆਵਾਜਾਈ ਵੀ ਪ੍ਰਭਾਵਿਤ ਹੋਈ। ਚੰਡੀਗੜ੍ਹ ਵਿਚ ਅੱਜ 20 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸ ਤੋਂ ਇਲਾਵਾ ਦਿੱਲੀ, ਰਾਜਸਥਾਨ ਤੇ ਸ੍ਰੀਨਗਰ ਵਿਚ ਬਾਰਿਸ਼ ਹੋਣ ਦੀ ਸੂਚਨਾ ਮਿਲੀ ਹੈ। ਕਸ਼ਮੀਰ ਵਾਦੀ ਵਿਚ ਤਾਜ਼ਾ ਬਰਫ਼ਬਾਰੀ ਨੇ ਜਿਥੇ ਤਾਪਮਾਨ ਵਿਚ ਗਿਰਾਵਟ ਲਿਆ ਦਿੱਤੀ ਹੈ, ਉਥੇ ਸੈਲਾਨੀਆਂ ਇਸ ਬਰਫ਼ਬਾਰੀ ਦਾ ਖੂਬ ਆਨੰਦ ਵੀ ਮਾਣਿਆ।
ਇਸ ਦੌਰਾਨ ਅੱਜ ਤੋਂ ਸ਼ੁਰੂ ਹੋਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵ੍ਹੀ ਸ਼੍ਰੇਣੀ ਦੀ ਪ੍ਰੀਖਿਆ ਦੇਣ ਲਈ ਕਈ ਵਿਦਿਆਰਥੀਆਂ ਨੂੰ ਇਸ ਬਾਰਿਸ਼ ਵਿਚ ਔਕੜਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਭਰ ਵਿਚ ਲਗਪਗ ਸਾਢੇ ਤਿੰਨ ਲੱਖ ਵਿਦਿਆਰਥੀ ਬੋਰਡ ਦੀ ਪ੍ਰੀਖਿਆ ਦੇ ਰਹੇ ਹਨ।
ਇਸ ਤੋਂ ਪਹਿਲਾਂ ਕੱਲ੍ਹ ਵੀ ਪੰਜਾਬ, ਹਰਿਆਣਾ ਤੇ ਦਿੱਲੀ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਸੀ। ਉਧਰ ਲੁਧਿਆਣਾ ਵਿਚ ਅੱਜ ਗੜ੍ਹੇਮਾਰੀ ਦੀ ਸੂਚਨਾ ਮਿਲੀ ਹੈ। ਜਦੋਂ ਕਿ ਬੀਤੇ ਦਿਨ ਬਰਨਾਲਾ ਵਿਖੇ ਹੋਏ ਗੜ੍ਹੇਮਾਰੀ ਨੇ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਗੜ੍ਹੇ ਮਾਰੀ  ਨਾਲ ਧਨੌਲਾ ਦੇ ਹੰਢਿਆਇਆ, ਮੰਦਰ ਸ੍ਰੀ ਹਨੂੰਮਾਨ ਨਜਦੀਕ ਅਤੇ ਅਤਰ ਸਿੰਘ ਵਾਲਾ ਦੇ  ਆਸ-ਪਾਸ  ਕਰੀਬ 700 ਏਕੜ ਕਣਕ ਦੀ ਫਸਲ ਦੇ ਨਾਲ ਸਰੋਂ ਆਲੂ ਅਤੇ ਹਰਾ ਚਾਰਾ ਦੀ ਫਸਲਾਂ ਬਰਬਾਦ ਹੋ ਗਈਆਂ।
ਮੌਕੇ ’ਤੇ ਇਕੱਤਰ ਕੀਤੀ ਜਾਣਕਾਰ ਅਨੁਸਾਰ ਪੀੜਤ ਕਿਸ਼ਾਨ ਜਗਤਾਰ ਸਿੰਘ ਕਲੇਰ, ਗਗਨਜੀਤ ਸਿੰਘ ਕਲੇਰ, ਗੁਰਚਰਨ ਸਿੰਘ ਕਲੇਰ, ਅਵਤਾਰ ਸਿੰਘ ਠੰਡੂ, ਗੁਰਦੀਪ ਸਿੰਘ ਮਾਨ, ਗੁਮੀਤ ਸਿੰਘ ਮਾਨ, ਮੱਖਣ ਸਿੰਘ, ਸਰਪੰਚ ਦਰਸ਼ਨ ਸਿੰਘ, ਕਾਮਰੇਡ ਛੋਟਾ ਸਿੰਘ, ਗੁਰਮੇਲ ਸਿੰਘ, ਜੀਤ ਸਿੰਘ, ਨਛੱਤਰ ਸਿੰਘ, ਅਮਰੀਕ ਸਿੰਘ, ਜਰਨੈਲ ਸਿੰਘ ਤੇ ਲਖਵਿੰਦਰ ਸਿੰਘ ਨੇ ਬੜੇ ਦੁਖੀ ਮਨ ਨਾਲ ਪੱਤਰਕਾਰਾਂ ਨੂੰ ਦੱਸਿਆ ਕਿ ਇਨ੍ਹਾਂ ਗੜਿਆਂ ਕਾਰਨ ਸਾਡੀਆਂ ਆਲੂ, ਸਰੋਂ, ਹਰਾ ਚਾਰਾ ਅਤੇ ਕਣਕ ਆਦਿ ਦੀਆਂ ਫਸਲਾਂ 70 ਪ੍ਰਤੀਸਤ ਖਰਾਬ ਹੋ ਗਈਆਂ ਹਨ। ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਮੰਗ ਕੀਤੀ ਗਈ ਹੈ ਕਿ ਸਾਡੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਜੰਡਿਆਲਾ ਗੁਰੂ ਤੋਂ ਵਰਿੰਦਰ ਸਿੰਘ ਅਨੁਸਾਰ-ਪਿਛਲੇ ਦਿਨਾਂ ਤੋਂ ਕੜਕਦੀ ਧੁੱਪ ਦੇ ਕਾਰਨ ਲੋਕਾਂ ਵੱਲੋਂ ਗਰਮ ਕਪੜੇ, ਰਜਾਈਆਂ, ਕੰਬਲ ਆਦਿ ਸਾਮਾਨ ਸਾਂਭ-ਸੰਭਾਲ ਕਰਨਾ ਸ਼ੁਰੂ ਕਰ ਦਿੱਤਾ ਸੀ, ਪਰ ਅੱਜ ਸ਼ਾਮ 4.00 ਵਜੇ ਤੋਂ ਬਾਅਦ ਆਈ ਮੂਸਲਾਧਾਰ ਬਾਰਿਸ਼ ਅਤੇ ਭਾਰੀ ਗੜ੍ਹੇਬਾਰੀ ਨੇ ਮੌਸਮ ਵਿੱਚ ਫਿਰ ਤੋਂ ਤਬਦੀਲੀ ਲਿਆਉਂਦੇ ਹੋਏ ਇੱਕ ਵਾਰ ਫਿਰ ਲੋਕਾਂ ਨੂੰ ਗਰਮ ਕਪੜੇ, ਸਵੈਟਰ, ਜੈਕਟਾਂ ਆਦਿ ਪਾਉਣ ਨੂੰ ਮਜ਼ਬੂਰ ਕਰ ਦਿੱਤਾ। ਭਾਰੀ ਗੜਿਆਂ ਦੀ ਬਾਰਿਸ਼ ਵਿਚ ਬੱਚੇ ਵੀ ਬਾਰਿਸ਼ ਦਾ ਖੂਬ ਆਨੰਦ ਲੈ ਰਹੇ ਸਨ। ਅਜਿਹਾ ਕਿਸੇ-ਕਿਸੇ ਸਮੇਂ ਦੇਖਣ ਨੂੰ ਮਿਲਦਾ ਹੈ ਜਦ ਸਾਰੀਆਂ ਜਗ੍ਹਾ ’ਤੇ ਬਰਫ ਹੀ ਬਰਫ ਵਿਛੀ ਹੋਵੇ। ਜਿਸ ਕਿਸੇ ਨੇ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਨਾ ਦੇਖੀ ਹੋਵੇ ਉਹ ਵੀ ਅੱਜ ਠੰਡੇ ਪਹਾੜੀ ਇਲਾਕਿਆਂ ਦਾ ਆਨੰਦ ਜੰਡਿਆਲਾ ਗੁਰੂ ਹੀ ਲੈ ਰਿਹਾ ਸੀ। ਬੱਚਿਆਂ ਵੱਲੋਂ ਗੜ੍ਹਿਆ ਨੂੰ ਇੱਕਠੇ ਕਰਨ ਦੀ ਬਾਲਟੀਆਂ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਸੀ। ਬਰਫੀਲੇ ਮੀਂਹ ਨੇ ਸਭ ਦੇ ਚਿਹਰਿਆਂ ’ਤੇ ਰੌਣਕ ਲੈ ਆਂਦੀ, ਪਰ ਇਸ ਮੀਂਹ ਦੇ ਕਾਰਨ ਜੰਡਿਆਲਾ ਗੁਰੂ ਦੀਆਂ ਸੜਕਾਂ ਨੂੰ ਸ਼ਹਿਰ ਵਾਸੀ ਕੋਸ ਰਹੇ ਸਨ, ਜਿਸ ਕਰਕੇ ਆਵਾਜਾਈ ਵਿੱਚ ਕਾਫੀ ਮੁਸ਼ਕਿਲਾਂ ਆਈਆਂ ਕਿਉਂਕਿ ਸਾਰਾ ਸ਼ਹਿਰ ਹੀ ਸੀਵਰੇਜ਼ ਦੇ ਕੰਮਕਾਰ ਕਾਰਨ ਨਰਕ ਦਾ ਰੂਪ ਧਾਰਨ ਕਰ ਚੁੱਕਾ ਹੈ।

Send this to a friend