ਧਰਮਿੰਦਰ ਸਿੰਘ ਵੜ੍ਹੈਚ
ਸੰਪਰਕ : 97817-51690
ਪਿੰਡ ਤੇ ਡਾਕ:ਚੱਬਾ, ਤਰਨਤਾਰਨ ਰੋਡ, ਅੰਮ੍ਰਿਤਸਰ
ਦੇਸ਼ ਨੂੰ ਅਜ਼ਾਦ ਕਰਾਉਣ ਲਈ ਕਈਆਂ ਨੂੰ ਫਾਂਸੀ ਹੋਈ, ਕਈਆਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ, ਕਈਆਂ ਨੂੰ ਉਮਰ ਕੈਦ ਤੇ ਕਈ ਪੂਰੀ ਜ਼ਿੰਦਗੀ ਸੰਘਰਸ਼ ਕਰਦੇ ਰਹੇ। ਅਜ਼ਾਦੀ ਦੀ ਇਸ ਲੜਾਈ ਵਿੱਚ ਪੰਜਾਬੀਆਂ ਨੇ ਅੱਗੇ ਹੋ ਕੇ ਵੱਧ ਚੜ੍ਹ ਕੇ ਹਿੱਸਾ ਪਾਇਆਂ। ਆਖਿਰ ਜਾਲਮ ਤੇ ਜਾਬਰ ਅੰਗਰੇਜ਼ ਸਰਕਾਰ ਨੇ ਸੁਤੰਤਰਤਾ ਸੰਗਰਾਮੀਆਂ ਅੱਗੇ ਹਾਰ ਮੰਨੀ।ਸੁਤੰਤਰਤਾ ਸੰਗਰਾਮੀ ਸ੍ਰ. ਕਿਸ਼ਨ ਸਿੰਘ ਗੜ੍ਹਗੱਜ ਵੀ ਇਸੇ ਮਾਲਾ ਦਾ ਇੱਕ ਮੋਤੀ ਸੀ। ਕਿਸ਼ਨ ਸਿੰਘ ਗੜਗੱਜ ਦਾ ਜਨਮ 1891 ਵਿੱਚ ਪਿਤਾ ਸ੍ਰ. ਫਤਿਹ ਸਿੰਘ ਤੇ ਮਾਤਾ ਜੀਵੀ ਜੀ ਦੇ ਗ੍ਰਹਿ ਜਲੰਧਰ ਛਾਉਣੀ ਦੇ ਪਿੰਡ ਬੜਿੰਗ (ਵੜਿੰਗ) ਵਿੱਚ ਹੋਇਆ।
ਇੰਨ੍ਹਾਂ ਦੇ ਦਾਦਾ ਸ੍ਰ. ਗੰਡਾ ਸਿੰਘ ਲਾਹੌਰ ਦਰਬਾਰ ਦੇ ਇੱਕ ਉ¤ਚ ਅਧਿਕਾਰੀ ਦੇ ਅਹੁਦੇ ਤੇ ਰਹਿ ਚੁੱਕੇ ਸਨ। ਆਪ ਦੀ ਸ਼ਾਦੀ ਬੱਬਰ ਮਾਇਆ ਸਿੰਘ ਦੀ ਸਪੁੱਤਰੀ ਧਰਮ ਕੌਰ ਨਾਲ ਹੋਈ ਜੋ ਬਹੁਤ ਹੀ ਨੇਕ ਸੁਭਾਅ ਦੇ ਸਨ।ਜਿੰਨ੍ਹਾਂ ਨੇ ਅਜ਼ਾਦੀ ਦੇ ਇਸ ਘੋਲ ਵਿੱਚ ਆਪ ਦੀ ਬਹੁਤ ਮਦਦ ਕੀਤੀ।ਆਪ ਦੇ ਦੋ ਬੱਚੇ ਇੱਕ ਲੜਕੀ ਤੇ ਇੱਕ ਲੜਕਾ ਪੈਦਾ ਹੋਏ। ਆਪ ਨੂੰ ਪੜ੍ਹਨ ਲਿੱਖਣ ਦਾ ਬਹੁਤ ਸ਼ੌਕ ਸੀ। ਬਹੁਤ ਇਤਹਾਸ ਆਪ ਨੂੰ ਮੂੰਹ ਜ਼ੁਬਾਨੀ ਯਾਦ ਸੀ। ਆਪ ਨੇ 1905 ਤੋਂ 1920 ਤੱਕ ਫੌਜ ਵਿੱਚ ਹੌਲਦਾਰ ਮੇਜਰ ਦੀ ਨੌਕਰੀ ਵੀ ਕੀਤੀ। ਫੌਜ ਦੀ ਨੌਕਰੀ ਦੌਰਾਨ ਆਪ ਨੇ ਦੇਖਿਆ ਕਿ ਭਾਰਤੀਆਂ ਨਾਲ ਭੇਦ-ਭਾਵ ਕੀਤਾ ਜਾਂਦਾ ਹੈ, ਜੋ ਆਪ ਨੂੰ ਰਾਸ ਨਾ ਆਇਆ ਤੇ ਫੌਜ ਦੀ ਨੌਕਰੀ ਦੌਰਾਨ ਹੀ ਛਾਉਣੀ ਦੇ ਗੁਰਦੁਆਰਿਆ ਵਿੱਚ ਹੀ ਆਪ ਅੰਗਰੇਜ਼ ਸਰਕਾਰ ਵਿਰੁੱਧ ਭਾਸ਼ਣ ਦੇਣ ਲੱਗ ਪਏ ਸਨ।ਇੰਨ੍ਹੀਂ ਦਿਨੀਂ ਹੀ 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਦੁਖਾਂਤ ਵਾਪਰ ਗਿਆ। ਸ੍ਰ. ਕਿਸ਼ਨ ਸਿੰਘ ਫੌਜ ਵਿੱਚ
ਜੋਸ਼ੀਲੀਆਂ ਤਕਰੀਰਾਂ ਕਰਕੇ ਫੌਜੀਆਂ ਨੂੰ ਸੁਚੇਤ ਕਰਦੇ ਰਹੇ ਤੇ ਅੰਤ ਫੌਜ ਵਿੱਚੋਂ ਆਪ ਬਾਈ ਰੁਪੈ ਮਾਹਵਾਰੀ ਪੈਨਸ਼ਨ ਲੈ ਕੇ ਪਿੰਡ ਵਾਪਸ ਆ ਕੇ ਰਹਿਣ ਲੱਗ ਪਏ। ਪਿੰਡ ਆਉਣ ਤੋਂ ਬਾਅਦ 1921 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਬਣ ਗਏ। ਮਾਰਚ 1921 ਨੂੰ ਹੁਸ਼ਿਆਰਪੁਰ ਵਿੱਚ ਇੱਕ ਸਿੱਖ ਐਜੂਕੇਸ਼ਨਲ ਕਾਨਫਰੰਸ ਹੋਈ। ਇਸ ਕਾਨਫਰੰਸ ਵਿੱਚ ਨਨਕਾਣਾ ਸਾਹਬ ਦੇ ਖੂਨੀ ਸਾਕੇ ਦੇ ਜ਼ਿੰਮੇਵਾਰ ਮਿ. ਕਿੰਗ ਤੇ ਲਾਹੌਰ ਡਵੀਜ਼ਨ ਦੇ ਪੁਲਿਸ ਕਪਤਾਨ ਮਿ. ਬੌਰਿੰਗ, ਬੇਦੀ ਕਰਤਾਰ ਸਿੰਘ, ਮਹੰਤ ਬਸੰਤ ਦਾਸ ਮਾਣਕ, ਮਹੰਤ ਦੇਵਾ ਦਾਸ ਤੇ ਸ੍ਰ. ਸੁੰਦਰ ਸਿੰਘ ਮਜੀਠੀਆ ਨੂੰ ਜਾਨੋਂ ਮਾਰਨ ਦਾ ਪ੍ਰਸਤਾਵ ਪਾਸ ਕੀਤਾ ਗਿਆ। ਬੇਹੱਦ ਕੋਸ਼ਿਸ਼ਾਂ ਦੇ ਬਾਵਜੂਦ ਇਹ ਬੱਬਰ ਆਪਣੀ ਕੋਸ਼ਿਸ਼ ਵਿੱਚ ਕਾਮਯਾਬ ਨਾ ਹੋਏ ਤੇ ਕੁਝ ਆਗੂ ਮਈ 1921 ਨੂੰ ਗ੍ਰਿਫਤਾਰ ਕਰ ਲਏ ਗਏ।