ਮੋਰਿੰਡਾ, 2 ਜੂਨ (ਹਰਜਿੰਦਰ ਸਿੰਘ ਛਿੱਬਰ)- ਪੰਜਾਬ ਦੀ ਕਾਂਗਰਸ ਸਰਕਾਰ ਰੱਬ ਆਸਰੇ ਹੀ ਚੱਲ ਰਹੀ ਹੈ। ਉਪਰੋਤਕ ਸ਼ਬਦਾਂ ਦਾ ਪ੍ਰਗਟਾਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਨੇ ਮੋਰਿੰਡਾ ਇਲਾਕੇ ਦੇ ਵੱਖ ਵੱਖ ਪਿੰਡਾਂ ’ਚ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਆਮ ਲੋਕਾਂ ਦੀ ਸੁਣਵਾਈ ਤਾਂ ਕੀ ਹੋਣੀ ਹੈ ਉਸਦੇ ਅਪਣੇ ਮੰਤਰੀਆਂ ਅਤੇ ਵਿਧਾਇਕਾਂ ਦੀ ਸੁਣਵਾਈ ਨਹੀ ਹੋ ਰਹੀ। ਪ੍ਰੋ. ਚੰਦੂਮਾਜਰਾ ਨੇ ਪੰਜਾਬ ਨੂੰ ਪੈਟਰੋਲ ਅਤੇ ਡੀਜ਼ਲ ’ਤੇ ਦੇਸ਼ ਦੇ ਬਾਕੀ ਰਾਜਾਂ ਨਾਲੋ ਵੱਧ ਟੈਕਸ ਇਕੱਠਾ ਕਰਨ ਵਾਲਾ ਸੂਬਾ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਪਣੀ ਐਕਸਾਈਜ਼ ਡਿਊਟੀ ਘਟਾਵੇ ਤਾਂ ਜੋ ਅਸਮਾਨੀ ਚੜ੍ਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕੁਝ ਕਮੀ ਆ ਸਕੇ। 1 ਜੂਨ ਤੋਂ 10 ਜੂਨ ਤੱਕ ਚੱਲ ਰਹੇ ਕਿਸਾਨ ਅੰਦੋਲਨ ਸਬੰਧੀ ਚੰਦੂਮਾਜਰਾ ਨੇ ਕਿਹਾ ਕਿ ਕਿਸਾਨ ਵਿਰੋਧੀ ਨੀਤੀਆਂ ਕਾਰਨ ਹੀ ਅੱਜ ਮਜਬੂਰ ਕਿਸਾਨ ਨੂੰ ਸੜ੍ਹਕਾਂ ’ਤੇ ਉਤਰਨਾ ਪਿਆ ਹੈ। ਪ੍ਰੋ.ਚੰਦੂਮਾਜਰਾ ਨੇ ਪਿੰਡ ਧਨੋਰੀ ਵਿਖੇ ਨਵੀ ਬਣਾਈ ਗਲੀ ਦਾ ਨੀਂਹ ਪੱਥਰ, ਪਿੰਡ ਸਹੇੜੀ ਵਿਖੇ ਬੱਸ ਸਟੈਂਡ ਅਤੇ ਪਿੰਡ ਰੰਗੀਆਂ ਵਿਖੇ ਸਮਸ਼ਾਨ ਘਾਟ ’ਤੇ ਨਵੇਂ ਸ਼ੈੱਡ ਪਾਉਣ ਦਾ ਉਦਘਾਟਨ ਕੀਤਾ। ਇਸ ਮੋਕੇ ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਜਿਲ੍ਹਾ ਪ੍ਰਧਾਨ ਸ੍ਰੋ.ਅ.ਦ ਰੂਪਨਗਰ, ਹਰਪ੍ਰੀਤ ਸਿੰਘ ਬਸੰਤ ਤੇ ਜਸਵੀਰ ਸਿੰਘ ਜੱਸੀ ਦੋਵੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੇਅਰਪਰਸਨ ਬੀਬੀ ਮਨਜੀਤ ਕੌਰ ਧਾਲੀਵਾਲ, ਬਲਾਕ ਸੰਮਤੀ ਰੂਪਨਗਰ ਦੇ ਚੇਅਰਮੇੈਨ ਨਰਿੰਦਰ ਸਿੰਘ ਮਾਵੀ, ਹਰਪਾਲ ਸਿੰਘ ਦਤਾਰਪੁਰ, ਪੰਥਕ ਕਵੀ ਬਲਬੀਰ ਸਿੰਘ ਬੱਲ, ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਛੋਟੂ, ਬਲਵਿੰਦਰ ਸਿੰਘ ਬਾਜਵਾ ਪ੍ਰਧਾਨ ਨਗਰ ਕੌਂਸਲ ਮੋਰਿੰਡਾ, ਦਵਿੰਦਰ ਸਿੰਘ ਮਝੈਲ ਪ੍ਰਧਾਨ ਯੂਥ ਅਕਾਲੀ ਦਲ, ਚੇਅਰਮੈਨ ਹਰਮਿੰਦਰ ਸਿੰਘ ਡਿੰਪੀ, ਹਰਚੰਦ ਸਿੰਘ ਡੂਮਛੇੜੀ, ਅਮਰਿੰਦਰ ਸਿੰਘ ਹੈਲੀ, ਪਰਗਟ ਸਿੰਘ ਰੋਲੂ ਮਾਜਰਾ, ਜੁਗਰਾਜ ਸਿੰਘ ਮਾਨਖੇੜੀ, ਸ਼ੂਗਰ ਮਿੱਲ ਮੋਰਿੰਡਾ ਦੇ ਚੇਅਰਮੈਨ ਅਰਵਿੰਦਰ ਸਿੰਘ ਰੰਗੀ, ਨੰਬਰਦਾਰ ਜਗਵਿੰਦਰ ਸਿੰਘ ਬੰਗੀਆਂ ਅਤੇ ਸਰਪੰਚ ਹਰਜੀਤ ਕੌਰ ਰੰਗੀਆਂ ਆਦਿ ਹਾਜ਼ਰ ਸਨ।
ਪੰਜਾਬ ਸਰਕਾਰ ਰੱਬ ਆਸਰੇ : ਪ੍ਰੋ. ਚੰਦੂਮਾਜਰਾ



