May 30, 2026 7:40 am

ਬਾਬਾ ਸ਼ੇਖ ਫਰੀਦ ਜੀ ਨੇ ਆਪਣੀ ਜਿੰਦਗੀ ’ਚ ਮੁਹਬਤ ਨੂੰ ਉਤਾਰਿਆ : ਆਈ.ਜੀ ਫਰੂਕੀ

ਫ਼ਰੀਦਕੋਟ, 10 ਜੂਨ (ਰਜਿੰਦਰ ਅਰੋੜਾ)-ਧਾਰਮਿਕ ਸਦਭਾਵਨਾ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਰਖਣ ਲਈ ਸਮੂਹ ਧਾਰਮਿਕ ਅਤੇ ਸਮਾਜ-ਸੇਵੀ ਸੰਸਥਾਵਾਂ ਫਰੀਦਕੋਟ ਵਲੋਂ ਪਿਛਲੇ 24 ਦਿਨਾਂ ਤੋਂ ਚਲ ਰਹੇ ਰੋਜ਼ਿਆਂ ਦੇ ਦਿਨ ਮੁਸਲਿਮ ਭਾਈਚਾਰੇ ਨੂੰ ਸਥਾਨਕ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਫ਼ਤਾਰ ਪਾਰਟੀ ਕੀਤੀ ਗਈ।
ਜਿਸ ਵਿਚ ਮੈਂਬਰ ਲੋਕ ਸਭਾ ਫਰੀਦਕੋਟ ਪ੍ਰੋ: ਸਾਧੂ ਸਿੰਘ,ਆਈ.ਜੀ ਬਠਿੰਡਾ ਰੇਂਜ ਜਨਾਬ ਐਮ.ਐਫ.ਫਰੂਕੀ ਆਈ.ਪੀ.ਐਸ, ਡਿਪਟੀ ਕਮਿਸ਼ਨਰ ਕਪੂਰਥਲਾ ਜਨਾਬ ਮੁਹੰਮਦ ਤਇਅਬ, ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਆਈ.ਪੀ.ਐਸ ਸਮੇਤ ਸਾਰੇ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ ਆਈ.ਜੀ ਐਮ.ਐਫ ਫਰੂਕੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੋਜ਼ੇ ਰਖਣ ਨਾਲ ਜਿਥੇ ਹੋਰ ਧਾਰਮਿਕ ਭਾਵਨਾਵਾਂ ਜੁੜੀਆਂ ਹਨ, ਉਥੇ ਹੀ ਮਨੁਖ ਨੂੰ ਖੁਦ ਵਲੋਂ ਪਰਮਾਤਮਾ ਸਾਹਮਣੇ ਅਰਪਿਤ ਕਰਨ ਦੀ ਵੀ ਮੁਖ ਧਾਰਨਾ ਹੈ। ਉਨਾ ਕਿਹਾ ਕਿ ਬਾਬਾ ਸ਼ੇਖ ਫਰੀਦ ਜੀ ਨੇ ਆਪਣੀ ਜਿੰਦਗੀ ਵਿਚ ਮੁਹਬਤ ਨੂੰ ਉਤਾਰਿਆ ਤੇ ਇਸ ਦੀ ਪ੍ਰੈਕਟਿਸ ਕੀਤੀ। ਜਿਸ ਦਾ ਫੈਲਾਅ ਬਹੁਤ ਜਰੂਰੀ ਹੈ। ਉਨਾ ਕਿਹਾ ਕਿ ਜਿਸ ਨੇ ਸਾਰੀ ਕਾਇਨਾਤ ਨੂੰ ਬਣਾਇਆ ਹੈ ਉਹ ਕਿਸੀ ਵੀ ਜੀਵ ‘ਚ ਫ਼ਰਕ ਨਹੀਂ ਕਰਦਾ ਇਸ ਲਈ ਧਰਤੀ ਤੇ ਰਹਿ ਰਹੇ ਸਭ ਜੀਵਾਂ ਨੂੰ ਪਿਆਰ ਕਰਨਾ ਚਾਹੀਦਾ ਹੈ। ਉਸ ਨੂੰ ਆਪਣੇ ਪਰਿਵਾਰ ਦਾ ਹਿਸਾ ਮੰਨ ਲਈਏ ਕਿਉਂਕਿ ਭੁਖੇ ਦਾ ਕੋਈ ਧਰਮ ਨਹੀਂ ਹੁੰਦਾ ਇਸ ਲਈ ਭੁਖੇ ਨੂੰ ਖਾਣਾ, ਪਿਆਸੇ ਨੂੰ ਪਾਣੀ ਅਤੇ ਜਰੂਰਤ ਮੁਤਾਬਿਕ ਗਰੀਬ ਦੀ ਮਦਦ ਕਰਨ ਨਾਲ ਮੁਹਬਤ ਦਾ ਆਗਾਜ਼ ਹੋ ਜਾਂਦਾ ਹੈ ਅਤੇ ਸਮਾਜ ਵਿਚੋਂ ਨਫ਼ਰਤ ਆਪਣੇ ਆਪ ਖ਼ਤਮ ਹੋ ਜਾਂਦੀ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਇਨਸਾਨ ਬਣ ਗਏ ਹਾਂ।ਇਸ ਮੌਕੇ ਮੁਸਲਿਮ ਭਾਈਚਾਰੇ ਵਲੋਂ ਨਮਾਜ਼ ਵੀ ਅਦਾ ਕੀਤੀ ਗਈ। ਹੋਰਨਾਂ ਤੋਂ ਇਲਾਵਾ ਇਸ ਸਮਾਗਮ ‘ਚ ਸ੍ਰੀ ਸੁਰਿੰਦਰ ਗੁਪਤਾ,ਪ੍ਰਧਾਨ ਸ੍ਰੀ ਬ੍ਰਾਹਮਣ ਸਭਾ ਰਾਕੇਸ਼ ਸ਼ਰਮਾਂ, ਮਹੀਪ ਸਿੰਘ ਸੇਖੋਂ, ਪ੍ਰੋ. ਦਲਬੀਰ ਸਿੰਘ, ਪ੍ਰੋ. ਬ੍ਰਹਮ ਜਗਦੀਸ਼, ਜਸਬੀਰ ਜਸੀ ਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।

Send this to a friend