ਸੰਨ 1921 ਦੇ ਅੰਤਲੇ ਦਿਨਾਂ ਤੱਕ ਇੰਨ੍ਹਾਂ ਵੱਲੋਂ ਚਲਾਈ ‘ਚੱਕਰਵਰਤੀ ਲਹਿਰ’ ਪੂਰੇ ਜੋਬਨ ਤੇ ਸੀ।
ਇਸ ਲਹਿਰ ਨੇ ਪਿੰਡਾਂ- ਪਿੰਡਾਂ ਤੇ ਕਸਬਿਆਂ ਵਿੱਚ ਜਾ ਕੇ ਅੰਗਰੇਜ਼ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਚਾਰ ਕੀਤਾ। ਭਾਈ ਕਿਸ਼ਨ ਸਿੰਘ ਗੜ੍ਹਗਜ ਇਹ ਜਾਣਦੇ ਸਨ ਕਿ ਲੋਕਾਂ ਦਾ ਇਹ ਵਿਦਰੋਹ ਅੰਗਰੇਜ਼ ਹਕੂਮਤ ਨੂੰ ਖਤਮ ਕਰ ਦੇਵੇਗਾ। ਮਾਰਚ 1922 ਵਿੱਚ ਪਿੰਡ ਖੁਰਦਪੁਰ ਵਿੱਚ ਭਾਈ ਕਿਸ਼ਨ ਸਿੰਘ ਗੜ੍ਹਗੱਜ ਨੇ ਕਾਂਗਰਸੀਆਂ ਦੀ ਸਟੇਜ ਤੋਂ ਧੂੰਆਂਧਾਰ ਤਕਰੀਰਾਂ ਕੀਤੀਆਂ ਜੋ ਲੋਕਾਂ ਦੇ ਦਿਲਾਂ ਤੇ ਤੀਰ ਵਾਂਗ ਲੱਗੀਆਂ। 1922 ਵਿੱਚ ਹੀ ਕਿਸ਼ਨ ਸਿੰਘ ਦੀ ਰਹਿਨਮਈ ਹੇਠ ਆਨੰਦਪੁਰ ਸਾਹਿਬ ਦੇ ਕਈ ਗੁਰਦੁਆਰਿਆਂ ਤੋਂ ਮਹੰਤਾਂ ਨੂੰ ਭਜਾ ਕੇ ਕਬਜ਼ਾ ਕਰ ਲਿਆ ਗਿਆ। ਜੁਲਾਈ ਅਗਸਤ ਦੇ ਦਿਨਾਂ ਦੌਰਾਨ ਹੀ ਭਾਈ ਕਿਸ਼ਨ ਸਿੰਘ ਗੜ੍ਹਗੱਜ ਨੂੰ ਬੱਬਰ ਅਕਾਲੀ ਜਥੇ ਦੀ ਜਥੇਦਾਰੀ ਸੌਪੀਂ ਗਈ। ਮਾ. ਦਲੀਪ ਸਿੰਘ ਗੋਸਲ ਸਕੱਤਰ, ਕਰਮ ਸਿੰਘ ਝਿੰਗੜ ਤੇ ਬਾਬੂ ਸੰਤਾ ਸਿੰਘ ਖਜ਼ਾਨਚੀ ਸਨ। ਇਸ ਜਥੇ ਦਾ ਮਕਸਦ ਸੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜਨਾ ਤੇ ਵੱਧ ਤੋਂ ਵੱਧ ਹਥਿਆਰ ਇੱਕਠੇ ਕਰਨਾ। ਅਗਲੇ ਇੱਕ ਸਾਲ ਦੇ ਅਰਸੇ ਦੌਰਾਨ ਇਸ ਜਥੇ ਨੇ ਕਈ ਅਹਿਮ ਪ੍ਰਾਪਤੀਆਂ ਕੀਤੀਆਂ। ਕਈ ਜਾਲਮਾਂ ਨੂੰ ਜਹਨੁਮ ਪਹੁੰਚਾਇਆ। ਬੱਬਰਾਂ ਦੀ ਇਸ ਕਾਰਵਾਈ ਤੋਂ ਨਰਾਜ਼ ਅੰਜਰੇਜ਼ ਹਕੂਮਤ ਬੱਬਰਾਂ ਨੂੰ ਸਮੇਤ ਕਿਸ਼ਨ ਸਿੰਘ ਗੜ੍ਹਗੱਜ ਨੂੰ ਗ੍ਰਿਫਤਾਰ ਕਰਨ ਦੇ ਮਨਸੂਬੇ ਤਿਆਰ ਕਰਨ ਵਿੱਚ ਯਤਨਸ਼ੀਲ ਸੀ।ਅੰਗਰੇਜ਼ ਹਕੂਮਤ ਨੇ ਬੱਬਰਾਂ ਤੇ ਕੜੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋ ਗਿਆ।ਕਾਬਲ ਸਿੰਘ ਮੁਖਬਰ ਦੀ ਮੁਖਬਰੀ ਕਾਰਨ 26 ਫਰਵਰੀ 1923 ਨੂੰ ਪੁਲਿਸ ਕਪਤਾਨ ਐਚ. ਮੈਥੀਉ ਨੇ ਗ੍ਰਿਫਤਾਰੀ ਕੀਤੀ। 8 ਜੂਨ 1924 ਨੂੰ ਵਰਿਆਮ ਸਿੰਘ ਨੂੰ ਘੇਰਾ ਪਾ ਲਿਆ ਗਿਆ। ਉਸਨੇ ਸੁਪਰਡੈਂਟ ਡੀ. ਗੈਲ ਨੂੰ ਮਾਰ ਮੁਕਾਇਆ ਤੇ ਆਪ ਵੀ ਪੁਲਿਸ ਦੀਆ ਗੋਲੀਆਂ ਨਾਲ ਸ਼ਹੀਦ ਹੋ ਗਿਆ।
ਕੁੱਲ 91 ਬੱਬਰਾਂ ਤੇ ਮੁਕੱਦਮਾ ਚਲਾਇਆ ਗਿਆ। ਜਿੰਨ੍ਹਾਂ ਵਿੱਚੋਂ ਛੇ ਬੱਬਰਾਂ ਨੂੰ ਫਾਂਸੀ ਹੋਈ, ਉਹ ਸਨ ਸ੍ਰ. ਕਿਸ਼ਨ ਸਿੰਘ ਗੜ੍ਹਗੱਜ, ਧਰਮ ਸਿੰਘ ਹਯਾਤਪੁਰ, ਨੰਦ ਸਿੰਘ ਘੜਿਆਲ, ਬਾਬੂ ਸੰਤਾ ਸਿੰਘ ਛੋਟੀ ਹਰੀਉ, ਭਾਈ ਦਲੀਪ ਸਿੰਘ ਧਾਮੀਆਂ ਤੇ ਕਰਮ ਸਿੰਘ ਹਰੀਪੁਰ ਆਦਿ । ਇਹਨਾਂ ਛੇ ਮਹਾਨ ਯੋਧਿਆਂ ਨੂੰ 27 ਫਰਵਰੀ 1926 ਨੂੰ ਫਾਂਸੀ ਹੋਈ। ਜਿੰਨ੍ਹਾਂ ਨੇ ਆਪਾ ਕੁਰਬਾਨ ਕਰਕੇ ਭਾਰਤ ਮਾਂ ਦੇ ਗਲੋਂ ਗੁਲਾਮੀ ਦੀਆ ਜ਼ੰਜ਼ੀਰਾਂ ਲਾਹ ਸੁੱਟੀਆਂ। ਜਿੰਨ੍ਹਾਂ ਦੀ ਬਦੌਲਤ 15 ਅਗਸਤ 1947 ਨੂੰ ਦੇਸ਼ ਅਜ਼ਾਦ ਹੋ ਗਿਆ।