ਪਨਿਆੜ (ਗੁਰਦਾਸਪੁਰ), 26, ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਕੇਂਦਰ ਵਿੱਚ ਐਨ.ਡੀ.ਏ. ਦੀ ਸਰਕਾਰ ਬਣਾਉਣ ਕਿਉਂਕਿ ਭਾਰਤ ਨੂੰ ਦੁਨੀਆ ਅੰਦਰ ਮੁੜ ਸੋਨੇ ਦੀ ਚਿੜੀਆਂ ਬਣਾਉਣ ਲਈ ਸ਼੍ਰੀ ਨਰਿੰਦਰ ਮੋਦੀ ਵਰਗੇ ਨਿਰਣਾਇਕ ਪ੍ਰਧਾਨ ਮੰਤਰੀ ਦੀ ਦੇਸ਼ ਨੂੰ ਜ਼ਰੂਰਤ ਹੈ। ਮੁੱਖ ਮੰਤਰੀ ਨੇ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪਨਿਆੜ ਵਿਖੇ ਇੱਕ ਭਾਰੀ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਹਾ ਕਿ ਕਾਂਗਰਸ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਆਪਣੀ ਹਾਰ ਪਰਤੱਖ ਨਜ਼ਰ ਆ ਰਹੀ ਹੈ। ਜਿਸ ਕਾਰਨ ਉਹ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਐਲਾਨ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ
ਕਿ ਕੰਧ ’ਤੇ ਸਾਫ਼ ਲਿਖਿਆ ਹੈ ਕਿ ਸ਼੍ਰੀ ਮੋਦੀ ਦੇ ਹੱਕ ਵਿੱਚ ਸਾਰੇ ਦੇਸ਼ ਵਿੱਚ ਤਕੜੀ ਹਵਾ ਚਲਣ ਕਾਰਨ ਕਾਂਗਰਸ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਉਨ੍ਹਾਂ ਦਾ ਪੁੱਤਰ ਰਾਹੁਲ ਗਾਂਧੀ ਆਪਣੀਆਂ ਘਰੇਲੂ ਸੀਟਾਂ ’ਤੇ ਬੁਰੀ ਤਰ੍ਹਾਂ ਹਾਰਨਗੇ। ਉਨ੍ਹਾਂ ਕਿਹਾ ਕਿ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਹਾਰ ਦੇ ਨਾਲ ਕਾਂਗਰਸ ਦੇ ਵੱਡੇ ਨੇਤਾ ਵੀ ‘ਮੋਦੀ ਸੁਨਾਮੀ’ ਅਗੇ ਟਿਕ ਨਹੀਂ ਸਕਣਗੇ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਲੋਕ ਸਭਾ ਦੀ ਚੋਣ ਹੀ ਨਹੀਂ ਲੜਣਗੇ।
ਵਿਧਾਨ ਸਭਾ ਹਲਕੇ ਦੇ ਕੁਝ ਖੇਤਰ ਵਿੱਚ ਸੇਮ ਦੀ ਸਮੱਸਿਆ ਕਾਰਨ ਕਿਸਾਨਾਂ ਦੀ ਜੋ ਤਰਸਯੋਗ ਹਾਲਤ ਬਣੀ ਹੈ, ਉਸ ’ਤੇ ਚਿੰਤਾ ਪ੍ਰਗਟ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਸਮੱਸਿਆ ਨੂੰ ਪੱਕੇ ਤੌਰ ’ਤੇ ਹੱਲ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਸਰਕਾਰ ਵੱਲੋਂ ਉੱਚ ਅਧਿਕਾਰੀਆਂ ਦੀ ਟੀਮ ਭੇਜੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਇਸ ਔਖੀ ਘੜੀ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਕਰੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਦੇ ਗੰਦੇ ਪਾਣੀ ਦੇ ਨਿਕਾਸ ਲਈ ਇੱਕ ਮਹੀਨੇ ਦੇ ਅੰਦਰ ਅੰਦਰ ਪੰਜਾਬ ਸਰਕਾਰ ਵੱਲੋਂ ਇੱਕ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਇੱਕ ਪ੍ਰਮੁੱਖ ਯੋਜਨਾ ਜਲਦ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਵੱਡੀ ਸਮੱਸਿਆ ਪੂਰੇ ਸੂਬੇ ਦੀ ਹੈ ਅਤੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਗੰਭੀਰ ਹੈ। ਸ. ਬਾਦਲ ਨੇ ਇਸ ਮੌਕੇ ’ਤੇ ਵਿਧਾਨ ਸਭਾ ਹਲਕਾ ਦੀਨਾਨਗਰ ਦੀਆਂ 252 ਪੰਚਾਇਤਾਂ ਨੂੰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ 3 ਕਰੋੜ 81 ਲੱਖ ਰੁਪਏ ਦੇ ਚੈਂਕ ਵੰਡੇ ਅਤੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਨਵੇਂ ਵਿੱਤੀ ਸਾਲ ਦੌਰਾਨ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ ਵਿਕਾਸ ਗ੍ਰਾਂਟਾਂ ਦੇ ਖੁੱਲੇ ਗੱਫੇ ਦਿੱਤੇ ਜਾਣਗੇ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਨਵਾਂ ਬਣਿਆ ਤੀਸਰਾ ਫਰੰਟ ਰਾਜਨੀਤਿਕ ਪਾਰਟੀਆਂ ਦੀ ਖਿਚੜੀ ਹੈ, ਜਿਸ ਦਾ ਕੋਈ ਜਨ ਆਧਾਰ ਨਹੀਂ ਹੈ ਅਤੇ ਇਹ ਖਿਚੜੀ ਲੋਕਾਂ ਵੱਲੋਂ ਸ਼੍ਰੀ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੇ ਇਰਾਦੇ ਨੂੰ ਬਦਲਣ ਦੇ ਸਮਰੱਥ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਹਰ ਵਿਅਕਤੀ ਪਹਿਲਾਂ ਹੀ ਇਹ ਮੰਨ ਬਣਾ ਚੁੱਕਾ ਹੈ ਕਿ ਉਹ ਦੇਸ਼ ਦੀ ਵਾਗਡੋਰ ਸ਼੍ਰੀ ਮੋਦੀ ਦੇ ਹੱਥਾਂ ਵਿੱਚ ਦੇਣਾ ਚਾਹੁੰਦੇ ਹਨ।
ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਬਹੁਤੀਆਂ ਸੀਟਾਂ ਉੱਪਰ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕਾ ਹੈ ਅਤੇ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ। ਰਾਜ ਵਿੱਚ ਵਿੱਚ ਸ਼੍ਰੀ ਨਰਿੰਦਰ ਮੋਦੀ ਦੀ ਫਤਿਹ ਰੈਲੀ ਦੀ ਵੱਡੀ ਸਫ਼ਲਤਾਂ ਤੋਂ ਉਤਸ਼ਾਹਿਤ ਸ. ਬਾਦਲ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਚੋਣਾਂ ਤੋਂ ਪਹਿਲਾਂ ਹੋਰ ਰੈਲੀਆਂ ਨੂੰ ਵੀ ਸੂਬੇ ਅੰਦਰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਗੁਰਦਾਸਪੁਰ ਸ਼ਹਿਰ ਦੀ ਤੇਜਾਬ ਪੀੜ੍ਹਤ ਸ਼੍ਰੀਮਤੀ ਸੋਨੀਆ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਤੇਜਾਬ ਪ੍ਰਭਾਵਿਤ ਔਰਤ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕਰਨ ਦਾ ਭਰੋਸਾ ਦਿੱਤਾ ਅਤੇ ਪੀੜ੍ਹਤ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਸਿਵਲ ਸਰਜਨ ਗੁਰਦਾਸਪੁਰ ਨੂੰ ਹਦਾਇਤ ਕੀਤੀ ਕਿ ਉਹ ਪ੍ਰਭਾਵਿਤ ਔਰਤ ਦੇ ਪੀ.ਜੀ.ਆਈ. ਤੋਂ ਇਲਾਜ ਲਈ ਸਾਰੇ ਪ੍ਰਬੰਧ ਕਰਨਗੇ। ਉਨ੍ਹਾਂ ਕਿਹਾ ਕਿ ਤੇਜਾਬ ਪ੍ਰਭਾਵਿਤ ਔਰਤ ਨੂੰ ਸਰਕਾਰ ਵੱਲੋਂ ਬਣਦੀ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਜਾਵੇਗੀ। ਇਥੇ ਵਰਣਨਯੋਗ ਹੈ ਕਿ ਇਸ ਔਰਤ ਦੀਆਂ ਦੋਹਾਂ ਅੱਖਾਂ ਦੀ ਰੋਸ਼ਨੀ ਤੇਜਾਬ ਪੈਣ ਕਾਰਨ ਜਾ ਚੁੱਕੀ ਹੈ ਅਤੇ ਚਿਹਰਾ ਵੀ ਖਰਾਬ ਹੋ ਚੁੱਕਾ ਹੈ। ਪ੍ਰਭਾਵਿਤ ਔਰਤ ਨੇ ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਆਪਣਾ ਦੁੱਖ ਸੁਣਾਇਆ।
ਇਸ ਮੌਕੇ ਸ. ਸੁੱਚਾ ਸਿੰਘ ¦ਗਾਹ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੀ ਬਿਸ਼ੰਨ ਦਾਸ ਧੁੱਪੜ ਹਲਕਾ ਇੰਚਾਰਜ ਦੀਨਾਨਗਰ ਨੇ ਵੀ ਸੰਬੋਧਨ ਕੀਤਾ ਅਤੇ ਇਲਾਕੇ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਇਸ ਸੰਗਤ ਦਰਸ਼ਨ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਕੇ.ਜੇ.ਐਸ. ਚੀਮਾ, ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿਖਾ, ਐਸ.ਐਸ.ਪੀ. ਸੁਖਵੰਤ ਸਿੰਘ ਗਿੱਲ, ਐਸ.ਪੀ. ਜਗਜੀਤ ਸਿੰਘ ਸਰੋਆ, ਐਸ.ਡੀ.ਐਮ. ਟੀ.ਪੀ.ਐਸ. ਸੰਧੂ, ਜ਼ਿਲ੍ਹਾ ਪ੍ਰਧਾਨ ਭਾਜਪਾ ਰਾਮੇਸ਼ ਸ਼ਰਮਾ, ਪਰਮਵੀਰ ਸਿੰਘ ਲਾਡੀ, ਨਰਿੰਦਰ ਸਿੰਘ ਬਾੜਾ, ਮਨਜੀਤ ਸਿੰਘ ਡਾਲਾ ਸੀਨੀਅਰ ਅਕਾਲੀ ਨੇਤਾ, ਰਜਿੰਦਰ ਬਿੱਟਾ, ਪੁਸ਼ਪਿੰਦਰ ਕੌਰ ਮਜਬੂਰ, ਰਾਕੇਸ਼ ਜੋਤੀ, ਹਰਜੀਤ ਸਿੰਘ ਟਿੱਕਾ ਅਤੇ ਇਲਾਕੇ ਦੇ ਅਕਾਲੀ ਭਾਜਪਾ ਆਗੂ ਹਾਜ਼ਰ ਸਨ।