ਪਟਿਆਲਾ, 27 ਫਤਹਿਗੜ੍ਹ (ਪੰਜਾਬ ਟਾਇਮਜ਼ ਬਿਊਰੋ)-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੱਜ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਪਟਿਆਲਾ ਵਿਖੇ ਅੰਤ੍ਰਿੰਗ ਕਮੇਟੀ ਦੀ ਬੈਠਕ ਹੋਈ ਜਿਸ ਵਿੱਚ ਸ਼੍ਰੋਮਣੀ ਕਮੇਟੀ, ਟਰੱਸਟਾਂ, ਅਮਲਾ ਸ਼ਾਖਾ, ਸੈਕਸ਼ਨ (85) ਅਤੇ ਸੈਕਸ਼ਨ (87) ਦੇ ਗੁਰਦੁਆਰਾ ਸਾਹਿਬਾਨ ਨਾਲ ਸਬੰਧਤ ਮਸਲਿਆਂ ਦਾ ਸਰਲੀਕਰਨ ਕੀਤਾ ਗਿਆ।ਉਪਰੰਤ ਜਥੇਦਾਰ ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਲੋਕ ਰਾਜਨੀਤਕ ਲਾਹਾ ਲੈਣ ਲਈ ਹਰਿਆਣਾ ਦੇ ਸਿੱਖਾਂ ਨੂੰ ਉਕਸਾ ਰਹੇ ਹਨ, ਵੱਖਰੀ ਹਰਿਆਣਾ ਕਮੇਟੀ ਦੀ ਮੰਗ ਕਰਨ ਵਾਲੇ ਸਿੱਖ ਵਿਰੋਧੀ ਅਨਸਰ ਘਟੀਆ ਰਾਜਨੀਤੀ ਦਾ ਪ੍ਰਗਟਾਵਾ ਕਰ ਰਹੇ ਹਨ। ਜਦੋਂ ਕਿ
ਹਰਿਆਣਾ ਦੇ ਸਿੱਖਾਂ ਨੂੰ ਪਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸਿੱਖਾਂ ਦੀ ਸਰਬ ਪ੍ਰਵਾਣਿਤ ਸੰਸਥਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਸਿੱਖਾਂ ਦੀ ਨੁਮਾਇੰਦਾ ਜਮਾਤ ਨਹੀਂ ਸਗੋਂ ਸਮੁੱਚੇ ਸਿੱਖ ਜਗਤ ਦੀ ਮਿੰਨੀ ਪਾਰਲੀਮੈਂਟ ਹੈ। ਉਨ੍ਹਾਂ ਕਿਹਾ ਕਿ ਮੈਂ ਦਾਵੇ ਨਾਲ ਕਹਿੰਦਾ ਹਾਂ ਕਿ ਜਿਹੜੀ ਪਾਰਟੀ ਵੱਖਰੀ ਗੁਰਦੁਆਰਾ ਕਮੇਟੀ ਬਨਾਉਣ ਦੀ ਮੰਗ ਕਰੇਗੀ, ਉਸ ਨੂੰ ਕੋਈ ਸਿੱਖ ਵੋਟ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਦੇ ਸਾਰੇ ਗੁਰਦੁਆਰੇ ਸਾਹਿਬਾਨ ਦੀ ਸੇਵਾ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਅਤੇ ਉਥੋਂ ਦੇ ਸਿੱਖਾਂ ਨਾਲ ਹਰ ਦੁੱਖ ਅਤੇ ਸੁੱਖ ਦੀ ਘੜੀ ’ਚ ਖੜੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਪਿੰਡ ਕੁੱਪੀਆ ਪਲਾਟਾਂ ਵਿੱਚ 100 ਦੇ ਕਰੀਬ ਜਮੀਨਾਂ ਤੋਂ ਬੇਦਖਲ ਕੀਤੇ ਗਏ ਪਰਿਵਾਰਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ 7 ਮਹੀਨਿਆਂ ਤੋਂ ਜਿਥੇ ਉਨ੍ਹਾਂ ਨੂੰ ਰਾਸ਼ਨ ਭੇਜ ਰਹੀ ਹੈ ਉਥੇ ਹੀ ਉਨ੍ਹਾਂ ਨੂੰ ਜਨਰੇਟਰ ਦਾ ਪ੍ਰਬੰਧ, ਪੀਣ ਵਾਲੇ ਪਾਣੀ ਅਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣੇ ਵਿੱਚ ਖੋਲ੍ਹਿਆ ਮੈਡੀਕਲ ਕਾਲਜ ਤੇ ਹਸਪਤਾਲ ਕੇਵਲ ਸਿੱਖਾਂ ਲਈ ਨਹੀਂ ਬਲਕਿ ਸਮੁੱਚੀ ਲੋਕਾਈ ਦੇ ਭਲੇ ਵਾਸਤੇ ਖੋਲ੍ਹਿਆ ਗਿਆ ਹੈ। ਉਥੇ ਹਰ ਜਾਤ, ਮਜਬ੍ਹ ਅਤੇ ਧਰਮ ਦਾ ਵਿਅਕਤੀ ਆਪਣਾ ਇਲਾਜ ਕਰਵਾ ਕੇ, ਤੰਦ ਰੁਸਤ ਹੋ ਕੇ ਆਪਣੇ ਘਰ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣੇ ਵਿੱਚ ਸ਼੍ਰੋਮਣੀ ਕਮੇਟੀ ਨੇ 10 ਤੋਂ ਵੱਧ ਵਿੱਦਿਅਕ ਅਦਾਰੇ ਖੋਲ੍ਹੇ ਹਨ। ਇਥੇ ਹੀ ਬਸ ਨਹੀਂ ਸਿੱਖਾਂ ਦੀ ਇਸ ਪ੍ਰਤੀਨਿਧ ਸੰਸਥਾ ਨੇ ਹਰਿਆਣੇ ਦੇ ਹੀ 100 ਤੋਂ ਵੱਧ ਬੇਰੁਜਗਾਰ ਸਿੱਖ ਨੌਜਵਾਨਾਂ ਨੂੰ ਨੌਕਰੀ ਤੇ ਰੱਖ ਕੇ ਰੋਜੀ-ਰੋਟੀ ਦੇ ਲਾਇਕ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਇਸ ਇਕੱਤਰਤਾ ਵਿੱਚ ਸੈਕਸਨ 85, 87, ਟ੍ਰਸਟ ਅਤੇ ਧਰਮ ਪ੍ਰਚਾਰ ਕਮੇਟੀ ਦੀਆਂ ਵਿਚਾਰੀਆਂ ਗਈਆਂ ਮੱਦਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਨਸ਼ਿਆ ਦੇ ਦਿਨੋਂ ਦਿਨ ਵਧ ਰਹੇ ਰੁਝਾਨ ਅਤੇ ਪਤਿਤਪੁਣੇ ਨੂੰ ਠੱਲ੍ਹ ਪਾਉਣ ਲਈ 26 ਫਰਵਰੀ ਨੂੰ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਮਤਿ ਚੇਤਨਾ ਮਾਰਚ ਅਰੰਭ ਕੀਤਾ ਗਿਆ ਹੈ। ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਪੰਜਾਬ ਦੇ ਹਰ ਸ਼ਹਿਰ, ਪਿੰਡ ਅਤੇ ਕਸਬਿਆਂ ਦੀਆਂ ਗਲੀਆਂ ਅਤੇ ਬਜਾਰਾਂ ਵਿੱਚ ਗੁਰਮਤਿ ਚੇਤਨਾ ਮਾਰਚ ਰਾਹੀਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਅਤੇ ਪਤਿਤਪੁਣੇ ਵਰਗੀਆਂ ਮਾੜੀਆਂ ਅਲਾਮਤਾਂ ਨੂੰ ਛੱਡ ਕੇ ਗੁਰੂ ਵਾਲੇ ਬਨਣ ਲਈ ਪ੍ਰੇਰਤ ਕਰਨਗੇ। ਉਨ੍ਹਾਂ ਕਿਹਾ ਕਿ ਇਤਿਹਾਸਕ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਗੋਇੰਦਵਾਲ ਵਿਖੇ ਗੁਰੂ ਸਾਹਿਬ ਦੇ ਸਮੇਂ ਦੀ ਪੁਰਾਤਨ ਪਾਲਕੀ ਸਾਹਿਬ ਦੀ ਮੁਰੰਮਤ ਆਦਿ ਕਰਵਾਉਣ ਲਈ ਸੇਵਾ ਬਾਬਾ ਗੁਰਦੇਵ ਸਿੰਘ ਘਨੂੰਪੁਰ, ਕੁੱਲੀ ਵਾਲਿਆ ਨੂੰ ਸੌਪੀ ਗਈ ਹੈ। ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂ ਨੰਗਲ ਅੰਮ੍ਰਿਤਸਰ ਵਿਖੇ ਗੋਬਰ ਗੈਸ ਪਲਾਟ ਲਗਾਉਣ ਦੀ ਕਾਰਸੇਵਾ ਬਾਬਾ ਅਜੈਬ ਸਿੰਘ ਮੱਖਣਵਿੰਡੀ ਕਰਨਗੇ। ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਨਾਢਾ ਸਾਹਿਬ ਪੰਚਕੂਲਾ ਹਰਿਆਣਾ ਵਿਖੇ ਸੁਰੱਖਿਆ ਨੂੰ ਮੁੱਖ ਰੱਖਦਿਆਂ 24 ਕੈਮਰੇ ਲਗਾਏ ਜਾਣਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਕੰਟਰੋਲ ਰੂਮ ਵਿੱਚ ਏ.ਸੀ. ਯੂਨਿਟ ਲਗਾਉਣ ਲਈ 4 ਲੱਖ 50 ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾਘਰ ਵਾਲੀ ਸਾਈਡ ਦੇ ਜੋੜੇਘਰ ਲਈ ਸਟੀਲ ਦੇ ਰੈਕ ਬਣਵਾਏ ਜਾਣਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਆਲੇ ਦੁਆਲੇ ਪ੍ਰਦੂਸ਼ਨ ਕੰਟਰੋਲ ਕਰਨ ਲਈ ਪ੍ਰਦੂਸ਼ਨ ਕੰਟਰੋਲ ਜੰਤਰ ਲਗਾਉਣ ਵਾਸਤੇ 37 ਲੱਖ 50 ਹਜਾਰ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੁਲਾਜ਼ਮਾਂ ਨੂੰ 6% ਮਹਿੰਗਾਈ ਭੱਤਾ ਗਿਆ ਹੈ, ਇਸ ਭੱਤੇ ਦੀ ਇੱਕ ਮਹੀਨੇ ਦੀ ਕਿਸਤ ਸਮੂਹ ਮੁਲਾਜਮ ਕੈਂਸਰ ਰਲੀਫ ਫੰਡ ਵਿੱਚ ਜਮਾਂ ਕਰਵਾਉਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਅਧੀਨ ਸਕੂਲਾਂ/ਕਾਲਜਾਂ ਦੇ ਬਹੁਤ ਸਾਰੇ ਪ੍ਰੋਜੈਕਟ ਜੋ ਫੰਡਾਂ ਦੀ ਘਾਟ ਹੋਣ ਕਰਕੇ ਪੈਡਿੰਗ ਪਏ ਨੂੰ ਮੁਕੰਮਲ ਕਰਨ ਲਈ 3 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਹਨ। ਕਬੱਡੀ ਖਿਡਾਰੀ ਸ.ਜਸਵਿੰਦਰ ਸਿੰਘ ਪਿੰਡ ਫਲੌਡ ਕਲਾਂ (ਸੰਗਰੂਰ) ਨੂੰ ਕਬੱਡੀ ਖੇਡਦੇ ਸਮੇਂ ਲੱਤ ਟੁੱਟ ਜਾਣ ਕਰਕੇ 25 ਹਜਾਰ ਰੁਪਏ ਮਾਲੀ ਸਹਾਇਤਾ ਦਿੱਤੀ ਗਈ ਹੈ।
ਇਕੱਤਰਤਾ ’ਚ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਕਰਨਾਲ, ਸ.ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ, ਅੰਤ੍ਰਿੰਗ ਮੈਂਬਰਾਨ ਸ: ਨਿਰਮੈਲ ਸਿੰਘ ਜੌਲਾਂ ਕਲਾਂ, ਸ: ਕਰਨੈਲ ਸਿੰਘ ਪੰਜੋਲੀ, ਸ. ਰਜਿੰਦਰ ਸਿੰਘ ਮਹਿਤਾ, ਸ. ਸੁਰਜੀਤ ਸਿੰਘ ਗੜ੍ਹੀ, ਸ. ਰਾਮਪਾਲ ਸਿੰਘ ਬਹਿਣੀਵਾਲ, ਸ.ਮੰਗਲ ਸਿੰਘ ਤੇ ਸ. ਭਜਨ ਸਿੰਘ ਸ਼ੇਰਗਿੱਲ ਸ਼ਾਮਲ ਹੋਏ।
ਇਸ ਮੌਕੇ ਸ.ਦਲਮੇਘ ਸਿੰਘ, ਸ.ਰੂਪ ਸਿੰਘ, ਸ.ਸਤਬੀਰ ਸਿੰਘ ਤੇ ਸ.ਮਨਜੀਤ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ. ਮਹਿੰਦਰ ਸਿੰਘ ਆਹਲੀ, ਸ.ਹਰਭਜਨ ਸਿੰਘ ਮਨਾਵਾਂ, ਸ.ਬਲਵਿੰਦਰ ਸਿੰਘ ਜੌੜਾਸਿੰਘਾ, ਸ. ਪ੍ਰਮਜੀਤ ਸਿੰਘ ਸਰੋਆ ਤੇ ਸ.ਕੇਵਲ ਸਿੰਘ ਐਡੀ:ਸਕੱਤਰ, ਸ.ਸੁਖਦੇਵ ਸਿੰਘ ਭੂਰਾਕੋਹਨਾ ਤੇ ਸ.ਜਗਜੀਤ ਸਿੰਘ ਮੀਤ ਸਕੱਤਰ, ਇੰਚਾਰਜ ਸ. ਪ੍ਰਮਦੀਪ ਸਿੰਘ, ਸ.ਸੁਖਬੀਰ ਸਿੰਘ ਤੇ ਸ.ਗੁਰਦਿਆਲ ਸਿੰਘ, ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਮੈਨਜਰ ਸ. ਜਗੀਰ ਸਿੰਘ, ਸ.ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ ਆਦਿ ਮੌਜੂਦ ਸਨ।